''ਆਪ'' ਵਿਧਾਇਕ ''ਤੇ ਹਮਲੇ ਕਰਨ ਦੇ ਵਿਰੋਧ ''ਚ ਫੂਕਿਆ ਕਾਂਗਰਸ ਸਰਕਾਰ ਦਾ ਪੁਤਲਾ

06/23/2018 12:06:02 PM

ਹੁਸ਼ਿਆਰਪੁਰ (ਘੁੰਮਣ)— ਵਿਧਾਨ ਸਭਾ ਹਲਕਾ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਮਾਈਨਿੰਗ ਮਾਫੀਆ ਵੱਲੋਂ ਕੀਤੇ ਗਏ ਹਮਲੇ ਦੇ ਵਿਰੋਧ 'ਚ ਸ਼ੁੱਕਰਵਾਰ ਨੂੰ ਸਥਾਨਕ ਮਿੰਨੀ ਸਕੱਤਰੇਤ ਦੇ ਬਾਹਰ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਪੁਤਲਾ ਆਪ ਦੇ ਦੋਆਬਾ ਜੋਨ ਦੇ ਪ੍ਰਧਾਨ ਡਾ. ਰਵਜੋਤ ਦੀ ਅਗਵਾਈ ਹੇਠ ਪਾਰਟੀ ਦੇ ਵਲੰਟੀਅਰਾਂ ਤੇ ਆਗੂਆਂ ਵੱਲੋ ਫੂਕਿਆ ਗਿਆ ਅਤੇ ਉਪਰੰਤ ਡੀ. ਸੀ. ਵਿਪੁਲ ਉੱਜਵਲ ਨੂੰ ਇਕ ਮੰਗ ਪੱਤਰ ਸੌਂਪ ਕੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਇਸ ਸਮੇਂ ਸੰਬੋਧਨ ਕਰਦੇ ਹੋਏ ਡਾ. ਰਵਜੋਤ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਤਰਜ 'ਤੇ ਹੀ ਮਾਈਨਿੰਗ ਮਾਫੀਆ ਮੌਜੂਦਾ ਕਾਂਗਰਸ ਸਰਕਾਰ ਦੇ ਰਾਜ ਵਿਚ ਨਾਜਾਇਜ਼ ਮਾਈਨਿੰਗ ਕਰ ਰਿਹਾ ਹੈ ਤੇ ਉਕਤ ਮਾਫੀਆ ਨੂੰ ਕਾਂਗਰਸ ਦੇ ਆਗੂਆਂ ਦੀ ਹੀ ਸ਼ਹਿ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਮਾਫੀਆ ਜਿੱਥੇ ਸੂਬੇ ਦੇ ਕੁਦਰਤੀ ਖਣਿਜ ਪਦਾਰਥਾਂ ਦੀ ਅੰਨ੍ਹੀ ਲੁੱਟ ਕਰ ਰਿਹਾ ਹੈ, ਉੱਥੇ ਹੀ ਆਮ ਲੋਕਾਂ ਦੀ ਪਹੁੰਚ ਤੋਂ ਰੇਤ ਬਾਹਰ ਹੋ ਗਈ ਹੈ, ਜਿਸ ਕਾਰਨ ਇਕ ਪਾਸੇ ਜਿੱਥੇ ਇਹ ਮਾਫੀਆ ਕੁਦਰਤ ਦੇ ਸੰਤੁਲਨ ਨੂੰ ਵਿਗਾੜ ਰਿਹਾ ਹੈ, ਉੱਥੇ ਹੀ ਆਮ ਲੋਕਾਂ ਦੇ ਘਰ ਬਣਾਉਣ ਦੇ ਸੁਪਨੇ ਨੂੰ ਵੀ ਤੋੜ ਰਿਹਾ ਹੈ। 
ਡਾ. ਰਵਜੋਤ ਨੇ ਇਸ ਸਮੇਂ ਕਿਹਾ ਕਿ ਜੇਕਰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲਦ ਹੀ ਮਾਈਨਿੰਗ ਮਾਫੀਆ ਖਿਲਾਫ ਵੱਡੀ ਕਾਰਵਾਈ ਅਮਲ ਵਿਚ ਨਾ ਲਿਆਂਦੀ ਗਈ ਤਦ ਇਸ ਹਾਲਤ 'ਚ ਆਪ ਪੰਜਾਬ ਭਰ ਵਿਚ ਸਰਕਾਰ ਖਿਲਾਫ ਸੰਘਰਸ਼ ਦਾ ਬਿਗੁਲ ਵਜਾ ਦੇਵੇਗੀ ਅਤੇ ਤਦ ਤੱਕ ਚੁੱਪ ਨਹੀਂ ਬੈਠੇਗੀ ਜਦੋਂ ਤੱਕ ਇਸ ਮਾਈਨਿੰਗ ਮਾਫੀਏ ਨੂੰ ਜੇਲਾਂ ਤੱਕ ਨਹੀਂ ਪਹੁੰਚਾਇਆ ਜਾਂਦਾ। 
ਇਸ ਮੌਕੇ ਸੀਨੀਅਰ ਆਗੂ ਪਰਮਜੀਤ ਸਿੰਘ ਸਚਦੇਵਾ, ਜ਼ਿਲਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ, ਜਸਬੀਰ ਸਿੰਘ ਰਾਜਾ ਗਿੱਲ, ਸੁਲੱਖਣ ਜੱਗੀ, ਬੀਬੀ ਬਲਵੀਰ ਕੌਰ ਫੁੱਲ ਤੇ ਰਮਨ ਕੁਮਾਰ ਚੱਬੇਵਾਲ ਨੇ ਵੀ ਸੰਬੋਧਨ ਕੀਤਾ ਤੇ 'ਆਪ' ਵਿਧਾਇਕ 'ਤੇ ਮਾਈਨਿੰਗ ਮਾਫੀਆ ਵੱਲੋਂ ਕੀਤੇ ਗਏ ਹਮਲੇ ਦੀ ਪੁਰਜੋਰ ਤੌਰ 'ਤੇ ਨਿਖੇਧੀ ਕੀਤੀ ਗਈ। ਰੋਸ ਧਰਨੇ ਦੌਰਾਨ ਮਦਨ ਲਾਲ ਸੂਦ, ਜੀ. ਐੱਸ. ਮੁਲਤਾਨੀ, ਹਰਵਿੰਦਰ ਸਿੰਘ ਖਾਲਸਾ, ਜਸਪਾਲ ਚੇਚੀ, ਰਾਜ ਕੁਮਾਰ ਜਨੌੜੀ, ਸੰਜੇ ਅੱਤਰੀ, ਮੁਕੇਸ਼ ਡਡਵਾਲ, ਅਮਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ 'ਆਪ' ਆਗੂ ਅਤੇ ਵੱਡੀ ਗਿਣਤੀ 'ਚ ਵਲੰਟੀਅਰ ਮੌਜੂਦ ਸਨ।


Related News