ਫੌਗ ਨਹੀਂ, ਆਸਮਾਨ ’ਚ ਵਧ ਰਹੀ ਐ ਧੂਡ਼ ਦੀ ਮਾਤਰਾ
Wednesday, Oct 31, 2018 - 02:20 AM (IST)

ਹੁਸ਼ਿਆਰਪੁਰ, (ਅਮਰਿੰਦਰ)- ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਪੰਜਾਬ ਸਰਕਾਰ ਦੀ ਸਖ਼ਤੀ ਕਾਰਨ ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਅਤੇ ਜ਼ਰੂਰੀ ਬਦਲਾਅ ਦੇ ਬਾਵਜੂਦ ਇਨ੍ਹੀਂ ਦਿਨੀਂ ਸ਼ਹਿਰ ’ਚ ਸਵੇਰੇ-ਸ਼ਾਮ ਧੂਡ਼ ਭਰੇ ਆਸਮਾਨ ਨੂੰ ਦੇਖ ਕੇ ਆਮ ਆਦਮੀ ਨੂੰ ਲੱਗ ਰਿਹਾ ਹੈ ਕਿ ਇਹ ਫੌਗ ਹੈ। ਪੁੱਛਣ ’ਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਅਤੇ ਖੇਤੀਬਾਡ਼ੀ ਵਿਭਾਗ ਦੇ ਅਧਿਕਾਰੀ ਸਾਫ਼ ਤੌਰ ’ਤੇ ਕਹਿੰਦੇ ਹਨ ਕਿ ਜਨਾਬ ਇਹ ਫੌਗ ਨਹੀਂ, ਸਗੋਂ ਫੈਸਟੀਵਲ ਸੀਜ਼ਨ ’ਚ ਸਡ਼ਕਾਂ ’ਤੇ ਵਾਹਨਾਂ ਦੀ ਗਿਣਤੀ ਵਧਣ ਅਤੇ ਟੁੱਟੀਆਂ ਸਡ਼ਕਾਂ ਦੇ ਟੋਇਅਾਂ ਤੇ ਕਿਨਾਰਿਆਂ ’ਤੇ ਜੰਮੀ ਧੂਡ਼ ਵਾਹਨਾਂ ਦੇ ਪ੍ਰੈੱਸ਼ਰ ਨਾਲ ਹਵਾ ’ਚ ਉੱਡਣ ਕਾਰਨ ਆਸਮਾਨ ’ਚ ਸਵੇਰੇ-ਸ਼ਾਮ ਦਿਸ ਰਹੀ ਹੈ।
ਅੰਕਡ਼ੇ ਵੀ ਭਰ ਰਹੇ ਗਵਾਹੀ
ਜ਼ਿਕਰਯੋਗ ਹੈ ਕਿ ਪਿਛਲੇ ਸਾਲ 30 ਅਕਤੂਬਰ ਨੂੰ ਹੁਸ਼ਿਆਰਪੁਰ ਸ਼ਹਿਰ ਦੇ ਏਅਰ ਕੁਆਲਿਟੀ ਇੰਡੈਕਸ (ੲੇ. ਕਿਊ. ਆਈ.) 140 ਦੇ ਮੁਕਾਬਲੇ ਅੱਜ ਇਹ ਅੰਕਡ਼ਾ 50 ਹੈ, ਫਿਰ ਵੀ ਹੁਸ਼ਿਆਰਪੁਰ ’ਚ ਸ਼ਾਮ ਦੇ 5.30 ਵੱਜਣ ਤੋਂ ਪਹਿਲਾਂ ਹੀ ਆਸਮਾਨ ’ਚ ਧੂਡ਼ ਦਿਸ ਰਹੀ ਹੈ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਸ ਵਾਰ ਇਹ ਪ੍ਰਦੂਸ਼ਣ ਪਰਾਲੀ ਸਾੜਨ ਨਾਲ ਨਹੀਂ ਸਗੋਂ ਟੁੱਟੀਆਂ ਸਡ਼ਕਾਂ ਕਾਰਨ ਹੈ। ਪਰਾਲੀ ਸਾੜਨ ਨਾਲ ਉੱਠਣ ਵਾਲੇ ਧੂੰਏਂ ਦੀ ਪਰਤ ਨੇ ਇਸ ਵਾਰ ਲੋਕਾਂ ਨੂੰ ਥੋਡ਼੍ਹੀ ਰਾਹਤ ਜ਼ਰੂਰ ਦਿੱਤੀ ਹੈ, ਪਰ ਟੁੱਟੀਆਂ ਸਡ਼ਕਾਂ ਨੇ ਲੋਕਾਂ ਨੂੰ ਪ੍ਰਦੂਸ਼ਣ ਦੀ ਮਾਰ ਝੱਲਣ ਲਈ ਮਜਬੂਰ ਕਰ ਦਿੱਤਾ ਹੈ।
ਤਾਪਮਾਨ ਘੱਟ ਹੋਣ ਕਾਰਨ ਧੂਡ਼ ਜ਼ਿਆਦਾ ਉੱਪਰ ਨਹੀਂ ਉੱਠ ਰਹੀ
ਹੈਰਾਨੀ ਵਾਲੀ ਗੱਲ ਸਾਹਮਣੇ ਆਈ ਹੈ ਕਿ ਅਚਾਨਕ ਸ਼ਹਿਰ ਦੀਆਂ ਸਡ਼ਕਾਂ ’ਤੇ ਵਧੇ ਵਾਹਨਾਂ ਕਾਰਨ ਸਡ਼ਕਾਂ ’ਤੇ ਧੂਡ਼ ਉੱਡਦੀ ਹੈ। ਤਿਉਹਾਰਾਂ ਕਰ ਕੇ ਆਮ ਦਿਨਾਂ ਦੇ ਮੁਕਾਬਲੇ 30 ਤੋਂ 40 ਫੀਸਦੀ ਜ਼ਿਆਦਾ ਵਾਹਨ ਸ਼ਹਿਰ ਦੀਆਂ ਸਡ਼ਕਾਂ ’ਤੇ ਨਿਕਲਦੇ ਹਨ। ਸਡ਼ਕਾਂ ਜਗ੍ਹਾ-ਜਗ੍ਹਾ ਤੋਂ ਟੁੱਟੀਆਂ ਹਨ ਜਾਂ ਟੁੱਟੀਆਂ ਸਡ਼ਕਾਂ ’ਤੇ ਮਿੱਟੀ ਪਾ ਦਿੱਤੀ ਗਈ ਹੈ। ਸਫ਼ਾਈ ਨਾ ਹੋਣ ਕਾਰਨ ਸਡ਼ਕਾਂ ਦੇ ਟੋਇਅਾਂ ਅਤੇ ਕਿਨਾਰਿਆਂ ’ਤੇ ਜੰਮੀ ਧੂਡ਼ ਟਾਇਰਾਂ ਦੇ ਪ੍ਰੈਸ਼ਰ ਨਾਲ ਹਵਾ ’ਚ ਮਿਲ ਗਈ ਹੈ। ਤਾਪਮਾਨ ਘੱਟ ਹੋਣ ਕਾਰਨ ਧੂਡ਼ ਜ਼ਿਆਦਾ ਉੱਪਰ ਨਹੀਂ ਉੱਠ ਸਕਦੀ ਅਤੇ ਸ਼ਹਿਰ ਦੇ ਉੱਪਰ ਹੀ ਜਮ੍ਹਾ ਹੋ ਰਹੀ ਹੈ। ਮੀਂਹ ਨਾ ਪੈਣ ਤੇ ਤਾਪਮਾਨ ’ਚ ਲਗਾਤਾਰ ਗਿਰਾਵਟ ਕਾਰਨ ਇਹ ਸਮੱਸਿਆ ਆਉਣ ਵਾਲੇ ਦਿਨਾਂ ’ਚ ਹੋਰ ਵਧ ਸਕਦੀ ਹੈ।
ਸਮੌਗ ਨੂੰ ਪਰਾਲੀ ਨਾਲ ਜੋਡ਼ ਕੇ ਨਾ ਦੇਖੋ
ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਗਈ ਵਿਆਪਕ ਜਾਗ੍ਰਤੀ ਮੁਹਿੰਮ ਸਦਕਾ ਇਸ ਸਾਲ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮਾਮਲਿਆਂ ’ਚ ਕਾਫ਼ੀ ਕਮੀ ਆਈ ਹੈ। ਸ਼ਹਿਰ ’ਚ ਪਿਛਲੇ ਕੁਝ ਦਿਨਾਂ ਤੋਂ ਆਸਮਾਨ ’ਚ ਜੋ ਧੂਡ਼ ਨਜ਼ਰ ਆ ਰਹੀ ਹੈ, ਉਸ ਨੂੰ ਪਰਾਲੀ ਸਾੜਨ ਨਾਲ ਜੋਡ਼ ਕੇ ਨਾ ਦੇਖਿਆ ਜਾਵੇ। ਇਸ ਲਈ ਟਰੈਫਿਕ, ਵਾਹਨ ਵਧਣੇ ਅਤੇ ਟੁੱਟੀਆਂ ਸਡ਼ਕਾਂ ’ਤੇ ਉੱਡਦੀ ਧੂਡ਼ ਜ਼ਿੰਮੇਵਾਰ ਹੈ।