ਪੁਲਸ ਕਮਿਸ਼ਨਰ ਇਨ ਐਕਸ਼ਨ, 2 ਮਹੀਨਿਆਂ ਦੇ ਸਾਰੇ ਸਨੈਚਿੰਗ ਮਾਮਲੇ ਸੁਲਝਾਏ

12/16/2018 11:48:22 AM

ਜਲੰਧਰ (ਸੁਧੀਰ)— ਸ਼ਹਿਰ 'ਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਚੋਰ-ਲੁਟੇਰਿਆਂ ਅਤੇ ਮੁਲਜ਼ਮਾਂ 'ਤੇ ਨਕੇਲ ਕੱਸਣ ਲਈ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਕੋਸ਼ਿਸ਼ਾਂ ਨਾਲ ਕਮਿਸ਼ਨਰੇਟ ਪੁਲਸ ਨੇ ਅਕਤੂਬਰ ਅਤੇ ਨਵੰਬਰ ਮਹੀਨੇ 'ਚ ਦਰਜ ਹੋਏ ਸਨੈਚਿੰਗ ਦੇ ਸਾਰੇ ਮਾਮਲਿਆਂ ਨੂੰ ਟਰੇਸ ਕਰਕੇ ਲੁਟੇਰਿਆਂ ਨੂੰ ਸੀਖਾਂ ਦੇ ਪਿੱਛੇ ਪਹੁੰਚਾ ਦਿੱਤਾ ਹੈ।

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੇ 29 ਸਤੰਬਰ ਨੂੰ ਜਲੰਧਰ 'ਚ ਬਤੌਰ ਪੁਲਸ ਕਮਿਸ਼ਨਰ ਦਾ ਚਾਰਜ ਸੰਭਾਲਿਆ ਸੀ। ਚਾਰਜ ਸੰਭਾਲਦੇ ਹੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਪੁਲਸ ਕਮਿਸ਼ਨਰੇਟ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸ਼ਹਿਰ ਦੇ ਕ੍ਰਾਈਮ ਡਾਟਾ ਬਾਰੇ ਜਾਣਕਾਰੀ ਹਾਸਲ ਕੀਤੀ, ਜਿਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਅਧਿਕਾਰੀਆਂ ਅਤੇ ਥਾਣਾ ਮੁਖੀਆਂ ਨੂੰ ਸ਼ਹਿਰ 'ਚ ਸਖਤੀ ਵਰਤਣ ਅਤੇ ਚੋਰ-ਲੁਟੇਰਿਆਂ 'ਤੇ ਸ਼ਿਕੰਜਾ ਕੱਸਣ ਦੇ ਹੁਕਮ ਜਾਰੀ ਕੀਤੇ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦਾ ਪਹਿਲਾ ਟੀਚਾ ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣਾ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ, ਜਿਸ ਨਾਲ ਉਨ੍ਹਾਂ ਨੇ ਸਭ ਤੋਂ ਪਹਿਲਾਂ ਕਮਿਸ਼ਨਰੇਟ ਪੁਲਸ ਅਤੇ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਸ਼ਹਿਰ ਸਨੈਚਿੰਗ ਦੀਆਂ ਵਾਰਤਾਤਾਂ 'ਤੇ ਰੋਕ ਲਗਾਉਣ ਦੀ ਪੂਰੀ ਕੋਸ਼ਿਸ਼ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਅਕਤੂਬਰ ਮਹੀਨੇ 'ਚ ਸਨੈਚਿੰਗ ਦੇ 14 ਮਾਮਲੇ ਦਰਜ ਕੀਤੇ, ਜਦਕਿ ਨਵੰਬਰ ਵਿਚ ਕਮਿਸ਼ਨਰੇਟ ਪੁਲਸ ਦੀ ਸਖਤੀ ਕਾਰਨ ਸਨੈਚਿੰਗ ਦੀਆਂ ਵਾਰਦਾਤਾਂ 'ਚ ਕੁਝ ਕਮੀ ਆਈ, ਜਿਸ ਕਾਰਨ ਕਮਿਸ਼ਨਰੇਟ ਪੁਲਸ ਨੇ ਨਵੰਬਰ ਮਹੀਨੇ 'ਚ 12 ਮਾਮਲੇ ਦਰਜ ਕੀਤੇ। ਉਨ੍ਹਾਂ ਨੇ ਦੱਸਿਆ ਕਿ 2 ਮਹੀਨੇ 'ਚ ਸਨੈਚਿੰਗ ਦੇ ਦਰਜ ਹੋਏ ਮਾਮਲਿਆਂ ਨੂੰ ਉਨ੍ਹਾਂ ਨੇ ਗੰਭੀਰਤਾ ਨਾਲ ਲਿਆ ਅਤੇ ਮਾਮਲਿਆਂ ਨੂੰ ਟਰੇਸ ਕਰਨ ਲਈ ਕਮਿਸ਼ਨਰੇਟ ਪੁਲਸ ਦੀ ਟੀਮ ਨੇ ਦਿਨ-ਰਾਤ ਮਿਹਨਤ ਕਰਕੇ ਸਾਰੇ ਕੇਸਾਂ ਨੂੰ ਟਰੇਸ ਕਰ ਕੇ ਲੁਟੇਰਿਆਂ ਨੂੰ ਸੀਖਾਂ ਪਿੱਛੇ ਭੇਜ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਲੁਟੇਰਿਆਂ ਤੋਂ ਪਹਿਲਾਂ ਵੀ ਦਰਜ ਹੋਏ ਕਈ ਮਾਮਲੇ ਕਮਿਸ਼ਨਰੇਟ ਪੁਲਸ ਨੇ ਟਰੇਸ ਕਰ ਲਏ ਹਨ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ 29 ਸਤੰਬਰ ਨੂੰ ਉਨ੍ਹਾਂ ਨੇ ਕਮਿਸ਼ਨਰ ਜਲੰਧਰ ਦਾ ਚਾਰਜ ਸੰਭਾਲਿਆ, ਜਿਸ ਨਾਲ ਹੀ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਦੇ ਹੁਕਮਾਂ ਕਾਰਨ ਸਖਤ ਮਿਹਨਤ ਕਰਕੇ ਸਾਰੇ ਕੇਸਾਂ ਨੂੰ ਟਰੇਸ ਕਰਕੇ ਮੁਲਜ਼ਮਾਂ 'ਤੇ ਨਕੇਲ ਕੱਸ ਕੇ ਉਨ੍ਹਾਂ ਨੂੰ ਸੀਖਾਂ ਦੇ ਪਿੱਛੇ ਪਹੁੰਚਾਇਆ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 1 ਜਨਵਰੀ ਤੋਂ ਹੁਣ ਤਕ ਕਮਿਸ਼ਨਰੇਟ ਪੁਲਸ ਨੇ ਸਨੈਚਿੰਗ ਦੇ 139 ਕੇਸ ਟਰੇਸ ਕੀਤੇ ਹਨ।

PunjabKesari

ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣਾ ਮੇਰਾ ਮੁੱਖ ਟੀਚਾ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੈ। ਇਸ ਦੇ ਨਾਲ ਹੀ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਸ਼ਹਿਰ ਨੂੰ ਵੀ ਅਪਰਾਧ ਮੁਕਤ ਕਰਨ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਮਿਸ਼ਨਰੇਟ ਪੁਲਸ ਵੱਲੋਂ ਸ਼ਹਿਰ 'ਚ ਕਈ ਥਾਵਾਂ 'ਤੇ 24 ਘੰਟੇ ਲੋਕੇਸ਼ਨ ਬਦਲ-ਬਦਲ ਕੇ ਨਾਕਾਬੰਦੀ ਕੀਤੀ ਜਾ ਰਹੀ ਹੈ, ਇਸ ਦੇ ਨਾਲ ਸਾਰੇ ਥਾਣਾ ਮੁਖੀਆਂ ਨੂੰ ਆਪਣੇ-ਆਪਣੇ ਖੇਤਰ 'ਚ ਸ਼ੱਕੀ ਲੋਕਾਂ ਅਤੇ ਚੋਰ-ਲੁਟੇਰਿਆਂ 'ਤੇ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਪੀ. ਸੀ. ਆਰ. ਦਸਤੇ ਨੂੰ ਵੀ ਕੀਤਾ ਗਿਆ ਐਕਟਿਵ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਹਿਰ ਵਿਚ ਕਮਿਸ਼ਨਰੇਟ ਪੁਲਸ ਵੱਲੋਂ ਚੋਰ-ਲੁਟੇਰਿਆਂ 'ਤੇ ਸ਼ਿਕੰਜਾ ਕੱਸਣ ਦੇ ਨਾਲ-ਨਾਲ ਸ਼ਹਿਰ ਵਿਚ ਮੁਲਜ਼ਮਾਂ ਅਤੇ ਚੋਰ-ਲੁਟੇਰਿਆਂ ਦਾ ਖਾਤਮਾ ਕਰਨ ਲਈ ਪੀ. ਸੀ. ਆਰ. ਦਸਤੇ ਨੂੰ ਪੂਰਨ ਤੌਰ 'ਤੇ ਐਕਟਿਵ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਰਾਤ ਨੂੰ ਉਹ ਫੀਲਡ ਵਿਚ ਨਿਕਲ ਦੇ ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਨਾਈਟ ਡੋਮੀਨੇਸ਼ਨ ਦੌਰਾਨ ਕਮਿਸ਼ਨਰੇਟ ਪੁਲਸ ਦੇ ਅਧਿਕਾਰੀ ਵੀ ਸ਼ਹਿਰ ਵਿਚ ਪੀ. ਸੀ. ਆਰ. ਦਸਤੇ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਅਲਰਟ ਕਰਦੇ ਰਹਿੰਦੇ ਹਨ।

ਥਾਣਿਆਂ 'ਚ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੋਵੇਗਾ ਜਲਦੀ ਨਿਪਟਾਰਾ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਹਿਰ ਵਿਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਦੀ ਸੁਪਰਵਿਜ਼ਨ 'ਚ ਸ਼ਹਿਰ 'ਚ ਨਾਕਾਬੰਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਖੁਦ ਫੀਲਡ 'ਚ ਰਹਿ ਕੇ ਨਾਕਾਬੰਦੀ ਨੂੰ ਖੁਦ ਚੈੱਕ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਖਤ ਸੁਰੱਖਿਆ ਪ੍ਰਬੰਧ ਹੋਣ ਕਾਰਨ ਚੋਰ-ਲੁਟੇਰਿਆਂ 'ਚ ਪੁਲਸ ਦਾ ਖੌਫ ਹੋਵੇਗਾ। ਉਨ੍ਹਾਂ ਨੇ ਦੱਸਿਆ 'ਚ ਥਾਣੇ ਵਿਚ  ਸ਼ਿਕਾਇਤ ਦੇਣ ਆਏ ਜਾਂ ਕਿਸੇ ਕੰਮ ਤੋਂ ਆਏ ਲੋਕਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਦਿਵਾਉਣ ਲਈ ਸਾਰੇ ਥਾਣਾ ਮੁਖੀਆਂ ਨੂੰ ਹੁਕਮ ਦਿੱਤੇ ਗਏ ਹਨ।

ਲੋਕਾਂ ਦੇ ਸਹਿਯੋਗ ਨਾਲ ਅਪਰਾਧ ਦਾ ਹੋ ਸਕਦਾ ਹੈ ਖਾਤਮਾ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਸ਼ਹਿਰ 'ਚ ਅਪਰਾਧ 'ਤੇ ਆਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ 'ਚ ਪੁਲਸ ਨੇ ਦਰਜ ਸਾਰੇ ਮਾਮਲੇ ਟਰੇਸ ਕਰਕੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਕਿਸੇ ਅਪਰਾਧੀ ਦੀ ਸੂਚਨਾ ਲੋਕ ਪੁਲਸ ਨੂੰ ਜ਼ਰੂਰ ਦੇਣ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਸ਼ਹਿਰ ਨੂੰ ਅਸਾਨੀ ਨਾਲ ਅਪਰਾਧ ਮੁਕਤ ਬਣਾਇਆ ਜਾ ਸਕਦਾ ਹੈ।


shivani attri

Content Editor

Related News