ਫਗਵਾੜਾ ਰੇਲਵੇ ਸਟੇਸ਼ਨ ''ਤੇ ਲਾਵਾਰਸ ਹਾਲਤ ''ਚ ਮਿਲੀ ਇਕ ਅਣਪਛਾਤੇ ਬਜ਼ੁਰਗ ਦੀ ਲਾਸ਼
Friday, Jan 10, 2025 - 12:33 AM (IST)

ਫਗਵਾੜਾ, (ਜਲੋਟਾ)- ਫਗਵਾੜਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ਅਤੇ 3 'ਤੇ ਇਕ ਅਣਪਛਾਤੇ ਬਜ਼ੁਰਗ ਦੀ ਲਾਸ਼ ਲਾਵਾਰਸ ਹਾਲਤ ਚ ਮਿਲਣ ਦੀ ਸੂਚਨਾ ਮਿਲੀ ਹੈ।
ਰੇਲਵੇ ਪੁਲਸ ਫਗਵਾੜਾ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਅਣਪਛਾਤੇ ਬਜ਼ੁਰਗ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਭੇਜ ਦਿੱਤਾ ਹੈ। ਸ਼ੱਕ ਹੈ ਕਿ ਮ੍ਰਿਤਕ ਦੀ ਮੌਤ ਇਲਾਕੇ ਚ ਪੈ ਰਹੀ ਪ੍ਰਚੰਡ ਠੰਡ ਕਾਰਨ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੋ ਸਕਦੀ ਹੈ। ਹਾਲਾਂਕਿ ਪੁਲਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਮ੍ਰਿਤਕ ਦੀ ਮੌਤ ਦੇ ਸਹੀ ਕਾਰਨਾਂ ਦਾ ਖੁਲਾਸਾ ਲਾਸ਼ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗਾ।
ਪੁਲਸ ਨੇ ਦੱਸਿਆ ਕਿ ਲਾਸ਼ ਨੂੰ ਅਗਲੇ 72 ਘੰਟਿਆਂ ਲਈ ਪਛਾਣ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਜਾਵੇਗਾ। ਇਸ ਤੋਂ ਬਾਅਦ ਜੇਕਰ ਲਾਸ਼ ਦੀ ਪਛਾਣ ਨਹੀਂ ਹੁੰਦੀ ਤਾਂ ਪੁਲਸ ਨਿਰਧਾਰਤ ਨਿਯਮਾਂ ਤਹਿਤ ਪੋਸਟਮਾਰਟਮ ਕਰਵਾ ਕੇ ਲਾਸ਼ ਦਾ ਅੰਤਿਮ ਸੰਸਕਾਰ ਕਰਵਾਏਗੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।