ਬਿਜਲੀ ਖਪਤਕਾਰ ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਛੁਡਵਾਉਣ ਸਰਚਾਰਜ/ਵਿਆਜ

09/23/2019 3:51:21 PM

ਜਲੰਧਰ (ਜ. ਬ.)— ਪਾਵਰ ਨਿਗਮ ਵੱਲੋਂ ਬਿਜਲੀ ਖਪਤਕਾਰਾਂ ਲਈ ਜੋ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਗਈ, ਉਸ ਪ੍ਰਤੀ ਖਪਤਕਾਰ ਜਾਗਰੂਕ ਨਜ਼ਰ ਨਹੀਂ ਆ ਰਹੇ, ਜਦਕਿ ਸੱਚਾਈ ਇਹ ਹੈ ਕਿ ਇਸ ਸਕੀਮ ਰਾਹੀਂ ਬਿੱਲ 'ਚ ਲੱਗੇ ਸਰਚਾਰਜ ਤੇ ਵਿਆਜ ਦੀ ਵੱਡੀ ਰਕਮ ਨੂੰ ਛੁਡਵਾਇਆ ਜਾ ਸਕਦਾ ਹੈ। ਇਹ ਸਕੀਮ ਘਰੇਲੂ, ਕਮਰਸ਼ੀਅਲ, ਇੰਡਸਟਰੀ, ਟਿਊਬਵੈੱਲ ਕੁਨੈਕਸ਼ਨਾਂ ਸਣੇ ਹਰ ਤਰ੍ਹਾਂ ਦੇ ਖਪਤਕਾਰਾਂ ਲਈ ਲਾਗੂ ਹੈ। ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਜਿਨ੍ਹਾਂ ਲੋਕਾਂ ਦਾ ਬਿੱਲ ਲੰਬੇ ਸਮੇਂ ਤੋਂ ਪੈਂਡਿੰਗ ਚੱਲ ਰਿਹਾ ਹੈ ਉਹ ਲੋਕ ਇਸ ਸਕੀਮ ਦਾ ਫਾਇਦਾ ਉਠਾ ਕੇ ਮੋਟੀ ਰਕਮ ਬਚਾ ਸਕਦੇ ਹਨ।
ਪਿਛਲੇ ਸਮੇਂ ਦੌਰਾਨ ਦੇਖਣ 'ਚ ਆਇਆ ਕਿ ਕੁਝ ਖਪਤਕਾਰਾਂ ਦਾ ਪਿਛਲੇ ਕਈ ਸਾਲਾਂ ਤੋਂ ਹਜ਼ਾਰਾਂ/ਲੱਖਾਂ ਰੁਪਏ ਦਾ ਬਿੱਲ ਬਕਾਇਆ ਹੈ, ਅਜਿਹੇ ਖਪਤਕਾਰ ਪੁਰਾਣਾ ਬਿੱਲ ਜਮ੍ਹਾ ਨਹੀਂ ਕਰਵਾਉਂਦੇ ਅਤੇ ਬਿੱਲ 'ਚ ਜੋ ਨਵੀਂ ਰਕਮ ਲੱਗ ਕੇ ਆਉਂਦੀ ਹੈ ਉਸ ਨੂੰ ਜਮ੍ਹਾ ਕਰਵਾਉਂਦੇ ਰਹਿੰਦੇ ਹਨ। ਅਜਿਹੇ 'ਚ ਖਪਤਾਕਰ ਨੂੰ ਪੈਂਡਿੰਗ ਰਕਮ 'ਤੇ ਸਰਚਾਰਜ/ਵਿਆਜ ਪੈਂਦਾ ਰਹਿੰਦਾ ਹੈ, ਜਿਸ ਨਾਲ ਹਰੇਕ ਮਹੀਨੇ ਪੈਂਡਿੰਗ ਰਕਮ ਵਧਦੀ ਜਾਂਦੀ ਹੈ। ਅਜਿਹੇ ਖਪਤਕਾਰਾਂ ਦੀ ਵਿਆਜ ਤੇ ਸਰਚਾਰਜ ਦੀ ਮੋਟੀ ਰਕਮ ਬਚ ਸਕਦੀ ਹੈ। ਇਸ ਦੇ ਲਈ ਖਪਤਾਕਰ ਨੂੰ ਵਨ ਟਾਈਮ ਸੈਟਲਮੈਂਟ ਸਕੀਮ ਅਪਣਾਉਣੀ ਹੋਵੇਗੀ।

ਸੈਟਲਮੈਂਟ ਲਈ ਕੌਣ ਕਿੰਨੇ ਜਮ੍ਹਾ ਕਰਵਾਏਗਾ
ਵਨ ਟਾਈਮ ਸੈਟਲਮੈਂਟ ਸਕੀਮ ਲਈ ਖਪਤਕਾਰ ਨੂੰ ਡਿਵੀਜ਼ਨ ਪੱਧਰ 'ਤੇ ਇਕ ਐਪਲੀਕੇਸ਼ਨ ਦੇਣੀ ਹੋਵੇਗੀ, ਜਿਸ ਰਾਹੀਂ ਉਹ ਇਸ ਸਕੀਮ ਦਾ ਹਿੱਸਾ ਬਣ ਜਾਏਗਾ। ਘਰੇਲੂ ਤੇ ਕਮਰਸ਼ੀਅਲ ਖਪਤਕਾਰ ਨੂੰ ਇਸ ਦੇ ਲਈ ਐਪਲੀਕੇਸ਼ਨ ਦੇ ਨਾਲ 2000 ਰੁਪਏ ਜਮ੍ਹਾ ਕਰਵਾਉਣੇ ਹੋਣਗੇ, ਜਦਕਿ ਇੰਡਸਟਰੀ ਨੂੰ 5000 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਬਾਅਦ ਉਕਤ ਖਪਤਕਾਰਾਂ ਦੀ ਪ੍ਰੋਸੈਸਿੰਗ ਸ਼ੁਰੂ ਹੋ ਜਾਏਗੀ।

ਕਿਸ ਦੇ ਕੋਲ ਕਿੰਨੀ ਪਾਵਰ
ਬਿੱਲ ਦੀ ਰਕਮ ਮੁਤਾਬਕ ਅਧਿਕਾਰੀਆਂ ਦੀ ਪਾਵਰ ਹੁੰਦੀ ਹੈ, ਉਨ੍ਹਾਂ ਦੀ ਟੀਮ 'ਚ ਇਕ ਅਕਾਊਂਟ ਆਫੀਸਰ ਹੁੰਦਾ ਹੈ, ਜੋ ਕਿ ਕੇਸ ਨੂੰ ਡੀਲ ਕਰਦਾ ਹੈ। ਐਕਸੀਅਨ ਦੀ ਪਾਵਰ 10 ਲੱਖ ਰੁਪਏ ਤੇ ਟੀਮ 'ਚ ਏ. ਓ. (ਅਕਾਊਂਟ ਆਫੀਸਰ), ਡਿਪਟੀ ਚੀਫ ਇੰਜੀਨੀਅਰ/ਐੱਸ. ਈ. ਦੀ ਪਾਵਰ 20 ਲੱਖ ਰੁਪਏ ਤਕ ਤੇ ਟੀਮ 'ਚ ਡਿਪਟੀ ਸੀ. ਏ. ਓ. (ਡਿਪਟੀ ਚੀਫ ਅਕਾਊਂਟ ਆਫੀਸਰ) ਇਸੇ ਤਰ੍ਹਾਂ ਚੀਫ ਇੰਜੀਨੀਅਰ 50 ਲੱਖ ਰੁਪਏ ਤਕ ਦਾ ਕੇਸ ਡੀਲ ਕਰ ਸਕਦਾ ਹੈ। ਉਨ੍ਹਾਂ ਦੀ ਟੀਮ 'ਚ ਸੀ. ਏ. ਓ. (ਚੀਫ ਅਕਾਊਂਟ ਆਫੀਸਰ) ਹੁੰਦਾ ਹੈ, ਜੋ ਕਿ ਪਟਿਆਲਾ ਤੋਂ ਆਉਂਦਾ ਹੈ। 50 ਲੱਖ ਤੋਂ ਉਪਰ ਪਟਿਆਲਾ 'ਚ ਚੀਫ ਇੰਜੀਨੀਅਰ ਕਮਰਸ਼ੀਅਲ ਦੇ ਕੋਲ ਕੇਸ ਜਾਂਦੇ ਹਨ, ਮੌਜੂਦਾ ਸਮੇਂ 'ਚ ਪ੍ਰਦੀਪ ਗੁਪਤਾ ਇਸ ਅਹੁਦੇ 'ਤੇ ਤਾਇਨਾਤ ਹਨ।

9 ਤੱਕ ਕਿਸ਼ਤਾਂ ਕਰਵਾਉਣ ਦੀ ਵੀ ਵਿਵਸਥਾ
ਬਿੱਲ ਸੈਟਲ ਹੋਣ 'ਤੇ ਸਰਚਾਰਜ/ਵਿਆਜ ਕੱਟਣ ਤੋਂ ਬਾਅਦ ਜੋ ਰਕਮ ਬਚਦੀ ਹੈ, ਉਸ ਦੀਆਂ ਕਿਸ਼ਤਾਂ ਕਰਵਾਉਣ ਦੀ ਵੀ ਵਿਵਸਥਾ ਹੈ। ਐੱਸ. ਡੀ. ਓ. ਦੀ ਗੱਲ ਕੀਤੀ ਜਾਏ ਤਾਂ ਉਹ ਕੁਲ ਰਕਮ ਦੀਆਂ 3 ਕਿਸ਼ਤਾਂ ਕਰ ਸਕਦਾ ਹੈ, ਜਦਕਿ ਐਕਸੀਅਨ ਦੇ ਕੋਲ 6 ਕਿਸ਼ਤਾਂ ਕਰਨ ਦੀ ਪਾਵਰ ਹੁੰਦੀ ਹੈ। ਸਭ ਤੋਂ ਵੱਧ ਪਾਵਰ ਡਿਪਟੀ ਚੀਫ ਇੰਜੀਨੀਅਨ/ਐੱਸ. ਈ. ਦੀ ਹੁੰਦੀ ਹੈ, ਉਹ ਕੁਲ ਰਕਮ ਦੀਆਂ 9 ਕਿਸ਼ਤਾਂ ਕਰਨ ਦਾ ਅਧਿਕਾਰ ਰੱਖਦੇ ਹਨ।

ਜਿਸ ਦੇ ਬਿੱਲ 'ਚ ਦਿੱਕਤ ਉਹ ਸੰਪਰਕ ਕਰਨ : ਇੰਜੀ. ਬਾਂਸਲ
ਡਿਪਟੀ ਚੀਫ ਇੰਜੀਨੀਅਰ/ਐੱਸ. ਈ. ਹਰਜਿੰਦਰ ਸਿੰਘ ਬਾਂਸਲ ਦਾ ਕਹਿਣਾ ਹੈ ਕਿ ਬਹੁਤ ਸਾਰੇ ਅਜਿਹੇ ਕੇਸ ਉਨ੍ਹਾਂ ਦੇ ਧਿਆਨ 'ਚ ਆਏ ਹਨ, ਜਿਸ 'ਚ ਖਪਤਕਾਰ ਨੂੰ ਬਿੱਲ ਗਲਤ ਮਿਲਣ ਦੀ ਸ਼ਿਕਾਇਤ ਰਹਿੰਦੀ ਹੈ। ਇੰਜੀ. ਬਾਂਸਲ ਨੇ ਕਿਹਾ ਕਿ ਅਜਿਹੇ ਖਪਤਕਾਰ ਉਨ੍ਹਾਂ ਨਾਲ ਸੰਪਰਕ ਕਰਨ, ਬਿੱਲ ਨੂੰ ਠੀਕ ਕਰਨ ਦਾ ਪ੍ਰੋਸੈੱਸ ਤੁਰੰਤ ਸ਼ੁਰੂ ਕਰਨਗੇ। ਜੇਕਰ ਕਿਸੇ ਖਪਤਕਾਰ ਦੇ ਮੀਟਰ ਦੀ ਚੈਕਿੰਗ ਦੀ ਲੋੜ ਮਹਿਸਸੂ ਹੋਵੇਗੀ ਤਾਂ ਉਸ ਨੂੰ ਵੀ ਤੁਰੰਤ ਐੱਮ. ਈ. ਲੈਬ 'ਚ ਚੈਕਿੰਗ ਲਈ ਭੇਜਿਆ ਜਾਏਗਾ। ਉਨ੍ਹਾਂ ਕਿਹਾ ਕਿ ਜਾਣਕਾਰੀ ਦੀ ਘਾਟ 'ਚ ਲੋਕ ਬਿਜਲੀ ਦਫਤਰ ਨਹੀਂ ਆਉਂਦੇ, ਜੇਕਰ ਸਬ-ਡਵੀਜ਼ਨ 'ਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਪੇਸ਼ ਆਏ ਤਾਂ ਖਪਤਕਾਰ ਪਾਵਰ ਨਿਗਮ ਦੇ ਸ਼ਕਤੀ ਸਦਨ ਸਥਿਤ ਦਫਤਰ 'ਚ ਉਨ੍ਹਾਂ ਨਾਲ ਸੰਪਰਕ ਕਰਨ।


shivani attri

Content Editor

Related News