ਅਵਾਰਾ ਪਸ਼ੂ ਟਕਰਾਉਣ ਕਰਕੇ ਵਾਪਰੇ ਹਾਦਸੇ ''ਚ ਨੌਜਵਾਨ ਦੀ ਮੌਤ

01/22/2020 7:21:05 PM

ਕਪੂਰਥਲਾ,(ਮਹਾਜਨ)— ਕਪੂਰਥਲਾ-ਬੇਬੇ ਨਾਨਕੀ ਮਾਰਗ 'ਤੇ ਰਮਨੀਕ ਚੌਂਕ ਅਤੇ ਸ਼ਿਵ ਮੰਦਰ ਸਾਹਮਣੇ ਬਾਈਕ ਚਾਲਕ ਅਚਾਨਕ ਸੜਕ 'ਤੇ ਆਏ ਅਵਾਰਾ ਪਸ਼ੂ ਨਾਲ ਜਾ ਟਕਰਾਇਆ। ਇਸ ਹਾਦਸੇ 'ਚ ਪਸ਼ੂ ਅਤੇ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੀ. ਸੀ. ਆਰ ਟੀਮ ਅਤੇ ਸਿਟੀ ਪੁਲਸ ਨੇ ਬਾਈਕ ਅਤੇ ਲਾਸ਼ ਨੂੰ ਕਬਜੇ 'ਚ ਲੈ ਲਿਆ ਅਤੇ ਜੋ ਆਵਾਜਾਈ ਬੰਦ ਪਈ ਸੀ, ਉਸ ਨੂੰ ਸ਼ੁਰੂ ਕਰਵਾਇਆ।

ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਗੌਰਵ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਅਜੀਤ ਨਗਰ ਦੇ ਰੂਪ 'ਚ ਹੋਈ ਹੈ। ਮ੍ਰਿਤਕ ਆਰ. ਸੀ. ਐੱਫ ਨੇੜੇ ਨਿਜੀ ਫੈਕਟਰੀ 'ਚ ਕੰਮ ਕਰਦਾ ਸੀ, ਜੋ ਕਿ ਰਾਤ ਦੀ ਡਿਊਟੀ ਤੋਂ ਛੁੱਟੀ ਹੋਣ ਉਪਰੰਤ ਘਰ ਪਰਤ ਰਿਹਾ ਸੀ, ਜਦੋਂ ਉਹ ਰਮਨੀਕ ਚੌਂਕ ਦੇ ਕੋਲ ਸ਼ਿਵ ਮੰਦਰ ਸਾਹਮਣੇ ਪਹੁੰਚਿਆ ਤਾਂ ਅਚਾਨਕ ਅਵਾਰਾ ਪਸ਼ੂ ਆ ਗਿਆ। ਉਹ ਬਾਈਕ ਤੋਂ ਸੰਤੁਲਨ ਗੁਆ ਬੈਠਾ ਤੇ ਬੇਕਾਬੂ ਬਾਈਕ ਅਵਾਰਾ ਪਸ਼ੂ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਚਾਲਕ ਅਤੇ ਅਵਾਰਾ ਪਸ਼ੂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਸਿਟੀ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਲਾਸ਼ ਨੂੰ ਕਬਜੇ 'ਚ ਲੈ ਕੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ 'ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ।

ਬੇਟੇ ਦੀ ਮੌਤ ਦੀ ਸੂਚਨਾ ਪਾ ਕੇ ਸਿਵਲ ਹਸਪਤਾਲ 'ਚ ਪਹੁੰਚੀ ਮ੍ਰਿਤਕ ਦੀ ਮਾਤਾ ਦਾ ਰੋ-ਰੋ ਕੇ ਬੁਰਾ ਹਾਲ ਸੀ। ਰੋਂਦੀ ਮਾਂ ਨੇ ਦੱਸਿਆ ਕਿ ਉਸ ਦਾ ਬੇਟਾ ਅਜੇ ਕੁਆਰਾ ਸੀ ਅਤੇ ਘਰ 'ਚ ਸ਼ਹਿਨਾਈਆਂ ਵੱਜਣ ਦਾ ਇੰਤਜ਼ਾਰ ਕਰ ਰਹੀ ਸੀ ਕਿ ਭਗਵਾਨ ਨੇ ਉਸ ਕੋਲੋਂ ਉਸ ਦਾ ਇਕਲੌਤਾ ਬੇਟਾ ਖੋਹ ਲਿਆ। ਕੁਝ ਸਾਲ ਪਹਿਲਾਂ ਇਸ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਸੀ। ਇਸ ਦੀ ਨੌਕਰੀ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਸੀ। ਹੁਣ ਇਸ ਬੁਢਾਪੇ 'ਚ ਉਸ ਦੇ ਜੀਵਨ ਦਾ ਕੌਣ ਸਹਾਰਾ ਬਣੇਗਾ।


Related News