ਸਹੁਰੇ ਪਰਿਵਾਰ ਤੋਂ ਦੁਖੀ ਨਵ-ਵਿਆਹੁਤਾ ਨੇ ਪੱਖੇ ਨਾਲ ਲਿਆ ਫਾਹ

Tuesday, Apr 26, 2022 - 03:55 PM (IST)

ਕਪੂਰਥਲਾ/ਸੁਲਤਾਨਪੁਰ ਲੋਧੀ (ਭੂਸ਼ਣ, ਮਲਹੋਤਰਾ, ਧੀਰ)-ਸਥਾਨਕ ਰੇਲ ਕੋਚ ਫੈਕਟਰੀ ਖੇਤਰ ’ਚ ਸਹੁਰੇ ਪਰਿਵਾਰ ਤੋਂ ਦੁਖੀ ਇਕ ਨਵ-ਵਿਆਹੁਤਾ ਨੇ ਪੱਖੇ ਨਾਲ ਫਾਹ ਲਾ ਕੇ ਖੁਦਕੁਸ਼ੀ ਕਰ ਲਈ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ’ਤੇ ਪਤੀ, ਸੱਸ, ਸਹੁਰੇ ਤੇ ਜੇਠ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਉੱਥੇ ਹੀ ਮ੍ਰਿਤਕਾ ਦਾ ਮੁਲਜ਼ਮ ਪਤੀ ਕੈਨੇਡਾ ’ਚ ਰਹਿੰਦਾ ਹੈ। ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਪੁੱਤਰ ਵਾਸਦੇਵ ਵਾਸੀ ਪਿੰਡ ਸੰਸਾਰਪੁਰ ਥਾਣਾ ਕੈਂਟ ਜਲੰਧਰ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਪਿੰਡ ਸੰਸਾਰਪੁਰ ’ਚ ਟੈਂਟ ਦੀ ਦੁਕਾਨ ਕਰਦਾ ਹੈ। ਉਸ ਦੇ ਚਾਰ ਬੱਚੇ ਹਨ। ਉਸ ਦੀ 22 ਸਾਲ ਦੀ ਬੇਟੀ ਤਾਨੀਆ ਦਾ ਵਿਆਹ 4 ਅਗਸਤ 2021 ਨੂੰ ਆਕਾਸ਼ਦੀਪ ਪੁੱਤਰ ਸ਼ੀਤਲ ਵਾਸੀ ਗੋਕੁਲ ਨਗਰ ਸੈਦੋ ਭੁਲਾਣਾ ਕਪੂਰਥਲਾ ਨਾਲ ਹੋਇਆ ਸੀ। ਵਿਆਹ ’ਚ ਉਸ ਨੇ ਦਾਜ ਦੇ ਤੌਰ ’ਤੇ ਕਾਫ਼ੀ ਰਕਮ ਖਰਚ ਕੀਤੀ ਸੀ।

ਵਿਆਹ ਤੋਂ ਕੁਝ ਦਿਨਾਂ ਬਾਅਦ ਹੀ 30 ਅਗਸਤ 2021 ਨੂੰ ਆਕਾਸ਼ਦੀਪ ਕੈਨੇਡਾ ਚਲਾ ਗਿਆ। ਕੈਨੇਡਾ ਜਾਣ ਤੋਂ ਪਹਿਲਾਂ ਉਸ ਦੀ ਲਡ਼ਕੀ ਦੇ ਸਹੁਰੇ ਪਰਿਵਾਰ, ਜਿਸ ’ਚ ਸਹੁਰਾ ਸ਼ੀਤਲ ਪੁੱਤਰ ਗੁਰਮੀਤ ਸਿੰਘ, ਸੱਸ ਜਸਵਿੰਦਰ ਕੌਰ, ਜੇਠ ਅਕਸ਼ੈ ਕੁਮਾਰ ਨੇ ਉਸ ਦੀ ਲਡ਼ਕੀ ਦੇ ਪਤੀ ਆਕਾਸ਼ਦੀਪ ਨਾਲ ਮਿਲ ਕੇ ਵਿਦੇਸ਼ ਜਾਣ ਲਈ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ’ਤੇ ਉਸ ਨੇ 3 ਲੱਖ ਰੁਪਏ ਦੀ ਰਕਮ ਚਾਰਾਂ ਨੂੰ ਦੇ ਦਿੱਤੀ। ਜਿਸ ਤੋਂ ਬਾਅਦ ਜਦੋਂ ਆਕਾਸ਼ਦੀਪ ਕੈਨੇਡਾ ਚਲਾ ਗਿਆ ਤਾਂ ਉਸ ਨੇ ਕੈਨੇਡਾ ਤੋਂ ਉਸ ਦੀ ਲਡ਼ਕੀ ਤਾਨੀਆ ਨੂੰ ਆਪਣੇ ਮਾਤਾ-ਪਿਤਾ ਤੇ ਭਰਾ ਨਾਲ ਮਿਲ ਕੇ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਘਰੋਂ ਬਾਹਰ ਵੀ ਨਿਕਲਣ ਨਹੀ ਦਿੱਤਾ ਗਿਆ, ਜਿਸ ਕਾਰਨ ਉਸ ਦੀ ਬੇਟੀ ਮਾਨਸਿਕ ਤੌਰ ’ਤੇ ਕਾਫੀ ਪ੍ਰੇਸ਼ਾਨ ਰਹਿਣ ਲੱਗੀ। ਉਸ ਦਾ ਪਤੀ ਅਕਾਸ਼ਦੀਪ ਵਾਰ-ਵਾਰ ਮੋਬਾਇਲ ਫੋਨ ਰਾਹੀਂ ਚੈਟ ’ਤੇ ਉਸ ਦੀ ਬੇਟੀ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗਾ, ਜਿਸ ਕਾਰਨ ਉਸ ਦੀ ਲਡ਼ਕੀ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਰਹਿੰਦੀ ਸੀ। ਜਿਸ ਸਬੰਧੀ ਤਾਨੀਆ ਨੇ ਕਈ ਵਾਰ ਉਸ ਨੂੰ ਦੱਸਿਆ ਸੀ ਤੇ ਕਿਹਾ ਸੀ ਕਿ ਉਹ ਇਨ੍ਹਾਂ ਸਾਰਿਆਂ ਤੋਂ ਤੰਗ ਆ ਕੇ ਮਰ ਜਾਵੇਗੀ, ਜਿਸ ’ਤੇ ਉਸ ਨੇ ਜਦੋਂ ਆਪਣੇ ਜਵਾਈ ਸਮੇਤ ਚਾਰੇ ਮੁਲਜ਼ਮਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਹਰਕਤਾਂ ਤੋਂ ਬਾਜ਼ ਨਹੀਂ ਆਏ।

ਇਸ ਦੌਰਾਨ ਉਸ ਨੂੰ 24 ਅਪ੍ਰੈਲ 2020 ਨੂੰ ਕਰੀਬ 12.30 ਵਜੇ ਦਿਨ ਦੇ ਸਮੇਂ ਆਪਣੇ ਜਵਾਈ ਦੇ ਪਿਤਾ ਸ਼ੀਤਲ ਦਾ ਫੋਨ ਆਇਆ, ਜਿਸ ਨੇ ਉਸ ਨੂੰ ਦੱਸਿਆ ਕਿ ਤਾਨੀਆ ਨੇ ਗਲੇ ’ਚ ਚੁੰਨੀ ਪਾ ਕੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ ਤੇ ਉਸ ਦੀ ਮੌਤ ਹੋ ਗਈ ਹੈ, ਜਿਸ ’ਤੇ ਜਦੋਂ ਉਹ ਮੌਕੇ ’ਤੇ ਪੁੱਜਾ ਤਾਂ ਤਾਨੀਆ ਦੀ ਲਾਸ਼ ਘਰ ਦੇ ਅੰਦਰ ਹੀ ਕਮਰੇ ’ਚ ਪਈ ਹੋਈ ਸੀ ਤੇ ਉਸ ਦੇ ਗਲੇ ’ਤੇ ਨਿਸ਼ਾਨ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਰਾਜੇਸ਼ ਕੱਕਡ਼, ਐੱਸ. ਐੱਚ. ਓ. ਸੁਲਤਾਨਪੁਰ ਵਿਕਰਮ ਸਿੰਘ ਤੇ ਚੌਂਕੀ ਭੁਲਾਣਾ ਦੇ ਇੰਚਾਰਜ ਦਵਿੰਦਰ ਪਾਲ ਸ਼ਰਮਾ ਮੌਕੇ ’ਤੇ ਪੁੱਜੇ ਤੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਚਾਰੇ ਮੁਲਜ਼ਮਾਂ ਅਕਾਸ਼ਦੀਪ, ਸ਼ੀਤਲ, ਜਸਵਿੰਦਰ ਕੌਰ ਤੇ ਅਕਸ਼ੈ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


Manoj

Content Editor

Related News