SSP ਮਾਹਲ ਨੇ 365 ਦਿਨਾਂ ਦੇ ਕਾਰਜਕਾਲ 'ਚ 9 ਔਰਤਾਂ ਤੇ 22 ਵਿਦੇਸ਼ੀ ਸਮੱਗਲਰਾਂ ਨੂੰ ਦਬੋਚਿਆ

07/15/2019 11:59:09 AM

ਜਲੰਧਰ (ਮਹੇਸ਼)— ਨਸ਼ੇ ਨੂੰ ਲੈ ਕੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਉਨ੍ਹਾਂ ਨੇ ਹੁਣ ਤੱਕ ਦੇ ਆਪਣੇ 365 ਦਿਨਾਂ ਦੇ ਕਾਰਜਕਾਲ 'ਚ 9 ਔਰਤਾਂ ਸਮੇਤ 22 ਵਿਦੇਸ਼ੀ ਸਮੱਗਲਰਾਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ 14 ਕਿਲੋ 810 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ, ਜੋ ਕਿ ਪੰਜਾਬ ਪੁਲਸ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ।

ਮਾਹਲ ਨੇ 13 ਜੁਲਾਈ 2018 ਨੂੰ ਜਲੰਧਰ ਦੇ ਐੱਸ. ਐੱਸ. ਪੀ. ਵਜੋਂ ਜ਼ਿਲਾ ਦਿਹਾਤੀ ਪੁਲਸ ਦੀ ਕਮਾਨ ਸੰਭਾਲੀ ਸੀ। ਲਗਾਤਾਰ ਨਸ਼ੇ ਅਤੇ ਵੱਡੇ-ਵੱਡੇ ਸਮੱਗਲਰਾਂ ਨੂੰ ਫੜਨ ਵਾਲੇ ਮਾਹਲ ਨੇ ਵਿਦੇਸ਼ੀ ਸਮੱਗਲਰਾਂ ਦੇ ਨਸ਼ਾ ਕਾਰੋਬਾਰ ਦੇ ਨੈੱਟਵਰਕ ਨੂੰ ਤੋੜਣ 'ਤੇ ਜ਼ੋਰ ਦਿੱਤਾ ਹੈ। 9 ਵਿਦੇਸ਼ੀ ਔਰਤਾਂ ਨੂੰ ਗ੍ਰਿਫਤਾਰ ਕਰਨ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਵਿਦੇਸ਼ੀ ਔਰਤਾਂ ਵੀ ਇਸ ਨੈੱਟਵਰਕ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਦਿਹਾਤੀ ਪੁਲਸ ਨੇ ਹਰ ਨਾਕੇ 'ਤੇ ਮਹਿਲਾ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਜ਼ਰੂਰੀ ਕਰ ਦਿੱਤੀ ਹੈ ਤਾਂ ਕਿ ਕਿਸੇ ਵੀ ਔਰਤ 'ਤੇ ਸ਼ੱਕ ਪੈਣ 'ਤੇ ਉਸ ਤੋਂ ਮੌਕੇ 'ਤੇ ਹੀ ਪੁੱਛਗਿੱਛ ਕੀਤੀ ਜਾਵੇ ਅਤੇ ਲੋੜ ਪੈਣ 'ਤੇ ਤਲਾਸ਼ੀ ਵੀ ਲਈ ਜਾਵੇ।

ਐੱਸ. ਐੱਸ. ਪੀ. ਨੇ ਕਿਹਾ ਕਿ ਨਸ਼ੇ ਦੀਆਂ ਵੱਡੀਆਂ-ਵੱਡੀਆਂ ਮੱਛੀਆਂ ਤੱਕ ਪਹੁੰਚਣ 'ਚ ਦਿਹਾਤੀ ਪੁਲਸ ਨੂੰ ਲੋਕਾਂ ਤੋਂ ਮਿਲੇ ਸਹਿਯੋਗ ਲਈ ਉਹ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਨ, ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਲੋਕਾਂ ਅਤੇ ਪੁਲਸ 'ਚ ਸੰਪਰਕ ਬਣਿਆ ਰਿਹਾ ਤਾਂ ਦਿਹਾਤੀ ਖੇਤਰ 'ਚ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਫਰੀਕੀ ਦੇਸ਼ਾਂ ਦੇ ਲੜਕੇ-ਲੜਕੀਆਂ ਭਾਰਤ 'ਚ ਪੜ੍ਹਾਈ ਕਰਨ ਆਉਂਦੇ ਹਨ ਅਤੇ ਉਨ੍ਹਾਂ 'ਚੋਂ ਹੀ ਇਕ ਦਿੱਲੀ ਤੋਂ ਪੰਜਾਬ 'ਚ ਆਪਣਾ ਨਸ਼ਾ ਸਪਲਾਈ ਕਰਨ ਦਾ ਨੈੱਟਵਰਕ ਤਿਆਰ ਕਰ ਲੈਂਦਾ ਹੈ, ਜਿਸ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰਨ ਲਈ ਦਿਹਾਤੀ ਪੁਲਸ ਸਰਗਰਮੀ ਨਾਲ ਕੰਮ ਕਰ ਰਹੀ ਹੈ।


Related News