ਰੇਪ ਪੀੜਤਾ ਦੀ ਤਸਵੀਰ ਵਾਇਰਲ ਕਰਨ 'ਤੇ ਸੰਪਾਦਕ ਤੇ ਪੱਤਰਕਾਰ ਖਿਲਾਫ ਮਾਮਲਾ ਦਰਜ

07/14/2019 6:03:26 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)—  ਬੀਤੇ ਦਿਨੀਂ ਚੌਲਾਂਗ ਰੇਲਵੇ ਸਟੇਸ਼ਨ 'ਤੇ ਨਾਬਾਲਗ ਲੜਕੀ ਨਾਲ ਹੋਮ ਗਾਰਡ ਦੇ 2 ਕਰਮਚਾਰੀਆਂ ਵੱਲੋਂ ਕੀਤੇ ਗਏ ਜਬਰ-ਜ਼ਨਾਹ ਦੀ ਪੀੜਤ ਲੜਕੀ ਦੀ ਤਸਵੀਰ ਛਾਪ ਕੇ ਵਾਇਰਲ ਕਰਕੇ ਪਛਾਣ ਨੂੰ ਜਨਤਕ ਕਰਨ ਵਾਲੇ ਲੋਕਲ ਅਖਬਾਰ ਨਾਲ ਜੁੜੇ 2 ਲੋਕਾਂ ਖਿਲਾਫ ਪੋਕਸੋ ਐਕਟ ਦੀ ਧਾਰਾ-23 ਅਤੇ ਆਈ. ਪੀ. ਸੀ. ਦੀ ਧਾਰਾ 228-ਏ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਸ਼ਿਕਾਇਤਕਰਤਾ ਦਮਨਦੀਪ ਸਿੰਘ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਹੈ।

ਸ਼ਿਕਾਇਤ 'ਚ ਦਮਨਦੀਪ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਨਾਬਾਲਗ ਲੜਕੀ ਨਾਲ ਹੋਏ ਜਬਰ-ਜ਼ਨਾਹ ਦੀ ਘਟਨਾ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਖਬਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਦੇ ਹੋਏ ਪੀੜਤ ਲੜਕੀ ਦੀ ਪਛਾਣ ਨੂੰ ਜਨਤਕ ਕਰਕੇ ਇਹ ਪੋਸਟ ਵ੍ਹਟਸਐਪ ਦੇ ਇਕ ਗਰੁੱਪ 'ਚ ਪਾ ਦਿੱਤੀ ਸੀ। ਦਮਨਦੀਪ ਸਿੰਘ ਨੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਦੋਹਾਂ ਵਿਆਕਤੀਆਂ ਖਿਲਾਫ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕਰਨ ਲਈ ਸ਼ਿਕਾਇਤ ਦਰਜ ਕਰਵਾਈ। ਟਾਂਡਾ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News