ਡੀ. ਸੀ. ਦੇ ਹੁਕਮਾਂ ਤੋਂ ਬਾਅਦ ਅੱਜ ਸ਼ੁਰੂ ਹੋਇਆ ਟ੍ਰਾਇਲ ਦੇ ਤੌਰ ''ਤੇ ਅਸਥਾਈ ਡਿਵਾਈਡਰ ਦਾ ਕੰਮ

Thursday, Jan 23, 2020 - 04:31 PM (IST)

ਡੀ. ਸੀ. ਦੇ ਹੁਕਮਾਂ ਤੋਂ ਬਾਅਦ ਅੱਜ ਸ਼ੁਰੂ ਹੋਇਆ ਟ੍ਰਾਇਲ ਦੇ ਤੌਰ ''ਤੇ ਅਸਥਾਈ ਡਿਵਾਈਡਰ ਦਾ ਕੰਮ

ਨੂਰਪੁਰਬੇਦੀ (ਭੰਡਾਰੀ)— ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮਿਤ ਜਾਰੰਗਲ ਦੇ ਹੁਕਮਾਂ ਤਹਿਤ ਬੀਤੇ ਦਿਨ ਨੂਰਪੁਰਬੇਦੀ ਵਿਖੇ ਟ੍ਰਾਇਲ ਦੇ ਤੌਰ 'ਤੇ ਅਸਥਾਈ ਡਿਵਾਈਡਰ ਬਣਾਉਣ ਦਾ ਕਾਰਜ ਆਰੰਭ ਹੋ ਗਿਆ। ਦੱਸਣਯੋਗ ਹੈ ਕਿ ਨੂਰਪੁਰਬੇਦੀ ਦੇ ਦੁਕਾਨਦਾਰ ਡਿਵਾਈਡਰ ਬਣਾਏ ਜਾਣ ਦਾ ਵਿਰੋਧ ਕਰ ਰਹੇ ਸਨ, ਜਦਕਿ ਗ੍ਰਾਮ ਪੰਚਾਇਤ ਅਤੇ ਸ਼ਹਿਰ ਵਾਸੀ ਡਿਵਾਈਡਰ ਬਣਾਉਣ ਦੇ ਹੱਕ 'ਚ ਡਟੇ ਹੋਏ ਹਨ। ਇਸੇ ਖਿੱਚੋਤਾਣ ਕਾਰਣ ਬੀਤੇ ਦਿਨ ਡੀ. ਸੀ. ਡਾ. ਜਾਰੰਗਲ ਨੇ ਦੋਵੇਂ ਧਿਰਾਂ ਦੇ ਸੁਝਾਅ ਲੈਣ ਉਪਰੰਤ 10 ਦਿਨਾਂ ਲਈ ਟ੍ਰਾਇਲ ਵਜੋਂ ਅਸਥਾਈ ਡਿਵਾਈਡਰ ਬਣਾਉਣ ਦਾ ਲੋਕ ਨਿਰਮਾਣ ਵਿਭਾਗ ਨੂੰ ਹੁਕਮ ਦਿੱਤਾ ਸੀ, ਜਿਸ 'ਤੇ ਕਾਰਜ ਆਰੰਭ ਹੋ ਗਿਆ। ਸਮਝਿਆ ਜਾ ਰਿਹਾ ਸੀ ਕਿ ਉਕਤ ਅਸਥਾਈ ਡਿਵਾਈਡਰ ਕਿਸੀ ਹੋਰ ਮਟੀਰੀਅਲ ਦਾ ਬਣਾਇਆ ਜਾਵੇਗਾ, ਜਦਕਿ ਇਸ ਦੇ ਉਲਟ ਲੋਕ ਨਿਰਮਾਣ ਵਿਭਾਗ ਵੱਲੋਂ ਰੇਤ ਦੀਆਂ ਭਰੀਆਂ ਬੋਰੀਆਂ ਨਾਲ ਉਕਤ ਅਸਥਾਈ ਡਿਵਾਈਡਰ ਬਣਾਇਆ ਜਾ ਰਿਹਾ ਹੈ, ਜਿਸ ਨੂੰ ਦੇਖ ਕੇ ਸਾਰਿਆਂ ਨੂੰ ਹੈਰਾਨੀ ਹੋ ਰਹੀ ਹੈ। 

ਲੋਕਾਂ ਦਾ ਕਹਿਣਾ ਹੈ ਕਿ ਉਕਤ ਲਾਈਆਂ ਜਾ ਰਹੀਆਂ ਬੋਰੀਆਂ ਦੀ ਚੌੜਾਈ ਕਰੀਬ 1 ਫੁੱਟ ਤੋਂ ਵੀ ਘੱਟ ਹੈ ਜਦਕਿ ਬਣਾਇਆ ਜਾਣ ਵਾਲਾ ਸਥਾਈ ਡਿਵਾਈਡਰ ਕਰੀਬ 2 ਫੁੱਟ ਚੌੜਾ ਹੈ। ਅਜਿਹੀ ਹਾਲਤ 'ਚ ਕਿਵੇਂ ਵਾਪਰਨ ਵਾਲੇ ਹਾਦਸਿਆਂ ਦਾ ਅੰਦਾਜ਼ਾ ਲਾਇਆ ਜਾਵੇਗਾ ਜੋ ਕਿ ਇਕ ਪਹੇਲੀ ਬਣ ਗਿਆ ਹੈ। ਇਸ ਸਬੰਧੀ ਵਿਭਾਗ ਦੇ ਜੂਨੀਅਰ ਇੰਜੀਨੀਅਰ ਗੁਰਦਿਆਲ ਸਿੰਘ ਨੇ ਕਿਹਾ ਕਿ 2 ਕਿਲੋਮੀਟਰ 'ਚੋਂ 1300 ਮੀਟਰ ਸਥਾਈ ਡਿਵਾਈਡਰ ਬਣ ਕੇ ਤਿਆਰ ਹੋ ਚੁੱਕਾ ਹੈ ਜਦਕਿ 700 ਮੀਟਰ (ਪੌਣਾ ਕਿਲੋਮੀਟਰ) ਡਿਵਾਈਡਰ ਬਣਨਾ ਬਾਕੀ ਹੈ, ਜਿਸ ਦੇ ਲਈ ਭਾਰੀ ਮਾਤਰਾ 'ਚ ਲੋਹੇ ਦੀਆਂ ਸ਼ਟਰਿੰਗ ਪਲੇਟਾਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ 2 ਦਿਨਾਂ 'ਚ ਉਕਤ ਕਾਰਜ ਮੁਕੰਮਲ ਕਰ ਲਿਆ ਜਾਵੇਗਾ। ਉਪਰੰਤ ਹਾਦਸਿਆਂ ਦਾ ਅੰਦਾਜ਼ਾ ਲਾਇਆ ਜਾਵੇਗਾ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਥਾਈ ਤੌਰ 'ਤੇ ਬਣਨ ਵਾਲਾ ਡਿਵਾਈਡਰ ਕਦੇ ਵੀ ਕਾਰਗਾਰ ਸਿੱਧ ਨਹੀਂ ਹੋਵੇਗਾ ਅਤੇ ਹਮੇਸ਼ਾ ਹਾਦਸਿਆਂ ਦਾ ਖਤਰਾ ਬਣਿਆ ਰਹੇਗਾ, ਜਦਕਿ ਦੂਜੇ ਪਾਸੇ ਗ੍ਰਾਮ ਪੰਚਾਇਤ ਅਤੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅਜੇ ਵੀ ਦੁਕਾਨਦਾਰਾਂ ਨੇ ਦੁਕਾਨਾਂ ਮੂਹਰੇ ਨਾਜਾਇਜ਼ ਕਬਜ਼ੇ ਕਰ ਰੱਖੇ ਹਨ, ਜੇਕਰ ਉਹ ਹਟਾ ਲਏ ਜਾਣ ਤਾਂ ਉਕਤ ਡਿਵਾਈਡਰ ਜਨਤਾ ਲਈ ਹਰ ਪੱਖੋਂ ਲਾਭਦਾਇਕ ਸਾਬਤ ਹੋਵੇਗਾ।


author

shivani attri

Content Editor

Related News