ਮੇਅਰ ਦੇ ਕਾਬੂ ’ਚ ਨਹੀਂ ਆ ਰਿਹਾ ਨਿਗਮ ਦਾ ਬੀ. ਐਂਡ ਆਰ. ਵਿਭਾਗ, ਘਟੀਆ ਤਰੀਕੇ ਨਾਲ ਬਣ ਰਹੀਆਂ ਸੜਕਾਂ
Monday, Nov 10, 2025 - 03:08 PM (IST)
ਜਲੰਧਰ (ਖੁਰਾਣਾ)-ਨਗਰ ਨਿਗਮ ਜਲੰਧਰ ਹਰ ਸਾਲ ਸੜਕਾਂ ਦੇ ਨਿਰਮਾਣ ਅਤੇ ਰੱਖ-ਰਖਾਅ ’ਤੇ ਕਰੋੜਾਂ ਰੁਪਏ ਖ਼ਰਚ ਕਰ ਰਿਹਾ ਹੈ ਪਰ ਸ਼ਹਿਰ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਜਿਵੇਂ ਇਹ ਪੈਸਾ ਸੜਕਾਂ ਦੀ ਬਜਾਏ ਟੋਇਆਂ ’ਚ ਜਾ ਰਿਹਾ ਹੋਵੇ। ਹਾਲਤ ਇਹ ਹੈ ਕਿ ਨਵੀਆਂ ਬਣੀਆਂ ਸੜਕਾਂ ਕੁਝ ਹੀ ਮਹੀਨਿਆਂ ’ਚ ਟੁੱਟ ਜਾਂਦੀਆਂ ਹਨ ਅਤੇ ਨਿਗਮ ਦੇ ਅਫ਼ਸਰ ਅਤੇ ਠੇਕੇਦਾਰ ਇਕ-ਦੂਜੇ ’ਤੇ ਜ਼ਿੰਮੇਵਾਰੀ ਪਾਉਂਦੇ ਰਹਿੰਦੇ ਹਨ।
ਇਹ ਵੀ ਪੜ੍ਹੋ: Punjab:ਸੜਕ ਹਾਦਸੇ ਨੇ ਉਜਾੜ 'ਤਾ ਘਰ! ਮਾਸੀ ਨੂੰ ਮਿਲਣ ਜਾ ਰਹੇ ਨੌਜਵਾਨ ਦੀ ਤੜਫ਼-ਤੜਫ਼ ਕੇ ਮੌਤ
ਸੂਤਰਾਂ ਮੁਤਾਬਕ ਨਗਰ ਨਿਗਮ ਦੇ ਬੀ. ਐਂਡ ਆਰ. (ਬਿਲਡਿੰਗ ਐਂਡ ਰੋਡਜ਼) ਵਿਭਾਗ ਵਿਚ ਅਫ਼ਸਰਾਂ ਅਤੇ ਠੇਕੇਦਾਰਾਂ ਦੀ ਮਿਲੀਭੁਗਤ ਇਸ ਹੱਦ ਤਕ ਵਧ ਚੁੱਕੀ ਹੈ ਕਿ ਨਵੀਆਂ ਸੜਕਾਂ ਨੂੰ ਠੀਕ ਤਰ੍ਹਾਂ ਨਾਲ ਬਣਾਉਣ ਦੀ ਬਜਾਏ ਜਲਦਬਾਜ਼ੀ ਵਿਚ ਲੁੱਕ-ਬੱਜਰੀ ਦੀ ਪਰਤ ਪਾ ਦਿੱਤੀ ਜਾਂਦੀ ਹੈ, ਜਿਸ ਨਾਲ ਹੇਠਾਂ ਦੱਬੇ ਸੀਵਰੇਜ ਦੇ ਮੈਨਹੋਲ ਲੱਭਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਕਈ ਮਾਮਲਿਆਂ ਵਿਚ ਮੈਨਹੋਲ ਦੇ ਢੱਕਣ ਸਿੱਧੇ ਸੜਕ ਦੀ ਪਰਤ ਦੇ ਹੇਠਾਂ ਹੀ ਦਫਨ ਕਰ ਦਿੱਤੇ ਜਾਂਦੇ ਹਨ। ਸ਼ਹਿਰ ਵਿਚ ਸੜਕ ਨਿਰਮਾਣ ਦੇ ਮਾਪਦੰਡ ਨਿਯਮਾਂ ਅਨੁਸਾਰ ਪਹਿਲਾਂ ਸੀਵਰੇਜ ਚੈਂਬਰ ਅਤੇ ਰੋਡ-ਗਲੀਆਂ ਸਹੀ ਲੈਵਲ ’ਤੇ ਬਣਾ ਕੇ ਹੀ ਉਪਰ ਦੀ ਪਰਤ ਪਾਈ ਜਾਣੀ ਚਾਹੀਦੀ ਹੈ, ਤਾਂ ਕਿ ਸੜਕਾਂ ਅਤੇ ਮੈਨਹੋਲ ਦਾ ਲੈਵਲ ਬਰਾਬਰ ਰਹੇ ਪਰ ਜਲੰਧਰ ਨਿਗਮ ਵਿਚ ਇਹ ਨਿਯਮ ਸਿਰਫ ਕਾਗਜ਼ਾਂ ਤਕ ਸੀਮਿਤ ਹੈ। ਕਈ ਮਹੀਨੇ ਪਹਿਲਾਂ ਬਣੀ ਤਿਲਕ ਨਗਰ ਰੋਡ ’ਤੇ ਤਾਂ ਨਿਗਮ ਨੇ ਖ਼ੁਦ ਸੜਕ ਪੁੱਟ ਕੇ ਮੈਨਹੋਲ ਲੱਭੇ ਸਨ। ਜਿੱਥੇ-ਜਿੱਥੇ ਸੜਕ ਤੋੜੀ ਗਈ, ਉਥੇ ਦੁਬਾਰਾ ਲੁੱਕ- ਬੱਜਰੀ ਪਾਉਣ ’ਚ ਦੇਰੀ ਹੋਈ, ਜਿਸ ਕਾਰਨ ਸੜਕ ਜਲਦ ਉੱਖੜਨ ਲੱਗੀ। ਨਿਗਮ ਵਿਚ ਚਰਚਾ ਹੈ ਕਿ ਸੜਕਾਂ ਨੂੰ ਵਾਰ-ਵਾਰ ਤੋੜਣ ਤੇ ਮੁਰੰਮਤ ਕਰਵਾਉਣ ਦੀ ਖੇਡ ਇਸ ਲਈ ਜਾਰੀ ਹੈ ਤਾਂ ਕਿ ਹਰ ਵਾਰ ਨਵੇਂ ਐਸਟੀਮੇਟ ਬਣਨ ਅਤੇ ਅਧਿਕਾਰੀਆਂ ਨੂੰ ਕਮੀਸ਼ਨ ਦੀ ਆਮਦਨੀ ਹੁੰਦੀ ਰਹੇ।

ਕਈ ਕੱਚੇ ਜੇ. ਈ. ਠੇਕੇਦਾਰ ਬਣੇ, ਖ਼ੁਦ ਦੀ ਲੇਬਰ ਤੋਂ ਕਰਵਾ ਰਹੇ ਹਨ ਕੰਮ
ਨਗਰ ਨਿਗਮ ਦੇ ਹੀ ਕੁਝ ਠੇਕੇਦਾਰਾਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਬੀ. ਐਂਡ ਆਰ. ਵਿਭਾਗ ਦੇ ਕਈ ਕੱਚੇ ਜੂਨੀਅਰ ਇੰਜੀਨੀਅਰ (ਜੇ. ਈ.) ਹੁਣ ਖੁਦ ਠੇਕੇਦਾਰੀ ਕਰਨ ਲੱਗੇ ਹਨ। ਇਨ੍ਹਾਂ ਜੇ. ਈਜ਼ ਨੇ ਆਪਣੀ ਪੱਕੀ ਲੇਬਰ ਰੱਖੀ ਹੋਈ ਹੈ ਅਤੇ ਵੱਡੇ ਠੇਕੇਦਾਰਾਂ ਤੋਂ ਵੱਖ ਹੋ ਕੇ ਸੜਕ ਨਿਰਮਾਣ ਦੇ ਛੋਟੇ-ਛੋਟੇ ਕੰਮ ਖੁਦ ਕਰਵਾਉਂਦੇ ਹਨ। ਲੁੱਕ-ਬੱਜਰੀ ਪਾਉਣ ਵਾਲੇ ਠੇਕੇਦਾਰਾਂ ਨੂੰ ਜਿੱਥੇ ਲੱਖਾਂ ਰੁਪਏ ਮਿਲਦੇ ਹਨ, ਉਥੇ ਸੀਵਰੇਜ ਚੈਂਬਰ ਬਣਾਉਣ ਲਈ ਸਿਰਫ਼ 6-7 ਹਜ਼ਾਰ ਰੁਪਏ ਤੈਅ ਹਨ। ਅਜਿਹੇ ’ਚ ਕਈ ਜੇ. ਈ. ਆਪਣੀ ਲੇਬਰ ਤੋਂ ਚੈਂਬਰ ਬਣਵਾ ਕੇ ਠੇਕੇਦਾਰ ਦੀ ਪੇਮੈਂਟ ’ਚੋਂ ਹਿੱਸਾ ਲੈ ਲੈਂਦੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਜਦੋਂ ਤਕ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਇਸ ਜੇ. ਈ. ਬਣੇ ਠੇਕੇਦਾਰ ਦੀ ਪ੍ਰੰਪਰਾ ’ਤੇ ਸਖਤ ਕਾਰਵਾਈ ਨਹੀਂ ਕਰਦੇ, ਉਦੋਂ ਤਕ ਸ਼ਹਿਰ ਵਿਚ ਬਣੀਆਂ ਨਵੀਆਂ ਸੜਕਾਂ ਵਾਰ-ਵਾਰ ਟੁੱਟਦੀਆਂ ਰਹਿਣਗੀਆਂ ਅਤੇ ਜਨਤਾ ਦਾ ਕਰੋੜਾਂ ਰੁਪਏ ਅਜਾਈਂ ਜਾਂਦਾ ਰਹੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਬੰਦ ਹੋ ਜਾਣਗੇ ਇਹ 3 ਰੇਲਵੇ ਫਾਟਕ! ਪੰਜਾਬ ਵਾਸੀਆਂ ਨੂੰ ਮਿਲੇਗੀ ਇਹ ਖ਼ਾਸ ਸਹੂਲਤ
ਓ. ਐਂਡ ਐੱਮ. ’ਤੇ ਕਸ ਚੁੱਕਿਐ ਮੇਅਰ ਦਾ ਸ਼ਿਕੰਜਾ, ਪਰ ਬੀ. ਐਂਡ ਆਰ. ਅਜੇ ਵੀ ਬੇਖ਼ੌਫ਼
ਮੇਅਰ ਵੱਲੋਂ ਪਿਛਲੇ ਕੁਝ ਮਹੀਨਿਆਂ ’ਚ ਓ. ਐਂਡ ਐੱਮ. ਬ੍ਰਾਂਚ ’ਤੇ ਕੁਝ ਹੱਦ ਤਕ ਕੰਟਰੋਲ ਜ਼ਰੂਰ ਕੀਤਾ ਗਿਆ ਹੈ ਪਰ ਬੀ. ਐਂਡ ਆਰ. ਵਿਭਾਗ ਅਜੇ ਵੀ ਮੇਅਰ ਦੇ ਕਾਬੂ ਤੋਂ ਬਾਹਰ ਮੰਨਿਆ ਜਾ ਰਿਹਾ ਹੈ। ਚਰਚਾ ਹੈ ਕਿ ਇਸ ਵਿਭਾਗ ਨਾਲ ਜੁੜੇ ਕੁਝ ਅਧਿਕਾਰੀ ਇਕ ਤਾਕਤਵਰ ਸਿਆਸੀ ਆਗੂ ਦੇ ਰਿਸ਼ਤੇਦਾਰ ਹਨ, ਜਿਸ ਕਾਰਨ ਉਨ੍ਹਾਂ ਨੂੰ ਸਰਪ੍ਰਸਤੀ ਪ੍ਰਾਪਤ ਹੈ। ਇਨ੍ਹਾਂ ਅਧਿਕਾਰੀਆਂ ਦੀ ਦੇਖ-ਰੇਖ ਵਿਚ ਬਣੀ ਭਗਵਾਨ ਵਾਲਮੀਕਿ ਚੌਕ ਤੋਂ ਸਕਾਈਲਾਰਕ ਹੋਟਲ ਤਕ ਦੀ ਸੜਕ ਦਾ ਹਾਲ ਵੀ ਹੈਰਾਨ ਕਰਨ ਵਾਲਾ ਹੈ। ਕਰੀਬ ਡੇਢ ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕਰ ਕੇ ਬਣੀ ਇਸ ਸੜਕ ’ਤੇ ਅੱਜ ਤਕ ਇਕ ਵੀ ਸੀਵਰੇਜ ਮੈਨਹੋਲ ਨਹੀਂ ਬਣਾਇਆ ਗਿਆ। ਨਤੀਜਾ ਇਹ ਹੈ ਕਿ ਸੜਕ ਹੁਣ ਟੁੱਟਣੀ ਸ਼ੁਰੂ ਹੋ ਗਈ ਹੈ ਅਤੇ ਮੀਂਹ ਦੇ ਦਿਨਾਂ ’ਚ ਇਥੇ ਪਾਣੀ ਜਮ੍ਹਾ ਹੋ ਜਾਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਨਗਰ ਨਿਗਮ ਕਮਿਸ਼ਨਰ ਨੂੰ ਇਸ ਮਾਮਲੇ ਵਿਚ ਸੰਬੰਧਤ ਜੇ. ਈ. ਅਤੇ ਠੇਕੇਦਾਰ ਖਿਲਾਫ ਿਵਭਾਗੀ ਕਾਰਵਾਈ ਕਰਨੀ ਚਾਹੀਦੀ ਹੈ। ਇੰਨਾ ਹੀ ਨਹੀਂ, ਇਸ ਸੜਕ ’ਤੇ ਕਈ ਰੋਡ-ਗਲੀਆਂ ਨੂੰ ਵੀ ਲੁੱਕ-ਬੱਜਰੀ ਦੇ ਹੇਠਾਂ ਦਬਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਰਾਜਾ ਵੜਿੰਗ ਦੇ ਨਵੇਂ ਵਿਵਾਦ 'ਤੇ CM ਮਾਨ ਦਾ ਵੱਡਾ ਬਿਆਨ! ਕਿਹਾ-ਹੁਣ ਤਾਂ ਸਰਕਾਰੀ ਪਾਗਲਖਾਨਾ ਖੋਲ੍ਹਣਾ ਪੈਣਾ
ਹੁਣ ਗੁਰੂ ਨਾਨਕਪੁਰਾ ਰੋਡ ਨੂੰ ਤੋੜ ਕੇ ਲੱਭ ਜਾ ਰਹੇ ਢੱਕਣ
ਕੁਝ ਦਿਨ ਪਹਿਲਾਂ ਗੁਰੂ ਨਾਨਕਪੁਰਾ ਰੋਡ ਦਾ ਨਿਰਮਾਣ ਐਡਵੋਕੇਟ ਮਯੰਕ ਰਾਨੌਤ ਵੱਲੋਂ ਦਾਖਲ ਪਟੀਸ਼ਨ ਤੋਂ ਬਾਅਦ ਕੀਤਾ ਗਿਆ ਸੀ। ਸੜਕ ਬਣਦੇ ਹੀ ਹੁਣ ਫਿਰ ਤੋਂ ਸੀਵਰੇਜ ਦੇ ਢੱਕਣ ਉੱਚੇ ਕਰਨ ਦਾ ਕੰਮ ਚੱਲ ਰਿਹਾ ਹੈ। ਸਵਾਲ ਇਹ ਉੱਠਦਾ ਹੈ ਕਿ ਜੇਕਰ ਨਿਯਮਾਂ ਅਨੁਸਾਰ ਕੰਮ ਹੋਇਆ ਹੈ ਤਾਂ ਨਵੀਂ ਬਣੀ
ਸੜਕ ਦੋਬਾਰਾ ਕਿਉਂ ਤੋੜੀ ਜਾ ਰਹੀ ਹੈ?
ਕੁੱਲ੍ਹ ਮਿਲਾ ਕੇ ਜਲੰਧਰ ਨਗਰ ਨਿਗਮ ਦਾ ਬੀ. ਐਂਡ ਆਰ. ਵਿਭਾਗ ਇਕ ਵਾਰ ਫਿਰ ਸਵਾਲਾਂ ਦੇ ਘੇਰੇ ’ਚ ਹੈ। ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਸ਼ਹਿਰ ਦੀਆਂ ਸੜਕਾਂ ਕੁਝ ਹੀ ਮਹੀਨਿਆਂ ’ਚ ਉੱਖੜ ਰਹੀਆਂ ਹਨ। ਜੇਕਰ ਨਿਗਮ ਪ੍ਰਸ਼ਾਸਨ ਨੇ ਜਲਦ ਇਸ ਵਿਭਾਗ ਵਿਚ ਫੈਲੇ ਭ੍ਰਿਸ਼ਟਾਚਾਰ ਤੇ ਲਾਪ੍ਰਵਾਹੀ ’ਤੇ ਲਗਾਮ ਨਾ ਲਗਾਈ, ਤਾਂ ਜਲੰਧਰ ਦੀਆਂ ਸੜਕਾਂ ਦਾ ਹਾਲ ਇੰਝ ਹੀ ਬਦਤਰ ਹੁੰਦਾ ਰਹੇਗਾ ਅਤੇ ਜਨਤਾ ਦਾ ਪੈਸਾ ਬਰਬਾਦ ਹੁੰਦਾ ਰਹੇਗਾ।
ਇਹ ਵੀ ਪੜ੍ਹੋ: ਮੁਅੱਤਲ DIG ਭੁੱਲਰ ਦੇ ਮਾਮਲੇ ‘ਚ ਹੋ ਸਕਦੀ ਹੈ ED ਦੀ ਐਂਟਰੀ! ਫਸਣਗੇ ਕਈ ਵੱਡੇ ਅਫ਼ਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
