ਹੁਣ ਕੁਨੈਕਸ਼ਨ ਕੱਟਣ ਦੇ ਨਾਲ ਹੀ ਉਤਾਰੇ ਜਾਣਗੇ ਬਿਜਲੀ ਮੀਟਰ

03/07/2020 11:39:09 AM

ਜਲੰਧਰ (ਪੁਨੀਤ)— ਪਾਵਰ ਨਿਗਮ ਨੇ ਬਿਜਲੀ ਬਿੱਲਾਂ ਦੇ ਡਿਫਾਲਟਰਾਂ ਤੋਂ ਰਿਕਵਰੀ ਨੂੰ ਲੈ ਕੇ ਫਾਈਨਲ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ 'ਚ ਧੜੱਲੇ ਨਾਲ ਮੀਟਰ ਕੁਨੈਕਸ਼ਨ ਕੱਟੇ ਜਾਣਗੇ, ਇਹ ਪਲਾਨ 31 ਮਾਰਚ ਦੀ ਕਲੋਜ਼ਿੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਬਣਾਇਆ ਗਿਆ ਹੈ ਤਾਂ ਕਿ ਵਿਭਾਗ ਨੂੰ ਵੱਧ ਤੋਂ ਵੱਧ ਰਿਕਵਰੀ ਹੋ ਸਕੇ। ਇਸ ਪਲਾਨ ਦੇ ਤਹਿਤ ਕੇਵਲ ਕੁਨੈਕਸ਼ਨ ਹੀ ਨਹੀਂ ਕੱਟੇ ਜਾਣਗੇ, ਸਗੋਂ ਮੀਟਰ ਵੀ ਉਤਾਰ ਲਏ ਜਾਣਗੇ।

ਰਿਕਵਰੀ ਨੂੰ ਲੈ ਕੇ ਪਟਿਆਲਾ ਤੋਂ ਆਏ ਮੈਂਬਰ ਡਿਸਟਰੀਬਿਊਸ਼ਨ ਐੱਨ. ਕੇ. ਸ਼ਰਮਾ ਵੱਲੋਂ ਬੀਤੇ ਦਿਨ ਪਾਵਰ ਨਿਗਮ ਨਾਰਥ ਜ਼ੋਨ ਦੇ ਹੈੱਡ ਆਫਿਸ ਸ਼ਕਤੀ ਸਦਨ 'ਚ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ, ਜਿਸ 'ਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ ਸਰਕਲਾਂ ਦੇ ਅਧਿਕਾਰੀ ਸ਼ਾਮਲ ਹੋਣਗੇ। ਇਸ ਦੌਰਾਨ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਜਿਸ ਵਿਅਕਤੀ ਦੀ ਲੰਬੇ ਸਮੇਂ ਤੋਂ ਰਾਸ਼ੀ ਖੜ੍ਹੀ ਹੈ ਅਤੇ ਉਸ ਦਾ ਭੁਗਤਾਨ ਨਹੀਂ ਹੋ ਰਿਹਾ ਹੈ, ਉਸ ਦਾ ਮੀਟਰ ਉਤਾਰ ਦਿੱਤਾ ਜਾਵੇ। ਨਾਰਥ ਜ਼ੋਨ ਦੇ ਅਧੀਨ ਆਉਂਦੇ ਸਰਕਲਾਂ ਵਿਚ ਸਰਕਾਰੀ ਵਿਭਾਗਾਂ ਨੂੰ ਛੱਡ ਕੇ ਖਪਤਕਾਰਾਂ 'ਤੇ 140 ਕਰੋੜ ਰੁਪਏ ਦਾ ਕਰੀਬ ਬਕਾਇਆ ਖੜ੍ਹਾ ਹੈ।

ਐੱਨ. ਕੇ. ਸ਼ਰਮਾ ਨੇ ਕਿਹਾ ਕਿ ਰਿਕਵਰੀ ਵਿਚ ਕਿਸੇ ਤਰ੍ਹਾਂ ਦੀ ਕੋਤਾਹੀ ਨੂੰ ਬਰਦਾਸ਼ਤ ਨਾ ਕੀਤਾ ਜਾਵੇ, ਹਰੇਕ ਡਵੀਜ਼ਨ ਤੋਂ ਰੋਜ਼ਾਨਾ ਰਿਪੋਰਟ ਲੈ ਕੇ ਉਸ 'ਤੇ ਰੀਵਿਊ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਐਕਸੀਅਨ ਸਮੇਤ ਸੀਨੀਅਰ ਅਧਿਕਾਰੀ ਖੁਦ ਮੌਕੇ 'ਤੇ ਜਾ ਕੇ ਰਿਕਵਰੀ ਲਈ ਜ਼ਰੂਰੀ ਕਦਮ ਚੁੱਕਣਗੇ। ਉਥੇ ਰਿਕਵਰੀ ਸਬੰਧੀ ਰਿਪੋਰਟ ਹਰ ਰੋਜ਼ ਪਟਿਆਲਾ ਭੇਜਣ ਨੂੰ ਵੀ ਕਿਹਾ ਗਿਆ ਹੈ।

ਮੀਟਿੰਗ 'ਚ ਚੀਫ ਇੰਜੀਨੀਅਰ ਗੋਪਾਲ ਸ਼ਰਮਾ, ਡਿਪਟੀ ਚੀਫ ਇੰਜੀਨੀਅਰ ਹੈੱਡਕੁਆਰਟਰ ਐਂਡ ਐਡਮਨਿਸਟ੍ਰੇਸ਼ਨ ਆਰ. ਪੀ. ਐੱਸ. ਰੰਧਾਵਾ, ਨਵਾਂਸ਼ਹਿਰ ਸਰਕਲ ਤੋਂ ਡਿਪਟੀ ਚੀਫ ਇੰਜੀਨੀਅਰ ਡੀ. ਕੇ. ਸ਼ਰਮਾ, ਜਲੰਧਰ ਸਰਕਲ ਤੋਂ ਸੁਪਰਿੰਟੈਂਡੈਂਟ ਇੰਜੀਨੀਅਰ/ਡਿਪਟੀ ਚੀਫ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ, ਕਪੂਰਥਲਾ ਸਰਕਲ ਤੋਂ ਸੁਪਰਿੰਟੈਂਡੈਂਟ ਇੰਜੀਨੀਅਰ ਇੰਦਰਪਾਲ ਸਿੰਘ, ਜਲੰਧਰ ਸਰਕਲ ਤੋਂ ਐਕਸੀਅਨ ਦਵਿੰਦਰਪਾਲ ਸਿੰਘ, ਚੇਤਨ ਭਗਤ ਸਮੇਤ ਵੱਖ-ਵੱਖ ਸਰਕਲਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਸਰਕਾਰੀ ਵਿਭਾਗਾਂ ਦਾ 200 ਕਰੋੜ ਰੁਪਏ ਦਾ ਬਕਾਇਆ
ਪਾਵਰਕਾਮ ਨਾਰਥ ਜ਼ੋਨ ਦੇ ਚੀਫ ਇੰਜੀਨੀਅਰ ਗੋਪਾਲ ਸ਼ਰਮਾ ਕਹਿੰਦੇ ਹਨ ਕਿ 140 ਕਰੋੜ ਰੁਪਏ ਪ੍ਰਾਈਵੇਟ ਖਪਤਕਾਰਾਂ 'ਤੇ ਬਕਾਇਆ ਹੈ, ਜਦਕਿ ਸਰਕਾਰੀ ਵਿਭਾਗਾਂ 'ਤੇ ਨਾਰਥ ਜ਼ੋਨ ਦਾ 200 ਕਰੋੜ ਰੁਪਏ ਦਾ ਬਕਾਇਆ ਹੈ। ਉਨ੍ਹਾਂ ਕਿਹਾ ਕਿ ਪਬਲਿਕ ਹਿੱਤਾਂ ਨੂੰ ਵੇਖਦੇ ਹੋਏ ਸਰਕਾਰੀ ਕੁਨੈਕਸ਼ਨ ਨਹੀਂ ਕੱਟੇ ਜਾਂਦੇ।


ਇਹ ਵੀ ਪੜ੍ਹੋ: ਸ਼ਹਿਰ ਵਿਚ 1 ਲੱਖ ਘਰਾਂ ’ਚ ਲੱਗੇ ਹਨ ਨਾਜਾਇਜ਼ ਵਾਟਰ ਕੁਨੈਕਸ਼ਨ


shivani attri

Content Editor

Related News