ਨਗਰ ਕੌਂਸਲ ਰੂਪਨਗਰ ''ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼, ਵਿਜੀਲੈਂਸ ਟੀਮ ਵਲੋਂ ਜਾਂਚ ਸ਼ੁਰੂ
Thursday, Mar 28, 2019 - 08:55 PM (IST)
ਰੂਪਨਗਰ,(ਵਿਜੇ) : ਨਗਰ ਕੌਂਸਲ ਰੂਪਨਗਰ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ 'ਚ ਉਸ ਸਮੇਂ ਹੜਕੰਪ ਮਚ ਗਿਆ, ਜਦ ਅਚਾਨਕ ਕੌਂਸਲ 'ਚ ਵਿਜੀਲੈਂਸ ਟੀਮ ਨੇ ਪਹੁੰਚ ਕੇ ਜਾਂਚ ਪੜਤਾਲ ਕੀਤੀ। ਜਾਣਕਾਰੀ ਮੁਤਾਬਕ ਰੂਪਨਗਰ ਨਗਰ ਕੌਂਸਲ 'ਤੇ ਵਿਕਾਸ ਕੰਮਾਂ ਦੇ ਨਾਮ 'ਤੇ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਦੇ ਦੋਸ਼ਾਂ ਤਹਿਤ ਅੱਜ ਵਿਜੀਲੈਂਸ ਬਿਓਰੋ ਨੇ ਚੈਕਿੰਗ ਕੀਤੀ। ਵਿਜੀਲੈਂਸ ਜਾਂਚ ਘਪਲੇਬਾਜ਼ੀ ਦਾ ਪਤਾ ਚੱਲਣ 'ਤੇ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮਾਕੜ ਤੇ ਕੌਂਸਲ ਦੇ ਕਈ ਹੋਰ ਅਧਿਕਾਰੀਆਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਵਿਜੀਲੈਂਸ ਵਿਭਾਗ ਨੂੰ ਨਗਰ ਕੌਂਸਲ ਰੂਪਨਗਰ 'ਤੇ ਭ੍ਰਿਸ਼ਟਾਚਾਰ ਸਬੰਧੀ ਸ਼ਿਕਾਇਤ ਮੌਜੂਦਾ ਕੌਂਸਲਰ ਸੰਦੀਪ ਕੌਰ ਜੱਗੀ ਦੇ ਪਤੀ ਗੁਰਵਿੰਦਰ ਸਿੰਘ ਜੱਗੀ ਵੱਲੋਂ ਕੀਤੀ ਗਈ ਹੈ। ਵਿਜੀਲੈਂਸ ਬਿਓਰੋ ਦੀ ਟੀਮ ਵਲੋਂ ਪਹਿਲਾਂ ਈ. ਓ. ਦੇ ਦਫਤਰ 'ਚ ਪੁੱਛ ਗਿੱਛ ਕੀਤੀ ਗਈ ਅਤੇ ਜ਼ਰੂਰੀ ਰਿਕਾਰਡ ਵੀ ਕਬਜ਼ੇ 'ਚ ਲੈ ਲਿਆ ਗਿਆ। ਇਸ ਦੇ ਬਾਅਦ ਵਿਜੀਲੈਂਸ ਟੀਮ ਵਲੋਂ ਸ਼ਹਿਰ 'ਚ ਲਾਈਆਂ ਗਈਆਂ ਇੰਟਰਲਾਕਿੰਗ ਟਾਈਲਾਂ ਦਾ ਨਿਰੀਖਣ ਕੀਤਾ ਗਿਆ। ਇਸ 'ਤੇ ਕੌਂਸਲ ਵਲੋਂ ਕਰੋੜਾਂ ਰੁਪਏ ਖਰਚ ਕੀਤੇ ਗਏ। ਵਿਜੀਲੈਂਸ ਟੀਮ ਨੇ ਸਥਾਨਕ ਲੋਕਾਂ ਤੋਂ ਗਲੀਆਂ 'ਚ ਲਾਈਆਂ ਗਈਆਂ ਟਾਈਲਾਂ ਤੇ ਹੋਰ ਨਿਰਮਾਣ ਸਮੱਗਰੀ ਸਬੰਧੀ ਜਾਣਕਾਰੀ ਲਈ।
ਕੀ ਕਹਿਣੈ ਸ਼ਿਕਾਇਤਕਰਤਾ ਦਾ
ਸ਼ਿਕਾਇਤਕਰਤਾ ਗੁਰਵਿੰਦਰ ਸਿੰਘ ਜੱਗੀ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਵਿਕਾਸ ਕਾਰਜਾਂ 'ਤੇ ਖਰਚ ਕੀਤੀ ਗਈ ਕਰੋੜਾਂ ਰੁਪਏ ਦੀ ਰਾਸ਼ੀ ਸਬੰਧੀ ਉਨ੍ਹਾਂ ਵਲੋਂ ਬਿਓਰਾ ਮੰਗਿਆ ਗਿਆ ਸੀ ਪਰ ਕੌਂਸਲ ਵਲੋਂ ਉਨ੍ਹਾਂ ਨੂੰ ਕੋਈ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਗਈ। ਇਸ ਸਬੰਧੀ ਉਨ੍ਹਾਂ ਵਿਜੀਲੈਂਸ ਬਿਓਰੋ ਚੰਡੀਗੜ੍ਹ ਦੇ ਕੋਲ ਸ਼ਿਕਾਇਤ ਕੀਤੀ। ਜਿਸ ਦੇ ਆਧਾਰ 'ਤੇ ਵਿਜੀਲੈਂਸ ਦੀ ਟੀਮ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਕਹਿਣੈ ਸਥਾਨਕ ਲੋਕਾਂ ਦਾ
ਸਥਾਨਕ ਲੋਕਾਂ ਨੇ ਦੱਸਿਆ ਕਿ ਜੋ ਮਾਰਗ ਲੁੱਕ ਅਤੇ ਪ੍ਰੀਮਿਕਸ ਨਾਲ ਬਣੇ ਹੋਏ ਸਨ। ਉਥੇ ਬਿਨਾਂ ਗਟਕਾ ਅਤੇ ਰੇਤ ਇੰਟਰਲਾਕਿੰਗ ਟਾਈਲਾਂ ਲਾਈਆਂ ਗਈਆਂ ਅਤੇ ਪਾਣੀ ਦੀ ਨਿਕਾਸੀ ਦੀ ਕੋਈ ਵਿਵਸਥਾ ਨਹੀਂ ਹੋਈ। ਇਸ ਦੇ ਇਲਾਵਾ ਸ਼ਹਿਰ 'ਚ ਪੱਕੀ ਕੰਕਰੀਟ ਨਿਰਮਿਤ ਗਲੀਆਂ, ਜਿਨ੍ਹਾਂ ਦੀ ਹਾਲਤ ਦਰੁੱਸਤ ਸੀ, ਉਥੇ ਵੀ ਇੰਟਰਲਾਕਿੰਗ ਟਾਈਲਾਂ ਲਾ ਕੇ ਜਨਤਾ ਦੇ ਕਰੋੜਾਂ ਰੁਪਏ ਦਾ ਦੁਰਉਪਯੋਗ ਕੀਤਾ ਗਿਆ।
ਕੀ ਕਹਿਣੈ ਵਿਜੀਲੈਂਸ ਟੀਮ ਦੇ ਮੁਖੀ ਦਾ
ਵਿਜੀਲੈਂਸ ਟੀਮ ਦੇ ਪ੍ਰਮੁੱਖ ਇੰਸਪੈਕਟਰ ਤੇਜਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਵਿਜੀਲੈਂਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੋ ਤੱਥ ਸਾਹਮਣੇ ਆਏ, ਉਸ ਦੇ ਮੁਤਾਬਕ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਜਾਵੇਗੀ।
