ਪੰਜਾਬ ਦੇ ਲੋਕ 20 ਫਰਵਰੀ ਨੂੰ ਵਾਤਾਵਰਣ ਪੱਖੀ ਆਗੂਆਂ ਨੂੰ ਹੀ ਵੋਟਾਂ ਪਾਉਣ- ਸੰਤ ਸੀਚੇਵਾਲ

Wednesday, Feb 02, 2022 - 06:42 PM (IST)

ਪੰਜਾਬ ਦੇ ਲੋਕ 20 ਫਰਵਰੀ ਨੂੰ ਵਾਤਾਵਰਣ ਪੱਖੀ ਆਗੂਆਂ ਨੂੰ ਹੀ ਵੋਟਾਂ ਪਾਉਣ- ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ (ਬਿਊਰੋ)-ਨਿਰਮਲ ਕੁਟੀਆ ਸੀਚੇਵਾਲ ਵਿਖੇ ਅੱਜ ਵਿਸ਼ਵ ਜਲਗਾਹ ਦਿਵਸ ਮਨਾਇਆ ਗਿਆ ਤਾਂ ਜੋ ਪਾਣੀਆਂ ਦੇ ਕੁਦਰਤੀ ਸ੍ਰੋਤਾਂ ਦੀ ਸੰਭਾਲ ਹੋ ਸਕੇ। ਇਸ ਸਮਾਗਮ ਦੌਰਾਨ ਹੀ ਇਲਾਕੇ ਭਰ ਦੀਆਂ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਲੰਮੀ ਉਮਰ ਤੇ ਸਿਹਤਯਾਬੀ ਲਈ ਅਰਦਾਸ ਬੇਨਤੀਆਂ ਕੀਤੀਆਂ। ਇਸ ਮੌਕੇ ਸੰਗਤਾਂ ਵੱਲੋਂ ਨਿਮਰਲ ਕੁਟੀਆ ਸੀਚੇਵਾਲ ਵਿਖੇ ਬੂਟਾ ਲਾਇਆ ਗਿਆ। ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅੱਜ ਦਾ ਦਿਨ ਵਿੱਦਿਅਕ ਅਤੇ ਵਾਤਾਵਰਣ ਪੱਖ ਤੋਂ ਦੁਆਬੇ ਇਲਾਕੇ ਲਈ ਬਹੁਤ ਅਹਿਮ ਦਿਨ ਹੈ। ਇਸ ਦਿਨ ਹੀ ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਸੀਚੇਵਾਲ ਦੀ ਨੀਂਹ ਰੱਖੀ ਗਈ ਸੀ, ਵਿਸ਼ਵ ਪੱਧਰ ’ਤੇ ਜਲਗਾਹ ਦਿਵਸ ਵੀ ਇਸੇ ਦਿਨ ਮਨਾਇਆ ਜਾਂਦਾ ਹੈ ਅਤੇ ਸੰਤ ਅਵਤਾਰ ਸਿੰਘ ਜੀ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਦੀ ਨਵੀ ਇਮਾਰਤ ਦਾ ਉਦਘਾਟਨ ਕੀਤਾ ਗਿਆ ਸੀ। ਇਸ ਮੌਕੇ ਉਨ੍ਹਾਂ ਅਪੀਲ ਕੀਤੀ ਕਿ ਸੰਗਤਾਂ ਇਨ੍ਹਾਂ ਵਿੱਦਿਅਕ ਅਦਾਰਿਆ ’ਚ ਵੱਧ-ਚਡ਼੍ਹ ਕੇ ਹਿੱਸਾ ਪਾਉਣ। ਹਰ ਸਾਲ ਇਹ ਦਿਹਾਡ਼ਾ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਸੀ ਪਰ ਸਕੂਲ ਅਤੇ ਕਾਲਜ ਬੰਦ ਹੋਣ ਕਾਰਨ ਇਹ ਦਿਹਾਡ਼ਾ ਨਿਰਮਲ ਕੁਟੀਆ ਸੀਚੇਵਾਲ ਵਿਖੇ ਮਨਾਇਆ ਗਿਆ।

ਇਹ ਵੀ ਪੜ੍ਹੋ : ਸਾਊਦੀ ਅਰਬ ਕਰੇਗਾ ਆਪਣੇ ਰਾਸ਼ਟਰੀ ਗੀਤ ਅਤੇ ਰਾਸ਼ਟਰੀ ਝੰਡੇ 'ਚ ਬਦਲਾਅ

ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਾਂਤੀਪੂਰਨ ਤਰੀਕੇ ਨਾਲ ਵੋਟਾਂ ਤੱਕ ਪੰਜਾਬ ਨੂੰ ਸੰਭਾਲਣਾ ਜਿਵੇਂ ਉਨ੍ਹਾਂ ਦੀ ਜਿੰਮੇਵਾਰੀ ਬਣਦੀ ਹੈ ਉਸੇ ਤਰ੍ਹਾਂ ਹੀ ਬੱਚਿਆਂ ਦੇ ਭਵਿੱਖ ਨੂੰ ਬਚਾਉਣਾ ਅਤੇ ਪਡ਼ਾਉਣਾ ਵੀ ਉਹਨਾਂ ਦੀ ਜਿੰਮੇਵਾਰੀ ਹੈ। ਉਹਨਾਂ ਅਪੀਲ ਕੀਤੀ ਕਿ ਉਹ ਇਸ ਮਸਲੇ ਵੱਲ ਧਿਆਨ ਦੇਣ। ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਤੇ ਲੋਕ ਇਸ ਵਾਰ ਵਾਤਾਵਰਣ ਪੱਖੀ ਆਗੂਆਂ ਨੂੰ ਹੀ ਵੋਟ ਪਾਉਣ। ਉਨ੍ਹਾਂ ਲੋਕਾਂ ਨੂੰ ਸਵਾਲ ਕੀਤਾ ਕਿ ਜਿਹਡ਼ੀਆਂ ਪਾਰਟੀਆਂ ਸਾਡੀਆਂ ਆਉਣ ਵਾਲੀਆਂ ਪੀਡ਼੍ਹੀਆਂ ਲਈ ਪੀਣ ਵਾਲੇ ਸਾਫ਼ ਪਾਣੀ ਤੇ ਹਵਾ ਦਾ ਪ੍ਰਬੰਧ ਕਰਨ ਦੀ ਗੱਲ ਨਹੀਂ ਕਰ ਰਹੀਆਂ ਕੀ ਉਹ ਸਾਡੀ ਵੋਟ ਦੀਆਂ ਹੱਕਦਾਰ ਵੀ ਹਨ। ਪੰਜਾਬ ਵਾਤਾਵਰਣ ਚੇਤਨਾ ਲਹਿਰ ਵੱਲੋਂ ਚਲਾਈ ਗਈ ਮੁਹਿੰਮ ਦਾ ਜ਼ਿਕਰ ਕਰਦਿਆ ਉਨ੍ਹਾਂ ਕਿਹਾ ਕਿ ਮਾਝੇ, ਮਾਲਵੇ ਤੇ ਦੁਆਬੇ ਦੇ ਪਿੰਡਾਂ ਸ਼ਹਿਰਾਂ ’ਚ ਜਾਗਰੂਕ ਲੋਕ ਲੀਡਰਾਂ ਨੂੰ ਵਾਤਾਵਰਣ ਬਾਰੇ ਸਵਾਲ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਵਾਤਾਵਰਣ ਚੇਤਨਾ ਲਹਿਰ ਨੇ ਏਜੰਡਾ ਭੇਜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵੱਡੇ ਦੁੱਖਦੀ ਗੱਲ ਹੈ ਕਿ ਚਿੱਟੀ ਵੇਈਂ ਤੇ ਕਾਲਾ ਸੰਘਿਆ ਡਰੇਨ ਦੇ ਕੰਢੇ ਵਸਣ ਵਾਲੇ ਲੋਕਾਂ ਦਾ ਦਰਦ ਅਜੇ ਤੱਕ ਕਿਸੇ ਵੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀ ਚਰਚਾ ਦਾ ਵਿਸ਼ਾ ਨਹੀਂ ਬਣਿਆ।

ਇਹ ਵੀ ਪੜ੍ਹੋ : ਅਮਰੀਕਾ ਤੇ ਸਹਿਯੋਗਆਂ ਨੇ ਰੂਸ ਦੀਆਂ ਸੁਰੱਖਿਆ ਮੰਗਾਂ ਦੀ ਕੀਤੀ ਅਣਦੇਖੀ : ਪੁਤਿਨ

ਵਿਸ਼ਵ ਪੱਧਰ ’ਤੇ ਮਨਾਏ ਜਾਂਦੇ ਜਲਗਾਹ ਦਿਵਸ ਦਾ ਜ਼ਿਕਰ ਕਰਦਿਆ ਕਿਹਾ ਕਿ ਵਾਤਾਵਰਣ ਸੰਤੁਲਨ ਵਿਚ ਜਲਗਾਹਾਂ ਅਹਿਮ ਰੋਲ ਨਿਭਾਉਂਦੀਆਂ ਹਨ। ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈਂ ਦੋ ਕੌਮਾਂਤਰੀ ਜਲਗਾਹਾਂ ਨਾਲ ਜੁਡ਼ੀ ਹੋਈ ਹੈ। ਸੰਗਤਾਂ ਪਿਛਲੇ 22 ਸਾਲਾਂ ਤੋਂ ਹੱਥੀਂ ਸੇਵਾ ਕਰਕੇ ਇਸ ਨਦੀ ਨੂੰ ਸਾਫ਼ ਰੱਖ ਰਹੀਆਂ ਹਨ ਪਰ ਬਡ਼ੇ ਦੁੱਖ ਦੀ ਗੱਲ ਹੈ ਕਿ ਹਰੀਕੇ ਵੈੱਟਲੈਂਡ ਦਾ ਰਕਬਾ ਹਰ ਸਾਲ ਸੁੰਗਡ਼ਦਾ ਜਾ ਰਿਹਾ ਹੈ ਪਰ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਵਿਸ਼ਵ ਜਲਗਾਹ ਦਿਵਸ ਮੌਕੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਅਲੋਪ ਹੋ ਰਹੀਆਂ ਜਲਗਾਹਾਂ ਦੇ ਬਚਾਅ ਲਈ ਅੱਗੇ ਆਉਣ ਤਾਂ ਜੋ ਪਾਣੀਆਂ ਦੇ ਕੁਦਰਤੀ ਸੋਮਿਆ ਨੂੰ ਬਚਾਇਆ ਜਾ ਸਕੇ। ਇਸ ਸਮੇਂ ਸੰਤ ਪ੍ਰਗਟ ਨਾਥ, ਸੰਤ ਸੁਖਜੀਤ ਸਿੰਘ ਸੀਚੇਵਾਲ, ਭਾਈ ਗੁਰਦੇਵ ਸਿੰਘ ਕਪੂਰਥਲਾ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਤਜਿੰਦਰ ਸਿੰਘ, ਬਲਾਕ ਸੰਮਤੀ ਲੋਹੀਆਂ ਦੇ ਚੇਅਰਮੈਨ ਸੁਰਜੀਤ ਸਿੰਘ ਨਿਹਾਲੂਵਾਲ ਅਤੇ ਪੰਚ ਬੂਟਾ ਸਿੰਘ ਤੋਂ ਸੰਗਤ, ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਤੇ ਸਕੂਲ ਦਾ ਸਟਾਫ ਹਾਜ਼ਰ ਸੀ।

ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਸੰਕਟ 'ਤੇ ਅਮਰੀਕੀ ਪ੍ਰਸਤਾਵ ਦਾ ਜਵਾਬ ਦੇਣ ਤੋਂ ਕੀਤਾ ਇਨਕਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News