ਦੇਸ਼ ਭਗਤੀ ਦੇ ਮਾਹੌਲ ’ਚ ਸੰਪੰਨ ਹੋਇਆ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦਾ ‘ਵਜ਼ੀਫ਼ਾ ਵੰਡ ਸਮਾਰੋਹ’
Monday, Nov 17, 2025 - 12:13 PM (IST)
ਜਲੰਧਰ (ਪੁਨੀਤ ਡੋਗਰਾ)-ਸ਼੍ਰੀ ਰਾਮਨੌਮੀ ਉਤਸਵ ਕਮੇਟੀ ਨੇ ਡੀ. ਏ. ਵੀ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡੇਵੀਏਟ) ਵਿਖੇ ਇਕ ਵਜ਼ੀਫ਼ਾ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਕੈਬਨਿਟ ਮੰਤਰੀਆਂ, ਵਿਧਾਇਕਾਂ, ਸਾਬਕਾ ਮੁੱਖ ਮੰਤਰੀਆਂ, ਸਾਬਕਾ ਸੰਸਦ ਮੈਂਬਰਾਂ ਅਤੇ ਸਾਬਕਾ ਵਿਧਾਇਕਾਂ ਸਮੇਤ ਪਤਵੰਤਿਆਂ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕੀਤਾ। ਕਬੀਰ ਨਗਰ ਦੇ ਡੇਵੀਏਟ ਵਿਖੇ ਵਿਜੇ ਚੋਪੜਾ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿਚ 260 ਸਕੂਲਾਂ ਦੇ 1,300 ਬੱਚਿਆਂ ਨੂੰ ਵਜ਼ੀਫਾ, ਬੈਗ ਅਤੇ 300-300 ਰੁਪਏ ਦੇ ਚੈੱਕ ਭੇਟ ਕੀਤੇ ਗਏ। ਬੱਚਿਆਂ ਨੇ ਸਟੇਜ ’ਤੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ, ਨੇਤਾਵਾਂ ਨੇ ਦੇਸ਼ ਭਗਤੀ ਦੇ ਸੰਦੇਸ਼ ਦਿੱਤੇ ਅਤੇ ਪੂਰਾ ਪੰਡਾਲ ‘ਭਾਰਤ ਮਾਤਾ ਦੀ ਜੈ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਦੇਸ਼ ਭਗਤੀ ਦੇ ਮਾਹੌਲ ਵਿਚ ਹੋਏ ਇਸ ਸਮਾਗਮ ਨੇ ਇਕ ਅਮਿੱਟ ਛਾਪ ਛੱਡੀ।

ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਮੰਗਿਆ ਪੱਖ ਰੱਖਣ ਲਈ ਸਮਾਂ, ਬਾਜਵਾ ਨੂੰ ਵੀ ਨੋਟਿਸ ਜਾਰੀ, ਐੱਸ. ਸੀ. ਕਮਿਸ਼ਨ ਕਰ ਸਕਦੈ ਵੱਡੀ ਕਾਰਵਾਈ
ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ, ਹਰਿਆਣਾ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਕ੍ਰਿਸ਼ਨ ਬੇਦੀ, ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ., ਕੈਬਨਿਟ ਮੰਤਰੀ ਬਰਿੰਦਰ ਗੋਇਲ, ਕੈਬਨਿਟ ਮੰਤਰੀ ਮਹਿੰਦਰ ਭਗਤ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਡੀ. ਸੀ. ਹਿਮਾਂਸ਼ੂ ਅਗਰਵਾਲ, ਜਲੰਧਰ ਦੇ ਮੇਅਰ ਵਨੀਤ ਧੀਰ, ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਕੇ. ਡੀ. ਭੰਡਾਰੀ, ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ, ‘ਆਪ’ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੀ ਸਾਬਕਾ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ, ਸੀਨੀਅਰ ਆਗੂ ਮੰਗਲ ਸਿੰਘ ਬੱਸੀ ਮੌਜੂਦ ਸਨ। ਇਸ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵਿਚ ਡੇਵੀਏਟ, ਲਾਲਾ ਜਗਤ ਨਾਰਾਇਣ ਸਕੂਲ, ਨੋਬਲ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਮਾਂ ਸ਼ਾਰਦਾ ਵਿਦਿਆਪੀਠ ਲੁਧਿਆਣਾ ਅਤੇ ਨਟਰਾਜ ਕਲਾ ਕੇਂਦਰ ਦੇ ਵਿਦਿਆਰਥੀਆਂ ਵੱਲੋਂ ਭਾਵਪੂਰਨ ਪੇਸ਼ਕਾਰੀਆਂ ਨੇ ਸਾਰਿਆਂ ਨੂੰ ਮੋਹਿਤ ਕਰ ਦਿੱਤਾ। ਮੈਡੀਕਲ ਚੈੱਕਅੱਪ ਕੈਂਪ ਦੌਰਾਨ ਬੱਚਿਆਂ ਦੀ ਜਾਂਚ ਮਾਹਿਰ ਡਾਕਟਰਾਂ ਵੱਲੋਂ ਕੀਤੀ ਗਈ।
ਇਹ ਵੀ ਪੜ੍ਹੋ:ਪੰਜਾਬ ਸਰਕਾਰ ਸੁਖਬੀਰ ਤੇ ਗੈਂਗਸਟਰਾਂ ਦੇ ਆਪਸੀ ਸੰਬੰਧਾਂ ਦੀ ਜਾਂਚ ਕਰਵਾਏ : ਅਮਨ ਅਰੋੜਾ

ਸਿੱਖਿਆ ਦੇ ਖੇਤਰ ਵਿਚ ਯੋਗਦਾਨ ਰਾਸ਼ਟਰ ਦੀ ਸੇਵਾ : ਸ਼ਿਆਮ ਸਿੰਘ ਰਾਣਾ
ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਯੋਗਦਾਨ ਪਾਉਣਾ ਦੇਸ਼ ਦੀ ਸੇਵਾ ਹੈ। ਪੰਜਾਬ ਕੇਸਰੀ ਪਰਿਵਾਰ ਵੱਲੋਂ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਰਾਹੀਂ ਲੋੜਵੰਦ ਬੱਚਿਆਂ ਲਈ ਯੋਗਦਾਨ ਇਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਮਰਪਿਤ ਇਸ ਪ੍ਰੋਗਰਾਮ ਵਿਚ ਹਿੱਸਾ ਲੈਣਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ ਅਤੇ ਭਵਿੱਖ ਵਿਚ ਵੀ ਉਹ ਅਜਿਹੇ ਨੇਕ ਕਾਰਜਾਂ ਲਈ ਹਮੇਸ਼ਾ ਹਾਜ਼ਰ ਰਹਿਣਗੇ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਪੁਲਸ ਸਟੇਸ਼ਨ ਨੂੰ ਮਿਲੀ ਧਮਕੀ! ਵਧਾਈ ਗਈ ਸੁਰੱਖਿਆ, ਪੁਲਸ ਫੋਰਸ ਤਾਇਨਾਤ

ਰਾਮਨੌਮੀ ਉਤਸਵ ਕਮੇਟੀ ਦੀ ਤਰਜ਼ ’ਤੇ ਹਰਿਆਣਾ ’ਚ ਹੋਣਗੇ ਆਯੋਜਨ : ਕ੍ਰਿਸ਼ਨ ਬੇਦੀ
ਹਰਿਆਣਾ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਕ੍ਰਿਸ਼ਨ ਬੇਦੀ ਨੇ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਲੰਬੇ ਸਮੇਂ ਤੋਂ ਸਮਾਜਿਕ ਕਾਰਜਾਂ ਵਿਚ ਸ਼ਾਮਲ ਰਿਹਾ ਹੈ। ਆਜ਼ਾਦੀ ਤੋਂ ਪਹਿਲਾਂ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਨੇ ਸਮਾਜ ਸੇਵਾ ਨੂੰ ਇਕ ਫਰਜ਼ ਮੰਨਿਆ ਹੈ। ਰਾਮਨੌਮੀ ਉਤਸਵ ਕਮੇਟੀ ਵੱਲੋਂ ਬੱਚਿਆਂ ਦਾ ਸਮੂਹਿਕ ਸਮਰਥਨ ਸ਼ਲਾਘਾਯੋਗ ਹੈ। ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਹਰਿਆਣਾ ਵਿਚ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।

ਵਜ਼ੀਫ਼ਾ ਵੰਡ ਸਮਾਜ ਦੇ ਵਿਕਾਸ ਲਈ ਇਕ ਮੀਲ ਪੱਥਰ : ਬਰਿੰਦਰ ਗੋਇਲ
ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਵਾਂਗ ਪੰਜਾਬ ਕੇਸਰੀ ਪਰਿਵਾਰ ਵਜ਼ੀਫ਼ਾ ਵੰਡ ਸਮਾਰੋਹ ਦਾ ਆਯੋਜਨ ਕਰ ਰਿਹਾ ਹੈ ਅਤੇ ਇਕੋ ਸਮੇਂ ਹਜ਼ਾਰਾਂ ਬੱਚਿਆਂ ਦੀ ਮਦਦ ਕਰ ਰਿਹਾ ਹੈ। ਇਹ ਯੋਗਦਾਨ ਸਮਾਜ ਦੇ ਵਿਕਾਸ ਲਈ ਇਕ ਮੀਲ ਪੱਥਰ ਸਾਬਤ ਹੋ ਰਿਹਾ ਹੈ ਅਤੇ ਵਿਜੇ ਚੋਪੜਾ ਤੇ ਉਨ੍ਹਾਂ ਦੀ ਟੀਮ ਇਸ ਲਈ ਵਧਾਈ ਦੀ ਪਾਤਰ ਹੈ। ਬੱਚਿਆਂ ਦੀ ਮਦਦ ਕਰਨਾ ਤੇ ਸਿੱਖਿਆ ਨੂੰ ਅੱਗੇ ਵਧਾਉਣਾ ਪੰਜਾਬ ਲਈ ਲਾਭਦਾਇਕ ਸਾਬਤ ਹੋ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ED ਦੀ ਵੱਡੀ ਕਾਰਵਾਈ! 4 ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ ਬਰਾਮਦ ਕੀਤੀ ਲੱਖਾਂ ਦੀ ਨਕਦੀ

ਰਾਮਨੌਮੀ ਉਤਸਵ ਕਮੇਟੀ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਦੇ ਰਹੀ : ਰਜਿੰਦਰ ਕੌਰ ਭੱਠਲ
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਸਾਨੂੰ ਦੇਸ਼ ਵਿਰੋਧੀ ਤਾਕਤਾਂ ਦੇ ਹਮਲਿਆਂ ਨੂੰ ਇਕ ਚੁਣੌਤੀ ਵਜੋਂ ਪਛਾਣਨ ਅਤੇ ਅੱਗੇ ਵਧਣ ਦੀ ਲੋੜ ਹੈ। ਪੰਜਾਬ ਕੇਸਰੀ ਪਰਿਵਾਰ ਨੇ ਅੱਤਵਾਦ ਪ੍ਰਭਾਵਿਤ ਲੋਕਾਂ ਦੇ ਵਿਕਾਸ ਤੇ ਬੱਚਿਆਂ ਦੀ ਸਿੱਖਿਆ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਫਲਤਾਪੂਰਵਕ ਨਿਭਾਇਆ ਹੈ। ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਸਾਨੂੰ ਸਾਰਿਆਂ ਨੂੰ ਸਮਾਜ ਦੇ ਵਿਕਾਸ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਰਾਮਨੌਮੀ ਉਤਸਵ ਕਮੇਟੀ ਦਾ ਪਲੇਟਫਾਰਮ ਲੋੜਵੰਦ ਬੱਚਿਆਂ ਨੂੰ ਵਧਣ-ਫੁੱਲਣ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ।
ਇਹ ਵੀ ਪੜ੍ਹੋ: 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਜਥੇਦਾਰ ਗੜਗੱਜ ਦੀ ਲੋਕਾਂ ਨੂੰ ਅਪੀਲ! 23 ਤੋਂ 29 ਨਵੰਬਰ ਤੱਕ ਹਰ ਸਿੱਖ...

ਰਾਮਨੌਮੀ ਉਤਸਵ ਕਮੇਟੀ ਦੇ ਯਤਨਾਂ ਨਾਲ ਬੱਚਿਆਂ ਨੂੰ ਮਿਲ ਰਿਹਾ ਵੱਡਾ ਲਾਭ : ਅਮਨ ਅਰੋੜਾ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਬੱਚਿਆਂ ਲਈ ਕੀਤੇ ਜਾ ਰਹੇ ਸਾਰਥਕ ਯਤਨ ਪੰਜਾਬ ਦੀ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਅੱਤਵਾਦ ਦੇ ਕਾਲੇ ਦੌਰ ਦੌਰਾਨ ਪੰਜਾਬ ਕੇਸਰੀ ਨੇ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿਚ ਕੋਈ ਕਸਰ ਨਹੀਂ ਛੱਡੀ। ਅੱਜ ਇਹ ਪਰਿਵਾਰ ਬੱਚਿਆਂ ਦੇ ਭਵਿੱਖ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾ ਰਿਹਾ ਹੈ, ਜਿਸ ਨਾਲ ਪੰਜਾਬ ਦੇ ਬੱਚਿਆਂ ਨੂੰ ਬਹੁਤ ਲਾਭ ਹੋ ਰਿਹਾ ਹੈ।

ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਸਿੱਖਿਆ ਦੀ ਲੋੜ : ਹਰਭਜਨ ਈ. ਟੀ. ਓ.
ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਬੱਚਿਆਂ ਨੂੰ ਉਤਸ਼ਾਹਤ ਕਰਦੇ ਹੋਏ ਕਿਹਾ ਕਿ ਸਿੱਖਿਆ ਸਭ ਤੋਂ ਮਹੱਤਵਪੂਰਨ ਹੈ। ਡਾ. ਅੰਬੇਡਕਰ ਦੇ ਹਵਾਲੇ, ‘ਸਿੱਖਿਆ ਸ਼ੇਰਨੀ ਦਾ ਦੁੱਧ ਹੈ, ਜੋ ਵੀ ਇਸ ਨੂੰ ਪੀਵੇਗਾ ਉਹ ਗਰਜੇਗਾ’ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਿੱਖਿਆ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ। ਪਰਿਵਾਰਕ ਹਾਲਾਤ ਦੀ ਪ੍ਰਵਾਹ ਕੀਤੇ ਬਿਨਾਂ ਸਿੱਖਿਆ ਹਰ ਸਥਿਤੀ ਨੂੰ ਸੁਧਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਰਾਮਨੌਮੀ ਉਤਸਵ ਕਮੇਟੀ ਸਿੱਖਿਆ ਦੇ ਖੇਤਰ ਵਿਚ ਸ਼ਲਾਘਾਯੋਗ ਯਤਨ ਕਰ ਰਹੀ ਹੈ।

ਡੇਵੀਏਟ ਵਿਚ ਸਮਾਗਮ ਹੋਣਾ ਖੁਸ਼ਕਿਸਮਤੀ ਦੀ ਗੱਲ : ਅਨਿਲ ਸੋਨੀ
ਡੀ. ਏ. ਵੀ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡੇਵੀਏਟ) ਤੋਂ ਅਨਿਲ ਸੋਨੀ ਨੇ ਕਿਹਾ ਕਿ ਲੋੜਵੰਦ ਬੱਚਿਆਂ ਦੀ ਮਦਦ ਕਰਨਾ ਸਮਾਜ ਸੇਵਾ ਵਿਚ ਇਕ ਅਨਮੋਲ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਡੇਵੀਏਟ ਵਿਚ ਇਸ ਪ੍ਰੋਗਰਾਮ ਦਾ ਆਯੋਜਨ ਹੋਣਾ ਇਕ ਸਨਮਾਨ ਦੀ ਗੱਲ ਹੈ ਤੇ ਡੇਵੀਏਟ ਭਵਿੱਖ ਵਿਚ ਵੀ ਯੋਗਦਾਨ ਪਾਉਂਦਾ ਰਹੇਗਾ।

ਬੱਚਿਆਂ ਦੇ ਉੱਜਵਲ ਭਵਿੱਖ ਵਿਚ ਅਧਿਆਪਕਾਂ ਦੀ ਅਹਿਮ ਯੋਗਦਾਨ : ਵਰਿੰਦਰ ਸ਼ਰਮਾ
ਕਮੇਟੀ ਦੇ ਉਪ-ਪ੍ਰਧਾਨ ਵਰਿੰਦਰ ਸ਼ਰਮਾ ਨੇ ਕਿਹਾ ਕਿ ਬੱਚਿਆਂ ਦੇ ਉੱਜਵਲ ਭਵਿੱਖ ਵਿਚ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਅਧਿਆਪਕ ਤੋਂ ਬਿਨਾਂ ਗਿਆਨ ਅਧੂਰਾ ਹੈ। ਅਧਿਆਪਕਾਂ ਦੀ ਦੇਸ਼ ਦੇ ਭਵਿੱਖ ਪ੍ਰਤੀ ਜ਼ਿੰਮੇਵਾਰੀ ਹੈ, ਇਸ ਲਈ ਹਰੇਕ ਅਧਿਆਪਕ ਨੂੰ ਆਪਣੇ ਫਰਜ਼ਾਂ ਨੂੰ ਪੂਰਾ ਕਰਨ ਲਈ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਦੇਸ਼ ਤਰੱਕੀ ਕਰ ਸਕੇ।

ਅਵਨੀਸ਼ ਅਰੋੜਾ ਨੇ ਕਮੇਟੀ ਦੇ ਸਮਾਜਿਕ ਕਾਰਜਾਂ ਬਾਰੇ ਦਿੱਤੀ ਜਾਣਕਾਰੀ
ਸਟੇਜ ਦਾ ਸੰਚਾਲਨ ਕਰਦੇ ਹੋਏ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਸਮਾਜਿਕ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਅਰੋੜਾ ਨੇ ਡੇਵੀਏਟ ਮੈਨੇਜਮੈਂਟ ਦੇ ਸਮਰਥਨ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਬੱਚਿਆਂ ਦਾ ਮੈਡੀਕਲ ਚੈੱਕਅਪ ਕਰਨ ਵਾਲੇ ਡਾਕਟਰਾਂ ਦਾ ਵੀ ਧੰਨਵਾਦ ਕੀਤਾ।

ਰਾਸ਼ਟਰੀ ਪੰਜਾਬੀ ਮਹਾਸਭਾ ਬੱਚਿਆਂ ਦੀ ਮਦਦ ਲਈ ਹਮੇਸ਼ਾ ਤਤਪਰ : ਅਸ਼ੋਕ ਮਹਿਤਾ
ਬੱਚਿਆਂ ਲਈ ਬੈਗ ਪ੍ਰਦਾਨ ਕਰਨ ਵਾਲੇ ਰਾਸ਼ਟਰੀ ਪੰਜਾਬੀ ਮਹਾਸਭਾ ਦੇ ਅਸ਼ੋਕ ਮਹਿਤਾ ਨੇ ਕਿਹਾ ਕਿ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਵਿਜੇ ਚੋਪੜਾ ਦੀ ਅਗਵਾਈ ਉਨ੍ਹਾਂ ਦਾ ਇਸ ਨੇਕ ਕੰਮ ਲਈ ਮਾਰਗਦਰਸ਼ਨ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਪੰਜਾਬੀ ਮਹਾਸਭਾ ਹਮੇਸ਼ਾ ਬੱਚਿਆਂ ਦੀ ਸਹਾਇਤਾ ਕਰੇਗੀ।
ਬਾਵਾ
ਲਾਲ ਦਿਆਲ ਦਰਬਾਰ ਧਿਆਨਪੁਰ ਨੇ ਹੜ੍ਹ ਪੀੜਤਾਂ ਲਈ ਦਿੱਤਾ ਰਾਸ਼ਨ ਦਾ ਟਰੱਕ
ਵਜ਼ੀਫ਼ਾ ਵੰਡ ਸਮਾਰੋਹ ਦੌਰਾਨ ਬਾਵਾ ਲਾਲ ਦਿਆਲ ਦਰਬਾਰ ਧਿਆਨਪੁਰ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸੇਵਾ ਲਈ ਰਾਸ਼ਨ ਦਾ ਇਕ ਟਰੱਕ ਦਾਨ ਕੀਤਾ ਗਿਆ। ਗੱਦੀਨਸ਼ੀਨ ਰਾਮ ਸੁੰਦਰ ਦਾਸ ਦੀ ਅਗਾਂਹਵਧੂ ਅਗਵਾਈ ਹੇਠ ਬਾਬੂ ਜਗਦੀਸ਼ ਰਾਜ ਨੇ ਵਿਜੇ ਚੋਪੜਾ ਨੂੰ ਟਰੱਕ ਭੇਟ ਕੀਤਾ। ਬਾਬੂ ਜਗਦੀਸ਼ ਰਾਜ ਨੇ ਦੱਸਿਆ ਕਿ ਬਾਵਾ ਲਾਲ ਦਿਆਲ ਦਰਬਾਰ ਪਹਿਲਾਂ ਹੀ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ 45 ਟਰੱਕ ਦਾਨ ਕਰ ਚੁੱਕਾ ਹੈ। ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਯੋਗਦਾਨ ਪਾਉਣਾ ਚਾਹੀਦਾ ਹੈ।

ਵਜ਼ੀਫ਼ਾ ਵੰਡ ਸਮਾਰੋਹ ਵਿਚ ਵਜ਼ੀਫ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ-ਵਿਦਿਆਰਥਣਾ ਦੇ ਨਾਲ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਚੇਅਰਮੈਨ ਵਿਜੇ ਚੋਪੜਾ, ਹਰਿਆਣਾ ਦੇ ਕੈਬਨਿਟ ਮੰਤਰੀ ਕ੍ਰਿਸ਼ਨ ਬੇਦੀ, ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ., ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਕੈਬਨਿਟ ਮੰਤਰੀ ਬਰਿੰਦਰ ਗੋਇਲ, ਕੈਬਨਿਟ ਮੰਤਰੀ ਮਹਿੰਦਰ ਭਗਤ, ਸਾਬਕਾ ਸੀ. ਪੀ. ਐੱਸ. ਕੇ. ਡੀ. ਭੰਡਾਰੀ, ਸਾਬਕਾ ਮੇਅਰ ਜੈ ਕਿਸ਼ਨ ਸੈਣੀ, ਕਾਮਰੇਡ ਮੰਗਤ ਰਾਮ ਪਾਸਲਾ, ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਅਵਨੀਸ਼ ਅਰੋੜਾ, ਵਰਿੰਦਰ ਸ਼ਰਮਾ, ਵਿਨੋਦ ਅਗਰਵਾਲ, ਪ੍ਰਿੰਸ ਅਸ਼ੋਕ ਗਰੋਵਰ, ਡਾ. ਮੁਕੇਸ਼ ਵਾਲੀਆ, ਸੁਦੇਸ਼ ਵਿੱਜ, ਐੱਮ. ਡੀ. ਸੱਭਰਵਾਲ, ਗੁਲਸ਼ਨ ਸੱਭਰਵਾਲ, ਮਨਮੋਹਨ ਕਪੂਰ, ਮੱਟੂ ਸ਼ਰਮਾ, ਨਰਿੰਦਰ ਸ਼ਰਮਾ, ਅਸ਼ਵਨੀ ਬਾਵਾ, ਨਿਸ਼ੂ ਨਈਅਰ, ਯਸ਼ਪਾਲ ਸਫਰੀ, ਗੌਰਵ ਮਹਾਜਨ, ਪਵਨ ਭੋਡੀ, ਰਮੇਸ਼ ਸਹਿਗਲ, ਹੇਮੰਤ ਸ਼ਰਮਾ, ਸੁਮੇਸ਼ ਆਨੰਦ ਅਤੇ ਕਮੇਟੀ ਮੈਂਬਰਾਂ ਨੇ ਸ਼ਿਰਕਤ ਕੀਤੀ।


ਇਹ ਵੀ ਪੜ੍ਹੋ: ਸਾਬਕਾ MLA ਕੁਲਬੀਰ ਸਿੰਘ ਜ਼ੀਰਾ ਦਾ ਵਟਸਐਪ ਨੰਬਰ ਹੈਕ, ਪੋਸਟ ਸਾਂਝੀ ਕਰਕੇ ਕੀਤੀ ਖ਼ਾਸ ਅਪੀਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
