ਕੌਂਸਲਰ ਦਾ ਪਤੀ ਤੇ ਕੌਂਸਲਰ ਦੇ ਗਠਜੋੜ ਨੇ ਰਾਜ਼ੀਨਾਮੇ ਦੀ ਆੜ ’ਚ ਬਜ਼ੁਰਗ ਔਰਤ ਕੋਲੋਂ ਠੱਗੇ ਡੇਢ ਲੱਖ ਰੁਪਏ
Friday, Oct 15, 2021 - 10:53 AM (IST)
ਜਲੰਧਰ (ਜ. ਬ.)– ਸ਼ਰਾਬ ਵੇਚਣ, ਗਲਤ ਮੁਖ਼ਬਰੀ ਕਰਨ ਅਤੇ ਹੋਰ ਕਈ ਵਿਵਾਦਾਂ ਕਾਰਨ ਚਰਚਾ ਵਿਚ ਰਹਿਣ ਵਾਲਾ ਸ਼ਹਿਰ ਦਾ ਕੌਂਸਲਰ ਦਾ ਪਤੀ ਹੁਣ ਬਜ਼ੁਰਗ ਔਰਤ ਕੋਲੋਂ ਡੇਢ ਲੱਖ ਰੁਪਏ ਠੱਗਣ ਦੇ ਮਾਮਲੇ ਵਿਚ ਚਰਚਾ ਬਟੋਰ ਰਿਹਾ ਹੈ। ਇਸ ਠੱਗੀ ਵਿਚ ਕੌਂਸਲਰ ਦਾ ਪਤੀ ਹੀ ਨਹੀਂ, ਉਸ ਦਾ ਇਕ ਸਾਥੀ ਜਿਹੜਾ ਖ਼ੁਦ ਕੌਂਸਲਰ ਹੈ ਅਤੇ ਇਕ ਹੋਰ ਦੋਸਤ ਵੀ ਸ਼ਾਮਲ ਹਨ। ਦੋਸ਼ ਹੈ ਕਿ ਇਨ੍ਹਾਂ ਤਿੰਨਾਂ ਨੇ ਡੇਢ ਲੱਖ ਰੁਪਏ ਦੇ ਤਿੰਨ ਹਿੱਸੇ ਕਰਕੇ ਆਪਸ ਵਿਚ ਵੰਡ ਲਏ। ਬਜ਼ੁਰਗ ਔਰਤ ਨੇ ਕਿਹਾ ਕਿ ਜਦੋਂ ਉਹ ਪੁਲਸ ਨੂੰ ਸ਼ਿਕਾਇਤ ਦਿੰਦੀ ਹੈ ਤਾਂ ਕੌਂਸਲਰ ਦਾ ਪਤੀ ਉਸ ਨੂੰ ਧਮਕਾਉਂਦਾ ਹੈ ਅਤੇ ਸਿਆਸੀ ਪਹੁੰਚ ਦੀ ਗਲਤ ਵਰਤੋਂ ਕਰਕੇ ਕਾਰਵਾਈ ਵੀ ਨਹੀਂ ਹੋਣ ਦਿੰਦਾ।
ਇਹ ਵੀ ਪੜ੍ਹੋ: ਵੱਡਾ ਐਕਸ਼ਨ ਬਾਕੀ! ਟਰਾਂਸਪੋਰਟ ਮੰਤਰੀ ਦੇ ਰਾਡਾਰ ’ਤੇ ਨੇ ਪ੍ਰਾਈਵੇਟ ਬੱਸਾਂ ਨੂੰ ਲਾਭ ਪਹੁੰਚਾਉਣ ਵਾਲੇ ਭ੍ਰਿਸ਼ਟ ਅਧਿਕਾਰੀ
60 ਸਾਲਾ ਇੰਦਰਾ ਰਾਣੀ ਪਤਨੀ ਭੋਲਾ ਰਾਮ ਨਿਵਾਸੀ ਸ਼ਹੀਦ ਬਾਬਾ ਦੀਪ ਸਿੰਘ ਨਗਰ ਨੇ ਦੱਸਿਆ ਕਿ ਉਸ ਦਾ ਆਪਣੀ ਭਰਜਾਈ ਨਾਲ ਪਰਿਵਾਰਕ ਝਗੜਾ ਚੱਲ ਰਿਹਾ ਹੈ। ਅਜਿਹੇ ਵਿਚ ਕੌਂਸਲਰ ਦਾ ਪਤੀ ਅਤੇ ਉਸ ਦਾ ਇਕ ਸਾਥੀ ਇਸ ਮਾਮਲੇ ਵਿਚ ਪੈ ਗਏ। ਇਸ ਮਾਮਲੇ ਵਿਚ ਪਏ ਕੌਂਸਲਰ ਦੇ ਪਤੀ ਨੇ ਉਸ ਦਾ ਭਰਜਾਈ ਨਾਲ ਚੱਲ ਰਿਹਾ ਵਿਵਾਦ ਸਾਢੇ 5 ਲੱਖ ਰੁਪਏ ਵਿਚ ਰਾਜ਼ੀਨਾਮਾ ਕਰਵਾ ਦਿੱਤਾ। ਤੈਅ ਹੋਇਆ ਕਿ ਉਸ ਦੀ ਭਰਜਾਈ 3 ਲੱਖ ਦੇ ਚੈੱਕ ਅਤੇ ਢਾਈ ਲੱਖ ਰੁਪਏ ਕੈਸ਼ ਦੇਵੇਗੀ।
ਇੰਦਰਾ ਰਾਣੀ ਨੇ ਕਿਹਾ ਕਿ ਉਸ ਨੂੰ 3 ਲੱਖ ਰੁਪਏ ਦੇ ਚੈੱਕ ਅਤੇ ਇਕ ਲੱਖ ਰੁਪਏ ਦੇ ਕੇ ਰਾਜ਼ੀਨਾਮਾ ’ਤੇ ਦਸਤਖ਼ਤ ਕਰਵਾ ਲਏ ਗਏ। ਬਾਕੀ ਦੇ ਡੇਢ ਲੱਖ ਬਾਅਦ ਵਿਚ ਦੇਣ ਦਾ ਤੈਅ ਹੋਇਆ। ਦੋਸ਼ ਹੈ ਕਿ ਕਾਫ਼ੀ ਸਮਾਂ ਬੀਤਣ ’ਤੇ ਵੀ ਉਸ ਨੂੰ ਡੇਢ ਲੱਖ ਰੁਪਏ ਨਹੀਂ ਦਿੱਤਾ ਗਿਆ। ਪੈਸੇ ਮੰਗਣ ’ਤੇ ਕੌਂਸਲਰ ਦਾ ਪਤੀ ਉਸ ਦੀ ਧੀ ਨੂੰ ਫੋਨ ਕਰਕੇ ਧਮਕਾਉਂਦਾ ਸੀ। ਇੰਦਰਾ ਦੇਵੀ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤਾਂ ਦਿੱਤੀਆਂ ਪਰ ਕੌਂਸਲਰ ਦੇ ਪਤੀ ਨੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ। ਅਜਿਹੇ ਵਿਚ ਸ਼ਿਕਾਇਤ ਨੰਬਰ 297 ਦਰਜ ਕਰਵਾਉਣ ’ਤੇ ਦੋਵਾਂ ਧਿਰਾਂ ਨੂੰ ਐੱਸ. ਪੀ. ਨਾਰਥ ਦੇ ਦਫ਼ਤਰ ਵਿਚ ਬੁਲਾਇਆ ਗਿਆ। ਉਥੇ ਕੌਂਸਲਰਪਤੀ ਦੇ ਸਾਥੀ ਨੇ 25 ਹਜ਼ਾਰ ਕੈਸ਼ ਅਤੇ 25 ਹਜ਼ਾਰ ਰੁਪਏ ਦਾ ਚੈੱਕ ਉਸ ਨੂੰ ਦਿੱਤਾ। ਇਸ ਦੌਰਾਨ ਇੰਦਰਾ ਰਾਣੀ ਨੂੰ ਪਤਾ ਲੱਗਾ ਕਿ ਡੇਢ ਲੱਖ ਰੁਪਏ ਉਸ ਦੀ ਭਰਜਾਈ ਕੋਲੋਂ ਲੈ ਕੇ ਕੌਂਸਲਰ ਦਾ ਪਤੀ, ਉਸ ਦੇ ਸਾਥੀ ਅਤੇ ਇਕ ਹੋਰ ਕੌਂਸਲਰ ਨੇ ਆਪਸ ਵਿਚ 50-50 ਹਜ਼ਾਰ ਰੁਪਏ ਵੰਡ ਲਏ ਹਨ। ਇੰਦਰਾ ਰਾਣੀ ਦਾ ਕਹਿਣਾ ਹੈ ਕਿ ਹੁਣ ਸ਼ਿਕਾਇਤ ਵਾਪਸ ਕਰਵਾਉਣ ਲਈ ਕੌਂਸਲਰ ਦਾ ਪਤੀ ਉਸ ਨੂੰ ਧਮਕਾ ਰਿਹਾ ਹੈ। ਇੰਦਰਾ ਰਾਣੀ ਨੇ ਇਨਸਾਫ਼ ਦੀ ਫਰਿਆਦ ਕਰਦਿਆਂ ਕਿਹਾ ਕਿ ਕੌਂਸਲਰ ਦਾ ਪਤੀ ਅਤੇ ਉਸ ਦੇ ਸਾਥੀ ਕੌਂਸਲਰ ਕੋਲੋਂ ਉਨ੍ਹਾਂ ਦੇ ਪੈਸੇ ਵਾਪਸ ਦਿਵਾਏ ਜਾਣ ਅਤੇ ਉਨ੍ਹਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ ਵਿਖੇ ਸ਼ਹੀਦ ਗੱਜਣ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ, ਪਰਿਵਾਰ ਨੇ ਸਰਕਾਰ ਤੋਂ ਕੀਤੀ ਇਹ ਮੰਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ