ਵਸੂਲੀ ਮੁਹਿੰਮ: 157 ਡਿਫ਼ਾਲਟਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ, 1.46 ਕਰੋੜ ਦੀ ਰਿਕਵਰੀ
Friday, Jun 24, 2022 - 04:02 PM (IST)
ਜਲੰਧਰ (ਪੁਨੀਤ)–ਪਿਛਲੇ ਕਈ ਦਿਨਾਂ ਤੋਂ ਬੰਦ ਪਈ ਵਸੂਲੀ ਮੁਹਿੰਮ ਬੀਤੇ ਦਿਨ ਦੋਬਾਰਾ ਸ਼ੁਰੂ ਕਰਦਿਆਂ ਨਾਰਥ ਜ਼ੋਨ ਦੇ ਸਰਕਲਾਂ ਨੇ ਵੱਡੇ ਪੱਧਰ ’ਤੇ ਰਿਕਵਰੀ ਕਰਕੇ ਕਈ ਮਹੀਨਿਆਂ ਤੋਂ ਬਿੱਲ ਅਦਾ ਨਾ ਕਰਨ ਵਾਲੇ ਕੁਨੈਕਸ਼ਨ ਕੱਟੇ ਅਤੇ ਸੈਂਕਸ਼ਨ ਲੋਡ ਤੋਂ ਦੋਗੁਣਾ ਲੋਡ ਚਲਾ ਰਹੇ ਖ਼ਪਤਕਾਰਾਂ ਨੂੰ ਨੋਟਿਸ ਜਾਰੀ ਕੀਤੇ। ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਬਕਾਇਆ ਖੜ੍ਹੇ ਖ਼ਪਤਕਾਰਾਂ ਨੇ 30 ਜੂਨ ਤੱਕ ਆਪਣੇ ਬਿੱਲਾਂ ਦਾ ਭੁਗਤਾਨ ਨਾ ਕੀਤਾ ਤਾਂ ਉਨ੍ਹਾਂ ਦੇ ਮੀਟਰ ਕੱਟ ਦਿੱਤੇ ਜਾਣਗੇ। ਨਾਰਥ ਜ਼ੋਨ ਦੇ ਚੀਫ ਇੰਜੀ. ਦਵਿੰਦਰ ਕੁਮਾਰ ਸ਼ਰਮਾ ਵੱਲੋਂ ਸਰਕਲ ਮੁਖੀਆਂ ਨੂੰ ਰਿਕਵਰੀ ਕਰਨ ਸਬੰਧੀ ਗਾਈਡ ਲਾਈਨਜ਼ ਜਾਰੀ ਕੀਤੀਆਂ ਗਈਆਂ। ਇਸ ਲੜੀ ਵਿਚ ਸਰਕਲਾਂ ਵੱਲੋਂ ਵੱਖ-ਵੱਖ ਡਿਵੀਜ਼ਨਾਂ ਅਧੀਨ ਟੀਮਾਂ ਦਾ ਗਠਨ ਕਰਕੇ ਰਿਕਵਰੀ ਲਈ ਭੇਜਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬਿੱਲਾਂ ਦੀ ਅਦਾਇਗੀ ਨੂੰ ਲੈ ਕੇ ਲੋਕਾਂ ਵੱਲੋਂ ਗੰਭੀਰਤਾ ਨਹੀਂ ਵਿਖਾਈ ਜਾ ਰਹੀ, ਜਿਸ ਕਾਰਨ ਮੁਹਿੰਮ ਚਲਾਉਂਦਿਆਂ 157 ਕੁਨੈਕਸ਼ਨ ਕੱਟੇ ਗਏ।
ਇਹ ਵੀ ਪੜ੍ਹੋ: ਜਲੰਧਰ ਪੁਲਸ ਹੱਥ ਲੱਗੀ ਕਾਮਯਾਬੀ, ਹਥਿਆਰਾਂ ਤੇ ਵਿਦੇਸ਼ੀ ਕਰੰਸੀ ਸਣੇ 13 ਸ਼ੂਟਰ ਕੀਤੇ ਗ੍ਰਿਫ਼ਤਾਰ
ਵਿਭਾਗੀ ਕਾਰਵਾਈ ਤਹਿਤ ਸ਼ਾਮ ਤੱਕ ਪਾਵਰਕਾਮ ਨਾਰਥ ਜ਼ੋਨ ਅਧੀਨ 1.46 ਕਰੋੜ ਰੁਪਏ ਦੇ ਬਿੱਲਾਂ ਦੇ ਰੂਪ ਵਿਚ ਵਿਭਾਗ ਦੇ ਖ਼ਾਤੇ ਵਿਚ ਜਮ੍ਹਾ ਹੋਏ। ਹਰੇਕ ਟੀਮ ਨੂੰ ਲੱਖਾਂ ਦੇ ਹਿਸਾਬ ਨਾਲ ਲਿਸਟਾਂ ਮੁਹੱਈਆ ਕਰਵਾਈਆਂ ਗਈਆਂ ਅਤੇ ਹਰ ਟੀਮ ਨੂੰ ਘੱਟ ਤੋਂ ਘੱਟ 20 ਕੁਨੈਕਸ਼ਨਾਂ ਤੋਂ ਰਿਕਵਰੀ ਯਕੀਨੀ ਬਣਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਗਏ। ਇਸ ਲੜੀ ਵਿਚ ਬਣਾਈਆਂ ਗਈਆਂ ਲਿਸਟਾਂ ਵਿਚ ਸਿਰਫ ਕੁਝ ਖਪਤਕਾਰ ਹੀ ਅਜਿਹੇ ਸਨ, ਜਿਨ੍ਹਾਂ ਨੇ ਪਿਛਲੇ ਦਿਨੀਂ ਬਿੱਲ ਜਮ੍ਹਾ ਕਰ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਲਿਸਟਾਂ ਪੁਰਾਣੀਆਂ ਸਨ ਅਤੇ ਨਵੀਆਂ ਲਿਸਟਾਂ ਸੋਮਵਾਰ ਤੱਕ ਤਿਆਰ ਕਰਵਾਈਆਂ ਜਾ ਰਹੀਆਂ ਹਨ। ਉਕਤ ਟੀਮਾਂ ਨੂੰ ਰਿਕਵਰੀ ਕਰਨ ਦੇ ਨਾਲ-ਨਾਲ ਲੋਡ ਚੈੱਕ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ। ਇਸ ਲੜੀ ਵਿਚ ਦੇਖਣ ਵਿਚ ਆਇਆ ਕਿ ਸ਼ਹਿਰ ਦੇ ਤੰਗ ਮੁਹੱਲਿਆਂ ਵਿਚ ਗਈਆਂ ਟੀਮਾਂ ਨੂੰ ਅਜਿਹੇ ਕਈ ਕੁਨੈਕਸ਼ਨ ਫੜਨ ਵਿਚ ਸਫਲਤਾ ਮਿਲੀ, ਜਿਹੜੇ ਕਿ ਸੈਂਕਸ਼ਨ ਇਕ ਕਿਲੋਵਾਟ ਲੋਡ ’ਤੇ 3 ਕਿਲੋਵਾਟ ਤੋਂ ਵੱਧ ਦੀ ਵਰਤੋਂ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 64 ਦੇ ਲਗਭਗ ਕੇਸ ਫੜੇ ਗਏ ਸਨ, ਜਿਹੜੇ ਕਿ ਸੈਂਕਸ਼ਨ ਲੋਡ ਤੋਂ ਦੋਗੁਣਾ ਲੋਡ ਵਰਤ ਰਹੇ ਸਨ। ਵਿਭਾਗ ਵੱਲੋਂ ਇਨ੍ਹਾਂ ਖ਼ਪਤਕਾਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਅਤੇ ਲੋਡ ਵਧਾਉਣ ਲਈ ਕਿਹਾ ਗਿਆ। ਮਹਿਕਮੇ ਵੱਲੋਂ ਕਮਰਸ਼ੀਅਲ ਕੁਨੈਕਸ਼ਨਾਂ ਨੂੰ ਵੀ ਚੈੱਕ ਕਰਵਾਇਆ ਜਾ ਰਿਹਾ ਹੈ ਤਾਂ ਕਿ ਲੋਡ ਦੀ ਵਰਤੋਂ ਅਤੇ ਟਰਾਂਸਫਾਰਮਰ ਤੋਂ ਚੱਲ ਰਹੇ ਲੋਡ ਦੇ ਅੰਤਰ ਨੂੰ ਖ਼ਤਮ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਬਲਾਚੌਰ: ਮਾਪਿਆਂ ਦੇ ਇਕਲੌਤੇ ਪੁੱਤ ਤੇ 5 ਭੈਣਾਂ ਦੇ ਭਰਾ ਦੀ ਸਪੇਨ 'ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
15-20 ਹਜ਼ਾਰ ਬਕਾਇਆ ਵਾਲੇ ਨਿਸ਼ਾਨੇ ’ਤੇ
ਸਰਕਾਰ ਵੱਲੋਂ ਦਸੰਬਰ ਤੱਕ ਦੇ ਬਿੱਲਾਂ ਵਿਚ ਰਾਹਤ ਦਿੱਤੀ ਗਈ ਸੀ। ਇਸ ਲੜੀ ਵਿਚ 2 ਕਿਲੋਵਾਟ ਵਾਲੇ ਖ਼ਪਤਕਾਰਾਂ ਦੇ ਬਿੱਲ ਮੁਆਫ ਕੀਤੇ ਗਏ ਸਨ। ਵਿਭਾਗ ਵੱਲੋਂ ਸਰਕਾਰ ਦੇ ਹੁਕਮਾਂ ਦੀ ਉਡੀਕ ਵਜੋਂ ਕੁਨੈਕਸ਼ਨ ਕੱਟਣ ਦੀ ਕਾਰਵਾਈ ਰੋਕੀ ਗਈ ਸੀ। ਫਾਈਨਲ ਹੁਕਮ ਆਉਣ ਤੋਂ ਬਾਅਦ ਕੁਨੈਕਸ਼ਨ ਕੱਟਣ ਦੀ ਸ਼ੁਰੂਆਤ ਵਿਚ ਇਕ ਲੱਖ ਵਾਲੇ ਖਪਤਕਾਰਾਂ ਨੂੰ ਟਾਰਗੈੱਟ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹੁਣ 15-20 ਹਜ਼ਾਰ ਵਾਲੇ ਖਪਤਕਾਰ ਵੀ ਹੁਣ ਵਿਭਾਗ ਦੇ ਨਿਸ਼ਾਨੇ ’ਤੇ ਹਨ। ਫੀਲਡ ਸਟਾਫ਼ ਨੂੰ ਹਦਾਇਤਾਂ ਹਨ ਕਿ ਉਹ ਮਹੀਨਿਆਂ ਤੋਂ ਬਿੱਲ ਅਦਾ ਨਾ ਕਰਨ ਵਾਲੇ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟਣ, ਭਾਵੇਂ ਉਨ੍ਹਾਂ ਦਾ ਬਿੱਲ 10 ਤੋਂ 15 ਹਜ਼ਾਰ ਹੀ ਕਿਉਂ ਨਾ ਹੋਵੇ।
ਇਹ ਵੀ ਪੜ੍ਹੋ: ਪੰਜਾਬ ’ਚ ਵੱਡੀ ਵਾਰਦਾਤ, ਫਗਵਾੜਾ ’ਚ ਨਾਕੇ ’ਤੇ ਪੁਲਸ ਮੁਲਾਜ਼ਮਾਂ ’ਤੇ ਚੱਲੀਆਂ ਗੋਲ਼ੀਆਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ