ਮੋਗੇ ਦੇ 3 ਪਿੰਡਾਂ 'ਚ ਸਥਾਪਤ ਕੀਤਾ ਜਾਵੇਗਾ ਸੀਚੇਵਾਲ ਮਾਡਲ

12/06/2018 7:07:30 PM

ਸੁਲਤਾਨਪੁਰ ਲੋਧੀ— ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਛੋਹ ਪ੍ਰਾਪਤ ਪੰਜਾਬ ਦੇ ਜਿਹੜੇ 41 ਪਿੰਡਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ 'ਚੋਂ  ਮੋਗਾ ਜ਼ਿਲੇ ਦੇ ਤਿੰਨ ਪਿੰਡ ਤਖਤੂਪੁਰਾ, ਪੱਤੋ ਹੀਰਾ ਸਿੰਘ ਅਤੇ ਦੌਧਰ 'ਚ ਸੀਚੇਵਾਲ ਮਾਡਲ ਸਥਾਪਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਸੰਦੀਪ ਹੰਸ ਦੇ ਨਾਲ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਨ੍ਹਾਂ ਤਿੰਨਾਂ ਪਿੰਡਾਂ ਦਾ ਦੌਰਾ ਕਰਕੇ ਛੱਪੜਾਂ ਦਾ ਅੰਦਾਜ਼ਾ ਲਾਇਆ, ਜਿਥੋਂ ਪਾਣੀ ਸੋਧ ਕੇ ਖੇਤੀ ਲਈ ਵਰਤਿਆ ਜਾਵੇਗਾ। ਸੰਤ ਸੀਚੇਵਾਲ ਨੇ ਪੰਜਾਬ ਸਰਕਾਰ ਵਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਵਿੱਢੀ ਇਸ ਪਵਿੱਤਰ ਮੁਹਿੰਮ 'ਚ ਤਨਦੇਹੀ ਨਾਲ ਆਪਣੇ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਨ੍ਹਾਂ ਤਿੰਨਾਂ ਪਿੰਡਾਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਪਾਤਸ਼ਾਹੀਆਂ ਨੇ ਵੀ ਆਪਣੇ ਮੁਬਾਰਕ ਚਰਨ ਪਾਏ ਸਨ ।

ਤਖਤੂਪੁਰਾ ਪਿੰਡ ਦੇ ਪੰਜ ਛੱਪੜ ਹਨ। ਜਿਨ੍ਹਾਂ ਦਾ ਪਾਣੀ ਖੇਤੀ ਨੂੰ ਲੱਗਦਾ ਕਰਨ ਵਾਸਤੇ ਸੀਚੇਵਾਲ ਮਾਡਲ ਦੀ ਤਰਜ਼ 'ਤੇ ਸੀਵਰੇਜ ਪਾਇਆ ਜਾਵੇਗਾ। ਇਸ ਇਤਿਹਾਸਕ ਪਿੰਡ 'ਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਹਰਿਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਠਹਿਰਾਅ ਕੀਤਾ ਸੀ। ਸੰਤ ਦਰਬਾਰਾ ਸਿੰਘ ਨੇ ਵੀ ਇਸ ਅਸਥਾਨ ਦੀ ਸੇਵਾ ਕਰਦਿਆਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਵਾਈ ਸੀ। ਪਿੰਡ ਪੱਤੋ ਹੀਰਾ ਸਿੰਘ, ਜਿਸ ਦੀ ਅਬਾਦੀ 8 ਹਜ਼ਾਰ ਦੇ ਕਰੀਬ ਦੱਸੀ ਜਾਂਦੀ ਹੈ, ਇਸ ਪਿੰਡ ਦਾ ਪਾਣੀ ਨਾਲ ਲੰਘਦੀ ਡਰੇਨ ਚਾਂਦ ਭਾਣ ਵਿਚ ਪੈਂਦਾ ਹੈ। ਇਸ ਪਿੰਡ 'ਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਹਰਿ ਰਾਏ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਏ ਸਨ। ਮਾਲਵੇ ਦੇ ਪਿੰਡ ਦੌਧਰ 'ਚ ਵੀ ਪੰਜਾਂ ਖੇਤਾਂ 'ਚ ਛੱਪੜ ਫੈਲਿਆ ਹੋਇਆ ਹੈ। ਇਸ ਦੇ ਪਾਣੀ ਨੂੰ ਖੇਤੀ ਵਾਸਤੇ ਵਰਤੇ ਜਾਣ ਲਈ ਵਿਉਂਤਬੰਦੀ ਵੀ ਕੀਤੀ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨਾਲ ਜ਼ਿਲੇ ਦੇ ਹੋਰ ਅਫਸਰਾਂ 'ਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਰਜੀਤ ਬਤਰਾ, ਐੱਸ. ਡੀ. ਐੱਮ. ਸਵਰਨਜੀਤ ਕੌਰ, ਐਕਸੀਅਨ ਪੰਚਾਇਤੀ ਰਾਜ ਰਕੇਸ਼ ਬਾਂਸਲ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮੇਲ ਸਿੰਘ ਅਤੇ ਬਲਾਕ ਸਮਿਤੀ ਮੈਂਬਰ ਮਨਜੀਤ ਸਿੰਘ ਵੀ ਹਾਜ਼ਰ ਸਨ ।  


Related News