ਸੈਕਰੇਟਰੀ RTA ਬਲਜਿੰਦਰ ਢਿੱਲੋਂ ਨੇ ਦਫ਼ਤਰ ਦਾ ਕੀਤਾ ਅਚਨਚੇਤ ਨਿਰੀਖਣ, ਏਜੰਟਾਂ ’ਚ ਮਚੀ ਹਫ਼ੜਾ-ਤਫ਼ੜੀ
Sunday, Oct 01, 2023 - 11:28 AM (IST)

ਜਲੰਧਰ (ਚੋਪੜਾ)–ਸੈਕਰੇਟਰੀ ਰਿਜਨਲ ਟਰਾਂਸਪੋਰਟ ਅਥਾਰਿਟੀ ਬਲਜਿੰਦਰ ਸਿੰਘ ਢਿੱਲੋਂ ਨੇ ਸ਼ਨੀਵਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਆਰ. ਟੀ. ਓ. ਦੇ ਵੱਖ-ਵੱਖ ਕਮਰਿਆਂ ਵਿਚ ਜਾ ਕੇ ਉਥੇ ਵੱਖ-ਵੱਖ ਕੰਮਾਂ ਨੂੰ ਲੈ ਕੇ ਆਏ ਬਿਨੈਕਾਰਾਂ ਨਾਲ ਗੱਲਬਾਤ ਕੀਤੀ। ਬਲਜਿੰਦਰ ਢਿੱਲੋਂ ਦੇ ਨਿਰੀਖਣ ਦੀ ਭਿਣਕ ਲੱਗਦੇ ਹੀ ਆਰ. ਟੀ. ਓ. ਵਿਚ ਸਰਗਰਮ ਪ੍ਰਾਈਵੇਟ ਏਜੰਟਾਂ ਵਿਚ ਹਫ਼ੜਾ-ਤਫ਼ੜੀ ਦਾ ਮਾਹੌਲ ਬਣ ਗਿਆ ਅਤੇ ਉਹ ਤੁਰੰਤ ਉਥੋਂ ਰਫੂਚੱਕਰ ਹੋ ਗਏ।
ਬਲਜਿੰਦਰ ਢਿੱਲੋਂ ਇਸ ਦੌਰਾਨ ਆਰ. ਟੀ. ਓ. ਵਿਚ ਬਣੀਆਂ ਚਲਾਨ ਖਿੜਕੀਆਂ ’ਤੇ ਵੀ ਗਏ ਅਤੇ ਟਰੈਫਿਕ ਚਲਾਨ ਭੁਗਤਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਵਿਭਾਗੀ ਕਰਮਚਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਟਰਾਂਸਪੋਰਟ ਵਿਭਾਗ ਵਿਚ ਪ੍ਰਾਈਵੇਟ ਕਰਿੰਦਿਆਂ ਦੀ ਐਂਟਰੀ ਪੂਰੀ ਤਰ੍ਹਾਂ ਬੰਦ ਕੀਤੀ ਜਾਵੇ ਅਤੇ ਜੋ ਕੋਈ ਵੀ ਕਰਮਚਾਰੀ ਇਨ੍ਹਾਂ ਠੱਗ ਏਜੰਟਾਂ ਨਾਲ ਮਿਲੀਭੁਗਤ ਕਰ ਕੇ ਕੰਮ ਕਰਦਾ ਪਾਇਆ ਗਿਆ, ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਬਲਜਿੰਦਰ ਢਿੱਲੋਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਸਰਕਾਰ ਨੇ ਟਰਾਂਸਪੋਰਟ ਵਿਭਾਗ ਦੇ ਜ਼ਿਆਦਾਤਰ ਕੰਮਾਂ ਨੂੰ ਆਨਲਾਈਨ ਕੀਤਾ ਹੋਇਆ ਹੈ। ਇਸ ਕਾਰਨ ਕਿਸੇ ਵੀ ਕੰਮ ਲਈ ਉਹ ਏਜੰਟਾਂ ਦੇ ਝਾਂਸੇ ਵਿਚ ਨਾ ਫਸਣ।
ਇਹ ਵੀ ਪੜ੍ਹੋ:ਜਲੰਧਰ ਦੇ ਮਸ਼ਹੂਰ ਕੱਪਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ, ਪਤੀ ਨੇ ਦੱਸੀ ਅਸਲ ਸੱਚਾਈ
ਉਨ੍ਹਾਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਟਾਈਮ ਟੇਬਲ ਨਾਲ ਸਬੰਧਤ ਕੰਮ ਨੂੰ ਜਲਦ ਹੀ ਪੂਰੀ ਤਰ੍ਹਾਂ ਨਿਪਟਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਲੰਧਰ ਡਿਵੀਜ਼ਨ ਅਧੀਨ ਆਉਂਦੇ ਜਲੰਧਰ ਤੋਂ ਇਲਾਵਾ ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਗੁਰਦਾਸਪੁਰ, ਪਠਾਨਕੋਟ ਸਮੇਤ ਹੋਰ ਜ਼ਿਲ੍ਹਿਆਂ ਵਿਚ ਨਵੇਂ ਟਾਈਮ ਟੇਬਲ ਨੂੰ ਲੈ ਕੇ ਸਾਹਮਣੇ ਆਉਣ ਵਾਲੇ ਦਾਅਵਿਆਂ ਅਤੇ ਇਤਰਾਜ਼ਾਂ ਦਾ ਲਗਾਤਾਰ ਨਿਪਟਾਰਾ ਕੀਤਾ ਜਾ ਰਿਹਾ ਹੈ। ਬਲਜਿੰਦਰ ਢਿੱਲੋਂ ਨੇ ਟਰਾਂਸਪੋਰਟ ਵਿਭਾਗ ਸਬੰਧੀ ਕੰਮਾਂ ਨੂੰ ਜਲਦ ਕਰਵਾਉਣ ਨੂੰ ਲੈ ਕੇ ਭੋਲੇ-ਭਾਲੇ ਲੋਕਾਂ ਨੂੰ ਝਾਂਸੇ ਵਿਚ ਲੈ ਕੇ ਉਨ੍ਹਾਂ ਨਾਲ ਲੁੱਟ ਮਚਾਉਣ ਵਾਲੇ ਏਜੰਟਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ। ਉਨ੍ਹਾਂ ਕਿਹਾ ਕਿ ਏਜੰਟਾਂ ਦੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਹਨ, ਜਿਸ ਨੂੰ ਲੈ ਕੇ ਉਹ ਸਮੇਂ-ਸਮੇਂ ’ਤੇ ਅਚਨਚੇਤ ਚੈਕਿੰਗ ਕਰਦੇ ਰਹਿਣਗੇ ਅਤੇ ਜੇਕਰ ਕੋਈ ਵੀ ਏਜੰਟ ਪਕੜ ਵਿਚ ਆਇਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਿਆਸੀ ਪਾਰਟੀਆਂ ਦੇ ਆਪੇ ਬਣੇ ਨੇਤਾਵਾਂ ਅਤੇ ਕਈ ਮੀਡੀਆ ਕਰਮਚਾਰੀਆਂ ਨੇ ਆਰ. ਟੀ. ਓ. ਵਿਚ ਜਮਾ ਰੱਖਿਆ ਹੈ ਆਪਣਾ ਸਾਮਰਾਜ
ਰਿਜਨਲ ਟਰਾਂਸਪੋਰਟ ਅਥਾਰਟੀ ਵਿਚ ਪੱਸਰੇ ਭ੍ਰਿਸ਼ਟਾਚਾਰ ਦੇ ਮਾਮਲੇ ਕੋਈ ਨਵੇਂ ਨਹੀਂ ਹਨ। ਪਿਛਲੇ ਕਈ ਸਾਲਾਂ ਤੋਂ ਵਿਭਾਗੀ ਕੰਮਾਂ ਨੂੰ ਕਰਵਾਉਣ ਲਈ ਇਥੇ ਖੂਬ ਏਜੰਟ ਰਾਜ ਚੱਲ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਜ਼ਿਆਦਾਤਰ ਕੰਮ ਆਨਲਾਈਨ ਕਰਨ ਦੇ ਬਾਵਜੂਦ ਏਜੰਟਾਂ ਦਾ ਨੈਕਸਸ ਅੱਜ ਵੀ ਪੂਰੇ ਜੋਬਨ ’ਤੇ ਕੰਮ ਕਰ ਰਿਹਾ ਹੈ। ਆਰ. ਟੀ. ਓ. ਵਿਚ ਰੋਜ਼ਾਨਾ ਦਰਜਨਾਂ ਦੀ ਗਿਣਤੀ ਵਿਚ ਪ੍ਰਾਈਵੇਟ ਏਜੰਟ ਸਰਗਰਮ ਰਹਿੰਦੇ ਹਨ, ਜੋ ਵਿਭਾਗੀ ਕਲਰਕਾਂ ਅਤੇ ਹੋਰ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਆਪਣਾ ਕੰਮ ਧੜੱਲੇ ਨਾਲ ਕਰ ਰਹੇ ਹਨ।
ਇੰਨਾ ਹੀ ਨਹੀਂ, ਇਨ੍ਹਾਂ ਪ੍ਰਾਈਵੇਟ ਏਜੰਟਾਂ ਵਿਚ ਕਈ ਏਜੰਟ ਖੁਦ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਆਪੇ ਬਣੇ ਨੇਤਾ ਅਤੇ ਕਈ ਮੀਡੀਆ ਕਰਮਚਾਰੀ ਬਣ ਕੇ ਆਪਣਾ ਸਾਮਰਾਜ ਚਲਾ ਰਹੇ ਹਨ। ਵਿਭਾਗ ਵਿਚ ਕਈ ਕਾਲੀਆਂ ਭੇਡਾਂ ਅਜਿਹੀਆਂ ਵੀ ਹਨ, ਜੋ ਇਨ੍ਹਾਂ ਏਜੰਟਾਂ ਦੇ ਕਾਲੇ ਕਾਰਨਾਮਿਆਂ ਨੂੰ ਜਾਣਦੇ ਹੋਏ ਵੀ ਇਨ੍ਹਾਂ ਤੋਂ ਖੌਫਜ਼ਦਾ ਹੋ ਕੇ ਘਿਓ-ਖਿਚੜੀ ਬਣੀਆਂ ਰਹਿੰਦੀਆਂ ਹਨ ਤਾਂ ਜੋ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੇ ਮਾਮਲੇ ਅਤੇ ਸ਼ਿਕਾਇਤਾਂ ਉੱਚ ਅਧਿਕਾਰੀਆਂ ਤਕ ਨਾ ਪਹੁੰਚਣ। ਇਸੇ ਕਾਰਨ ਅਜਿਹੇ ਸਿਆਸੀ ਸਰਪ੍ਰਸਤੀ ਵਾਲੇ ਪ੍ਰਾਈਵੇਟ ਏਜੰਟਾਂ ਨੂੰ ਵਿਜੀਲੈਂਸ ਵਿਭਾਗ ਦਾ ਥੋੜ੍ਹਾ ਜਿਹਾ ਵੀ ਡਰ ਨਹੀਂ ਹੈ ਅਤੇ ਉਹ ਸਾਰਾ-ਸਾਰਾ ਦਿਨ ਆਰ. ਟੀ. ਓ. ਵਿਚ ਆਪਣਾ ਡੇਰਾ ਲਾਈ ਬੈਠੇ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਵਿਭਾਗ ਦੇ ਸੈਕਰੇਟਰੀ ਆਰ. ਟੀ. ਏ. ਬਰਜਿੰਦਰ ਸਿੰਘ ਨੇ ਸਖ਼ਤ ਕਦਮ ਉਠਾਉਂਦਿਆਂ ਪ੍ਰਾਈਵੇਟ ਏਜੰਟਾਂ ਦੀ ਐਂਟਰੀ ਬੰਦ ਕਰਨ ਲਈ ਕਾਫੀ ਸਖ਼ਤੀ ਕੀਤੀ ਸੀ, ਜਿਸ ਤਹਿਤ ਪੁਰਾਣੀ ਡੀ. ਟੀ. ਓ. ਬਿਲਡਿੰਗ ਦੀ ਐਂਟਰੀ ’ਤੇ ਲੱਗੇ ਕੈਂਚੀ ਗੇਟ ਨੂੰ ਤਾਲਾ ਲਗਾ ਕੇ ਬੰਦ ਰੱਖਿਆ ਜਾਂਦਾ ਸੀ ਪਰ ਅੱਜ ਹਾਲਾਤ ਬਿਲਕੁਲ ਉਲਟ ਹੋ ਗਏ ਹਨ। ਪ੍ਰਾਈਵੇਟ ਏਜੰਟ ਰੋਜ਼ਾਨਾ ਦਰਜਨਾਂ ਦੀ ਤਦਾਰ ਵਿਚ ਫਾਈਲਾਂ ਲੈ ਕੇ ਦਫਤਰ ਆਉਂਦੇ ਹਨ ਅਤੇ ਕੁਝ ਭ੍ਰਿਸ਼ਟ ਕਰਮਚਾਰੀਆਂ ਨਾਲ ਕੀਤੀ ਗੰਢਤੁੱਪ ਨਾਲ ਹੱਥੋ-ਹੱਥ ਆਪਣੇ ਕੰਮ ਨਿਪਟਾਉਂਦੇ ਹਨ, ਜਦਕਿ ਆਮ ਪਬਲਿਕ ਆਪਣਾ ਕੰਮ ਕਰਵਾਉਣ ਲਈ ਕਈ-ਕਈ ਦਿਨ ਆਰ. ਟੀ. ਓ. ਦੇ ਧੱਕੇ ਖਾਣ ਲਈ ਮਜਬੂਰ ਹੁੰਦੀ ਹੈ।
ਇਹ ਵੀ ਪੜ੍ਹੋ: ਪੁਲਸ ਦੀ ਗੱਡੀ 'ਤੇ ਬੈਠ ਰੀਲ ਬਣਾਉਣ ਵਾਲੀ 'ਸ਼ੇਰ ਦੀ ਸ਼ੇਰਨੀ' ਆਈ ਕੈਮਰੇ ਸਾਹਮਣੇ, ਲੋਕਾਂ 'ਤੇ ਕੱਢੀ ਭੜਾਸ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ