ਹਿਮਾਚਲ ਕਾਂਗਰਸ ਦੇ 6 ਸਾਬਕਾ ਵਿਧਾਇਕਾਂ ਨੇ ਸੁਪਰੀਮ ਕੋਰਟ ''ਚ ਦਾਖ਼ਲ ਪਟੀਸ਼ਨ ਲਈ ਵਾਪਸ
Friday, May 10, 2024 - 06:25 PM (IST)
ਨਵੀਂ ਦਿੱਲੀ (ਭਾਸ਼ਾ)- ਹਿਮਾਚਲ ਪ੍ਰਦੇਸ਼ ਕਾਂਗਰਸ ਦੇ 6 ਸਾਬਕਾ ਵਿਧਾਇਕਾਂ ਨੇ ਵਿਧਾਨ ਸਭਾ ਦੇ ਸਪੀਕਰ ਵੱਲੋਂ ਉਨ੍ਹਾਂ ਨੂੰ ਅਯੋਗ ਠਹਿਰਾਉਣ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ’ਚ ਦਾਖ਼ਲ ਪਟੀਸ਼ਨ ਸ਼ੁੱਕਰਵਾਰ ਵਾਪਸ ਲੈ ਲਈ। ਸਾਬਕਾ ਵਿਧਾਇਕਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਨਵ ਮੁਖਰਜੀ ਨੇ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੂੰ ਕਿਹਾ ਕਿ ਉਹ ਪਟੀਸ਼ਨ ਵਾਪਸ ਲੈਣਾ ਚਾਹੁੰਦੇ ਹਨ। ਉਨ੍ਹਾਂ ਨੂੰ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦਿੰਦੇ ਹੋਏ ਬੈਂਚ ਨੇ ਕਿਹਾ,''ਅਸੀਂ ਜਾਣਦੇ ਸੀ ਕਿ ਚੋਣਾਂ ਕਾਰਨ ਅਜਿਹਾ ਹੋਵੇਗਾ।'' 6 ਸਾਬਕਾ ਵਿਧਾਇਕ ਹੁਣ ਭਾਜਪਾ ਦੇ ਉਮੀਦਵਾਰ ਵਜੋਂ ਵਿਧਾਨ ਸਭਾ ਦੀ ਜ਼ਿਮਨੀ ਚੋਣ ਲੜ ਰਹੇ ਹਨ। ਉਨ੍ਹਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਕਾਰਨ ਇਹ ਜ਼ਿਮਨੀ ਚੋਣਾਂ ਹੋ ਰਹੀਆਂ ਹਨ।
ਸੁਪਰੀਮ ਕੋਰਟ ਨੇ ਹਿਮਾਚਲ ਪ੍ਰਦੇਸ਼ ’ਚ ਹਾਲ ਹੀ 'ਚ ਹੋਈਆਂ ਰਾਜ ਸਭਾ ਚੋਣਾਂ ’ਚ ‘ਕਰਾਸ ਵੋਟਿੰਗ’ ਲਈ 6 ਬਾਗੀ ਕਾਂਗਰਸੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਵਾਲੇ ਵਿਧਾਨ ਸਭਾ ਸਪੀਕਰ ਦੇ ਹੁਕਮ ’ਤੇ ਰੋਕ ਲਾਉਣ ਤੋਂ 18 ਮਾਰਚ ਨੂੰ ਇਨਕਾਰ ਕਰ ਦਿੱਤਾ। 6 ਅੰਸਤੁਸ਼ਟ ਵਿਧਾਇਕਾਂ- ਸੁਧੀਰ ਸ਼ਰਮਾ, ਰਵੀ ਠਾਕੁਰ, ਰਾਜੇਂਦਰ ਰਾਣਾ, ਇੰਦਰ ਦੱਤ ਲਖਨਪਾਲ, ਚੈਤਨਯ ਸ਼ਰਮਾ ਅਤੇ ਦੇਵੇਂਦਰ ਕੁਮਾਰ ਭੁੱਟੋ ਨੂੰ ਸਦਨ 'ਚ ਮੌਜੂਦ ਰਹਿਣ ਅਤੇ ਕਟੌਤੀ ਪ੍ਰਸਤਾਵ ਤੇ ਬਜਟ ਦੌਰਾਨ ਹਿਮਾਚਲ ਪ੍ਰਦੇਸ਼ ਸਰਕਾਰ ਦੇ ਪੱਖ 'ਚ ਵੋਟ ਕਰਨ ਲਈ ਕਾਂਗਰਸ ਦੇ ਵਹਿਪ ਦੀ ਉਲੰਘਣਾ ਕਰਨ 'ਤੇ 29 ਫਰਵਰੀ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਸੂਬੇ ਦੀਆਂ 6 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਅਤੇ ਚਾਰ ਲੋਕ ਸਭਾ ਸੀਟਾਂ ਲਈ ਵੋਟਿੰਗ ਇਕ ਜੂਨ ਨੂੰ ਹੋਣੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e