ਖੜ੍ਹੀਆਂ ਗੱਡੀਆਂ ਨੂੰ ਚੁੱਕਣ ਵਾਲੀ ਟੋਅ ਵੈਨ ਦੀਆਂ ਟੀਮਾਂ 4 ਜ਼ੋਨਾਂ ''ਚ ਵੰਡੀਆਂ

01/13/2020 12:12:44 PM

ਜਲੰਧਰ (ਵਰੁਣ)— ਨੋ ਪਾਰਕਿੰਗ ਜ਼ੋਨ 'ਚ ਖੜ੍ਹੀਆਂ ਗੱਡੀਆਂ ਕਾਰਨ ਲੱਗ ਰਹੇ ਜਾਮ ਤੋਂ ਛੁਟਕਾਰਾ ਪਾਉਣ ਲਈ ਟਰੈਫਿਕ ਪੁਲਸ ਨੇ ਚਾਰ ਟੋਅ ਕਰਨ ਵਾਲੀਆਂ ਗੱਡੀਆਂ ਨੂੰ ਚਾਰ ਜ਼ੋਨਾਂ 'ਚ ਵੰਡਿਆ। ਇਸ ਤੋਂ ਪਹਿਲਾਂ ਉਕਤ ਵੈਨ ਟਰੈਫਿਕ ਪੁਲਸ ਦੇ ਥਾਣੇ ਨੇੜਿਓਂ ਹੀ ਗੱਡੀਆਂ ਟੋਅ ਕਰਕੇ ਲੈ ਆਉਂਦੀ ਸੀ, ਜਿਸ ਕਾਰਨ ਸਾਰਾ ਸ਼ਹਿਰ ਕਵਰ ਨਹੀਂ ਹੋ ਪਾ ਰਿਹਾ ਸੀ। ਨੋ ਪਾਰਕਿੰਗ 'ਚ ਖੜ੍ਹੀਆਂ ਗੱਡੀਆਂ ਕਾਰਨ ਜਾਮ ਲੱਗਣ ਦੀਆਂ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਨੇ ਟੋਅ ਕਰਨ ਵਾਲੇ ਮੁਲਾਜ਼ਮਾਂ ਦੀ ਟੀਮ ਬੁਲਾਈ ਅਤੇ ਉਨ੍ਹਾਂ ਨੂੰ ਭੀੜ-ਭਾੜ ਵਾਲੇ ਬਾਜ਼ਾਰਾਂ ਤੋਂ ਵੀ ਗੱਡੀਆਂ ਟੋਅ ਕਰਨ ਦਾ ਹੁਕਮ ਦਿੱਤਾ। ਏ. ਡੀ. ਸੀ. ਪੀ. ਨੇ ਚਾਰਾਂ ਟੀਮਾਂ ਨੂੰ ਵੱਖ ਵੱਖ ਜ਼ੋਨਾਂ 'ਚ ਵੰਡ ਦਿੱਤਾ। ਹੁਣ ਇਹ ਟੀਮਾਂ ਮਾਈ ਹੀਰਾਂ ਗੇਟ, ਦੋਆਬਾ ਚੌਕ, ਕਿਸ਼ਨਪੁਰਾ, ਫਗਵਾੜਾ ਗੇਟ, ਸਮੇਤ ਨਾਰਥ ਹਲਕੇ 'ਚ ਵੀ ਪਹੁੰਚ ਰਹੀਆਂ ਹਨ। ਸੈਂਟਰਲ ਹਲਕਾ ਪਹਿਲਾਂ ਤੋਂ ਹੀ ਕਵਰ ਕੀਤਾ ਜਾ ਰਿਹਾ ਸੀ।

ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਕਿਹਾ ਕਿ ਇਲਾਕੇ ਬਦਲ-ਬਦਲ ਕੇ ਉਕਤ ਟੋਅ ਵੈਨ ਸਾਰੇ ਸ਼ਹਿਰ ਨੂੰ ਕਵਰ ਕਰੇਗੀ। ਇਸ ਨਾਲ ਜਿੱਥੇ ਵੀ ਨੋ ਪਾਰਕਿੰਗ 'ਚ ਗੱਡੀਆਂ ਖੜ੍ਹੀਆਂ ਮਿਲੀਆਂ ਉਨ੍ਹਾਂ ਨੂੰ ਟੋਅ ਕੀਤਾ ਜਾਵੇਗਾ। ਏ. ਡੀ. ਸੀ. ਪੀ. ਨੇ ਮੰਨਿਆ ਕਿ ਪਹਿਲਾਂ ਟੋਅ ਕਰਨ ਵਾਲੀਆਂ ਟੀਮਾਂ ਨੇੜਲੇ ਇਲਾਕਿਆਂ ਤੋਂ ਹੀ ਟੋਅ ਕਰ ਕੇ ਲੈ ਆਉਂਦੀਆਂ ਸਨ। ਉਨ੍ਹਾਂ ਕਿਹਾ ਕਿ ਉਕਤ ਟੋਅ ਕਰਨ ਵਾਲੀ ਟੀਮ ਦੀ ਹਰ ਰੋਜ਼ ਹੁਣ ਲੋਕੇਸ਼ਨ ਤੱਕ ਚੈੱਕ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦੇ ਰੂਟ ਦਾ ਪਤਾ ਲੱਗਦਾ ਰਹੇ। ਹਾਲਾਂਕਿ ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਲੋਕਾਂ ਨੂੰ ਵੀ ਨੋ ਪਾਰਕਿੰਗ ਜ਼ੋਨ 'ਚ ਗੱਡੀਆਂ ਨਾ ਖੜ੍ਹੀਆਂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਨੋ ਪਾਰਕਿੰਗ 'ਚ ਖੜ੍ਹੀ ਗੱਡੀ ਕਾਰਨ ਪ੍ਰੇਸ਼ਾਨੀ ਆਈ ਤਾਂ ਟਰੈਫਿਕ ਪੁਲਸ ਦੀ ਹੈਲਪਲਾਈਨ ਨੰਬਰ 1073 'ਤੇ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸ਼ਹਿਰ 'ਚ ਨੋ ਪਾਰਕਿੰਗ ਦੇ ਸਾਈਨ ਬੋਰਡ ਵੀ ਲੱਗ ਜਾਣਗੇ।


shivani attri

Content Editor

Related News