ਪ੍ਰਾਪਰਟੀਆਂ ’ਤੇ ਸਿਰਫ਼ ਦੋ ਕਰੋੜ ਦੀਆਂ ਨੰਬਰ ਪਲੇਟਾਂ ਲਾਉਣ ’ਚ ਹੀ ਸਮਾਰਟ ਸਿਟੀ ਨੇ ਲਾ ਦਿੱਤੇ 4 ਸਾਲ

04/25/2022 12:40:54 PM

ਜਲੰਧਰ (ਖੁਰਾਣਾ)-ਪਿਛਲੇ ਸਮੇਂ ਦੌਰਾਨ ਜਲੰਧਰ ਸ਼ਹਿਰ ਨੂੰ ‘ਸਮਾਰਟ ਸਿਟੀ’ ਬਣਾਉਣ ਦੇ ਨਾਂ ’ਤੇ ਲਗਭਗ 850 ਕਰੋੜ ਰੁਪਏ ਦੇ ਪ੍ਰਾਜੈਕਟ ਚੜ੍ਹਾ ਦਿੱਤੇ ਗਏ, ਜਿਨ੍ਹਾਂ ਵਿਚੋਂ ਕੁਝ ਪੂਰੇ ਹੋ ਚੁੱਕੇ ਹਨ ਅਤੇ ਕਈ ਜਾਰੀ ਹਨ ਜਾਂ ਟੈਂਡਰ ਪ੍ਰਕਿਰਿਆ ਅਧੀਨ ਹਨ। ਇੰਨਾ ਭਾਰੀ-ਭਰਕਮ ਖ਼ਰਚ ਕਰਨ ਦੇ ਬਾਵਜੂਦ ਜਲੰਧਰ ਸਮਾਰਟ ਸਿਟੀ ਨੇ ਨਾ ਤਾਂ ਸ਼ਹਿਰ ਵਿਚ ਕੂੜੇ ਦੇ ਪ੍ਰਬੰਧ ਲਈ ਕੋਈ ਕੰਮ ਕੀਤਾ ਅਤੇ ਨਾ ਹੀ ਪਬਲਿਕ ਟਰਾਂਸਪੋਰਟ ਲਈ ਕੋਈ ਪੈਸਾ ਦਿੱਤਾ। ਸ਼ਹਿਰ ਦੇ ਟਰੈਫਿਕ ਸਿਸਟਮ ਨੂੰ ਸੁਧਾਰਨ ਦੇ ਨਾਂ ’ਤੇ ਕੋਈ ਪ੍ਰਾਜੈਕਟ ਨਹੀਂ ਬਣਾਇਆ ਗਿਆ। ਹੋਰ ਤਾਂ ਹੋਰ ਸ਼ਹਿਰ ਦੀਆਂ ਸਾਰੀਆਂ ਪ੍ਰਾਪਰਟੀਆਂ ’ਤੇ ਨੰਬਰ ਪਲੇਟਾਂ ਲਾਉਣ ਦਾ ਕੰਮ ਵੀ 4 ਸਾਲ ਲਟਕਾ ਕੇ ਰੱਖਿਆ ਗਿਆ, ਜਿਸ ’ਤੇ ਸਿਰਫ਼ 2 ਕਰੋੜ ਰੁਪਏ ਦੀ ਲਾਗਤ ਆਉਣੀ ਹੈ। ਹੁਣ ਜਾ ਕੇ ਜਲੰਧਰ ਸਿਟੀ ਨੇ ਇਸ ਪ੍ਰਾਜੈਕਟ ਦੇ ਵਰਕ ਆਰਡਰ ਜਾਰੀ ਕੀਤੇ ਹਨ, ਜਿਸ ਤਹਿਤ ਹੁਣ ਸ਼ਹਿਰ ਦੇ ਹਰ ਘਰ, ਦੁਕਾਨ, ਕਮਰਸ਼ੀਅਲ ਸੰਸਥਾ ਅਤੇ ਇੰਡਸਟਰੀ ਦੇ ਦਰਵਾਜ਼ੇ ’ਤੇ ਨਿਗਮ ਵੱਲੋਂ ਯੂ. ਆਈ. ਡੀ. ਨੰਬਰ ਪਲੇਟ ਲਾਈ ਜਾਵੇਗੀ, ਜਿਸ ’ਤੇ ਉਸ ਪ੍ਰਾਪਰਟੀ ਦਾ ਵਿਸ਼ੇਸ਼ ਯੂਨੀਕ ਆਇਡੈਂਟੀਫਿਕੇਸ਼ਨ ਕੋਡ ਲਿਖਿਆ ਹੋਵੇਗਾ। ਇਹ ਨੰਬਰ ਆਉਣ ਵਾਲੇ ਸਮੇਂ ਵਿਚ ਪ੍ਰਾਪਰਟੀ ਟੈਕਸ ਅਤੇ ਵਾਟਰ ਟੈਕਸ ਸਿਸਟਮ ਆਦਿ ਨਾਲ ਜੋੜਿਆ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਕਰਨ ਲਈ ਵੀ ਪ੍ਰਾਪਰਟੀ ਮਾਲਕ ਨੂੰ ਯੂ. ਆਈ. ਡੀ. ਨੰਬਰ ਦੇਣਾ ਹੋਵੇਗਾ, ਜਿਸ ਤੋਂ ਪਤਾ ਚੱਲ ਸਕੇਗਾ ਕਿ ਸ਼ਿਕਾਇਤਕਰਤਾ ਕਿਤੇ ਖ਼ੁਦ ਡਿਫ਼ਾਲਟਰ ਤਾਂ ਨਹੀਂ।

ਇਹ ਵੀ ਪੜ੍ਹੋ : ਜਲੰਧਰ 'ਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ, 3 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਕਿਊ. ਆਰ. ਕੋਡ ਵੀ ਲਿਖਿਆ ਹੋਵੇਗਾ
ਇਸ ਨੰਬਰ ਪਲੇਟ ’ਤੇ ਕਿਊ. ਆਰ. ਕੋਡ ਵੀ ਲਿਖਿਆ ਹੋਵੇਗਾ, ਜਿਸ ਜ਼ਰੀਏ ਨਿਗਮ ਕਰਮਚਾਰੀ ਉਸ ਨੂੰ ਸਕੈਨ ਕਰ ਕੇ ਟੈਕਸੇਸ਼ਨ ਨਾਲ ਸਬੰਧਤ ਰਿਕਾਰਡ ਜਾਂਚ ਸਕਣਗੇ। ਕੋਡ ਜ਼ਰੀਏ ਡਿਫਾਲਟਰ ਜਾਂ ਟੈਕਸ ਦੀ ਸਥਿਤੀ ਬਾਰੇ ਵੀ ਪਤਾ ਚੱਲ ਸਕੇਗਾ। ਇਸ ਨਾਲ ਨਿਗਮ ਟੀਮਾਂ ਨੂੰ ਕਾਫੀ ਆਸਾਨੀ ਹੋਵੇਗੀ।

2018 ਦੇ ਸਰਵੇ ਦਾ ਕੋਈ ਲਾਭ ਨਹੀਂ ਲਿਆ
ਦਾਰਾਸ਼ਾਹ ਐਂਡ ਕੰਪਨੀ ਨੇ ਲੱਖਾਂ ਰੁਪਏ ਲੈ ਕੇ 2018 ਵਿਚ ਸ਼ਹਿਰ ਦਾ ਜੀ. ਆਈ. ਐੱਸ. ਸਰਵੇ ਪੂਰਾ ਕਰ ਲਿਆ ਸੀ, ਜਿਸ ਨੂੰ ਟੈਕਸੇਸ਼ਨ ਰਿਕਾਰਡ ਨਾਲ ਸਿਰਫ਼ ਜੋੜਿਆ ਜਾਣਾ ਸੀ।
ਅਜਿਹਾ ਕਰਨ ਨਾਲ ਨਗਰ ਨਿਗਮ ਦੀ ਆਮਦਨ ਲਗਭਗ 100 ਕਰੋੜ ਰੁਪਏ ਸਾਲ ਵਿਚ ਵਧ ਸਕਦੀ ਸੀ ਪਰ ਲਾਪ੍ਰਵਾਹ ਅਤੇ ਨਾਲਾਇਕ ਅਧਿਕਾਰੀਆਂ ਨੇ ਅਜਿਹਾ ਨਹੀਂ ਕੀਤਾ। ਇਸੇ ਕਾਰਨ ਨਿਗਮ ਨੂੰ 4 ਸਾਲਾਂ ਵਿਚ ਲਗਭਗ 400 ਕਰੋੜ ਰੁਪਏ ਦਾ ਚੂਨਾ ਲੱਗਾ। ਹੁਣ ਵੀ ਜੇਕਰ ਯੂ. ਆਈ. ਡੀ. ਨੰਬਰਾਂ ਨੂੰ ਟੈਕਸ ਰਿਕਾਰਡ ਨਾਲ ਜੋੜਿਆ ਨਹੀਂ ਜਾਂਦਾ ਤਾਂ ਆਉਣ ਵਾਲੇ ਸਮੇਂ ਵਿਚ ਵੀ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗਦਾ ਰਹੇਗਾ।

ਇਹ ਵੀ ਪੜ੍ਹੋ : ਵਿਦੇਸ਼ ਤੋਂ ਆਈ ਫੋਨ ਕਾਲ ਦੇ ਝਾਂਸੇ 'ਚ ਫਸਿਆ ਫ਼ੌਜ ਦਾ ਅਧਿਕਾਰੀ, ਅਸਲੀਅਤ ਪਤਾ ਲੱਗਣ 'ਤੇ ਉੱਡੇ ਹੋਸ਼

ਪਹਿਲੇ ਸਰਵੇ ਵਿਚ ਇੰਨੀ ਪ੍ਰਾਪਰਟੀ ਦਾ ਲੱਗਿਆ ਸੀ ਪਤਾ
ਕੁਲ ਸੈਕਟਰ : 20
ਨੰਬਰ ਆਫ ਪ੍ਰਾਪਰਟੀਜ਼ : 2.91 ਲੱਖ
ਘਰੇਲੂ, ਕਮਰਸ਼ੀਅਲ ਅਤੇ ਕਾਰੋਬਾਰੀ ਪ੍ਰਾਪਰਟੀਜ਼ : 1.89 ਲੱਖ
ਓਪਨ ਪਲਾਟ : 58709
ਧਾਰਮਿਕ ਸਥਾਨ : 1296
ਸਰਵੇ ਦੌਰਾਨ ਜਿਥੇ ਦਰਵਾਜ਼ੇ ਬੰਦ ਮਿਲੇ : 24734
ਖੇਤੀਬਾੜੀ ਯੋਗ ਜ਼ਮੀਨ : 1553
ਐੱਨ. ਆਰ. ਆਈ. ਪ੍ਰਾਪਰਟੀਜ਼ : 390
ਕਿਰਾਏ ਦੀ ਪ੍ਰਾਪਰਟੀ : 9912

ਇਹ ਵੀ ਪੜ੍ਹੋ :  ਅੱਧੀ ਰਾਤ ਨੂੰ ਘਰ 'ਚ ਦਾਖ਼ਲ ਹੋ ਕੇ NRI ਨੂੰ ਮਾਰੀ ਗੋਲ਼ੀ, ਫਿਰ ਨੂੰਹ ਨੂੰ ਬੰਦੀ ਬਣਾ ਦਿੱਤਾ ਵਾਰਦਾਤ ਨੂੰ ਅੰਜਾਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News