ਡੇਂਗੂ ਤੇ ਬਰਸਾਤ ਨੂੰ ਲੈ ਕੇ ਵੀ ਕੋਈ ਤਿਆਰੀ ਕਰਦਾ ਨਹੀਂ ਦਿਸ ਰਿਹਾ ਨਗਰ ਨਿਗਮ

06/23/2022 3:11:54 PM

ਜਲੰਧਰ (ਖੁਰਾਣਾ)–ਮਾਨਸੂਨ ਆਉਣ ਵਿਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ ਅਤੇ ਮੌਸਮ ਵਿਗਿਆਨੀਆਂ ਨੇ ਇਸ ਵਾਰ ਭਾਰੀ ਮੀਂਹ ਦੀ ਚਿਤਾਵਨੀ ਵੀ ਦਿੱਤੀ ਹੋਈ ਹੈ। ਇਹੀ ਮੌਸਮ ਹੈ, ਜਿਸ ਦੌਰਾਨ ਡੇਂਗੂ ਅਤੇ ਪੀਲੀਆ ਵਰਗੀਆਂ ਬੀਮਾਰੀਆਂ ਫੈਲਦੀਆਂ ਹਨ ਅਤੇ ਕਈ ਲੋਕਾਂ ਨੂੰ ਜਾਨ ਤੋਂ ਹੱਥ ਵੀ ਧੋਣਾ ਪੈਂਦਾ ਹੈ। ਬਰਸਾਤ ਅਤੇ ਡੇਂਗੂ ਦਾ ਸੀਜ਼ਨ ਐਨ ਸਿਰ ’ਤੇ ਆ ਜਾਣ ਦੇ ਬਾਵਜੂਦ ਜਲੰਧਰ ਨਗਰ ਨਿਗਮ ਇਨ੍ਹਾਂ ਮਾਮਲਿਆਂ ਵਿਚ ਕੋਈ ਤਿਆਰੀ ਕਰਦਾ ਨਹੀਂ ਦਿਸ ਰਿਹਾ।

ਅਜਿਹਾ ਲੱਗ ਰਿਹਾ ਹੈ ਕਿ ਨਿਗਮ ਅਧਿਕਾਰੀ ਇਸ ਨੂੰ ਲੈ ਕੇ ਜ਼ਰਾ ਵੀ ਗੰਭੀਰ ਨਹੀਂ ਹਨ। ਹਰ ਸਾਲ ਬਰਸਾਤ ਦੇ ਦਿਨਾਂ ਤੋਂ 1-2 ਮਹੀਨੇ ਪਹਿਲਾਂ ਨਿਗਮ ਵੱਲੋਂ ਸਿਵਲ ਲਾਈਨਾਂ ਅਤੇ ਰੋਡ-ਗਲੀਆਂ ਦੀ ਸਫ਼ਾਈ ਕਰਵਾਈ ਜਾਂਦੀ ਹੈ ਅਤੇ ਵਾਧੂ ਲੇਬਰ ਤੱਕ ਰੱਖੀ ਜਾਂਦੀ ਹੈ ਪਰ ਇਸ ਵਾਰ ਅਜਿਹਾ ਕੁਝ ਨਹੀਂ ਕੀਤਾ ਗਿਆ। ਸ਼ਹਿਰ ਵਿਚ ਪਿਛਲੇ ਦਿਨੀਂ ਹੋਈ ਥੋੜ੍ਹੀ ਜਿਹੀ ਬਰਸਾਤ ਨੇ ਹੀ ਸ਼ਹਿਰ ਦੀ ਸ਼ਕਲ ਵਿਗਾੜ ਕੇ ਰੱਖ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਬਰਸਾਤਾਂ ਵਿਚ ਸ਼ਹਿਰ ਦੇ ਹਾਲਾਤ ਕਾਫ਼ੀ ਜ਼ਿਆਦਾ ਖ਼ਰਾਬ ਹੋ ਸਕਦੇ ਹਨ। ਡੇਂਗੂ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਸਾਲਾਂ ਤੋਂ ਸ਼ਹਿਰ ਦੇ ਲੋਕ ਇਸ ਨਾਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਪਿਛਲੇ ਸਾਲਾਂ ਦੌਰਾਨ ਨਿਗਮ ਡੇਂਗੂ ਤੋਂ ਬਚਾਅ ਲਈ ਫੌਗਿੰਗ ਆਦਿ ਦਾ ਸ਼ਡਿਊਲ ਜਾਰੀ ਕਰਦਾ ਸੀ ਪਰ ਇਸ ਵਾਰ ਅਜਿਹਾ ਕੁਝ ਨਹੀਂ ਦਿਸ ਰਿਹਾ। ਸੈਨੀਟੇਸ਼ਨ ਵਿਭਾਗ ਨੇ ਇਸ ਵੱਲੋਂ ਅੱਖਾਂ ਮੀਟੀਆਂ ਹੋਈਆਂ ਹਨ ਕਿਉਂਕਿ ਉਸ ਤੋਂ ਕੂੜੇ ਦੀ ਸਥਿਤੀ ’ਤੇ ਹੀ ਕਾਬੂ ਨਹੀਂ ਪਾਇਆ ਜਾ ਰਿਹਾ। ਇਸ ਸਮੇਂ ਸ਼ਹਿਰ ਵਿਚ ਥਾਂ-ਥਾਂ ਕੂੜੇ ਦੇ ਢੇਰ ਵੀ ਲੱਗੇ ਹੋਏ ਹਨ, ਜਿਨ੍ਹਾਂ ਨੂੰ ਸਮੇਂ ’ਤੇ ਲਿਫਟ ਨਹੀਂ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ: ਦਰਬਾਰ ਸਾਹਿਬ ਤੋਂ ਪਰਤ ਰਹੇ ਪਰਿਵਾਰ ਨਾਲ ਗੰਨ ਪੁਆਇੰਟ ’ਤੇ ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਲੁੱਟ

ਕਮਿਸ਼ਨਰ ਬੀਮਾਰ ਅਤੇ ਬਾਕੀ ਵੱਡੇ ਅਧਿਕਾਰੀ ਹੈ ਹੀ ਨਹੀਂ
ਜਲੰਧਰ ਨਿਗਮ ਦੀ ਗੱਲ ਕਰੀਏ ਤਾਂ ਇਹ ਸੰਸਥਾਨ ਪੰਜਾਬ ਸਰਕਾਰ ਦੀਆਂ ਨਜ਼ਰਾਂ ’ਚ ਅਣਦੇਖਾ ਜਿਹਾ ਲੱਗ ਰਿਹਾ ਹੈ। ਪਿਛਲੇ ਦਿਨੀਂ ਕਮਿਸ਼ਨਰ ਦੇ ਰੂਪ ਵਿਚ ਨੌਜਵਾਨ ਆਈ. ਏ. ਐੱਸ. ਅਧਿਕਾਰੀ ਦੀਪਸ਼ਿਖਾ ਸ਼ਰਮਾ ਦੀ ਤਾਇਨਾਤੀ ਤਾਂ ਕੀਤੀ ਗਈ ਪਰ ਉਹ ਸਿਹਤ ਸਬੰਧੀ ਕਾਰਨਾਂ ਕਾਰਨ ਲੰਮੇ ਸਮੇਂ ਤੋਂ ਗੈਰ-ਹਾਜ਼ਰ ਹਨ। ਨਿਗਮ ਵਿਚ ਐਡੀਸ਼ਨਲ ਕਮਿਸ਼ਨਰ ਸਿੱਧੂ ਦੀ ਤਾਇਨਾਤੀ ਹੈ ਜਾਂ ਨਹੀਂ ਅਤੇ ਉਹ ਕੀ ਕੰਮ ਕਰਦੇ ਹਨ, ਕਰਦੇ ਵੀ ਹਨ ਜਾਂ ਨਹੀਂ, ਇਸ ਨੂੰ ਲੈ ਕੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਪੰਜਾਬ ਸਰਕਾਰ ਨੇ ਅਜੇ ਤੱਕ ਇਥੇ ਕੋਈ ਜੁਆਇੰਟ ਕਮਿਸ਼ਨਰ ਨਹੀਂ ਭੇਜਿਆ। ਇਕ ਜੁਆਇੰਟ ਕਮਿਸ਼ਨਰ ਮੈਡਮ ਰੰਧਾਵਾ ਵੀ ਸਿਹਤ ਕਾਰਨਾਂ ਕਾਰਨ ਓਨੀ ਐਕਟਿਵ ਨਹੀਂ ਹੈ। ਨਿਗਮ ਦੇ ਓ. ਐਂਡ ਐੱਮ. ਸੈੱਲ ਜਿਸ ਦੇ ਮੋਢਿਆਂ ’ਤੇ ਬਰਸਾਤਾਂ ਨਾਲ ਨਜਿੱਠਣ ਦੀ ਸਾਰੀ ਜ਼ਿੰਮੇਵਾਰੀ ਰਹਿੰਦੀ ਹੈ, ਦੇ ਐੱਸ. ਈ. ਅਨੁਰਾਗ ਮਹਾਜਨ ਵੀ ਦੂਜੇ ਸ਼ਹਿਰ ਤੋਂ ਆਉਂਦੇ ਹਨ ਅਤੇ ਉਨ੍ਹਾਂ ਨੂੰ ਜਲੰਧਰ ਦੀ ਸਥਿਤੀ ਬਾਰੇ ਜ਼ਿਆਦਾ ਗਿਆਨ ਨਹੀਂ ਹੈ। ਜਿਸ ਅਧਿਕਾਰੀ ਸਤਿੰਦਰ ਮਹਾਜਨ ਨੂੰ ਜਲੰਧਰ ਦੇ ਚੱਪੇ-ਚੱਪੇ ਬਾਰੇ ਪਤਾ ਹੈ, ਉਨ੍ਹਾਂ ਨੂੰ ਸਰਕਾਰ ਨੇ ਅੰਮ੍ਰਿਤਸਰ ’ਚ ਤਾਇਨਾਤ ਕਰ ਰੱਖਿਆ ਹੈ। ਸਰਕਾਰ ਦੀ ਇਸ ਪਾਲਿਸੀ ਦੀ ਸਮਝ ਨਹੀਂ ਆ ਰਹੀ ਹੈ ਕਿ ਆਖਿਰ ਜਲੰਧਰ ਨਿਗਮ ਨੂੰ ਅਣਦੇਖਿਆ ਕਿਉਂ ਕੀਤਾ ਜਾ ਰਿਹਾ ਹੈ।

ਕਾਂਗਰਸ ਨੇ ਮੋਹ ਤਿਆਗਿਆ ਤਾਂ ‘ਆਪ’ ਵੀ ਓਨੀ ਐਕਟਿਵ ਨਹੀਂ
ਜਲੰਧਰ ਵਿਚ ਇਸ ਸਮੇਂ ਕਾਂਗਰਸ ਦੇ 2 ਵਿਧਾਇਕ, 3 ਮੇਅਰ ਅਤੇ 65 ਕੌਂਸਲਰ ਹਨ ਪਰ ਇਸਦੇ ਬਾਵਜੂਦ ਕਾਂਗਰਸੀ ਨੇਤਾਵਾਂ ਵੱਲੋਂ ਸੱਤਾ ਦਾ ਮੋਹ ਤਿਆਗਿਆ ਹੋਇਆ ਲੱਗ ਰਿਹਾ ਹੈ। ਆਮ ਆਦਮੀ ਪਾਰਟੀ ਦੇ ਦੋਵੇਂ ਵਿਧਾਇਕ ਵੀ ਇਨ੍ਹੀਂ ਦਿਨੀਂ ਸੰਗਰੂਰ ਉਪ ਚੋਣ ਵਿਚ ਬਿਜ਼ੀ ਦਿਸ ਰਹੇ ਹਨ ਅਤੇ ਜਲੰਧਰ ਨਿਗਮ ਵਿਚ ਲੰਮੇ ਸਮੇਂ ਤੋਂ ਉਨ੍ਹਾਂ ਦਾ ਵੀ ਕੋਈ ਚੱਕਰ ਨਹੀਂ ਲੱਗਾ। ਇਸੇ ਕਾਰਨ ਨਿਗਮ ਦੇ ਕੰਮਕਾਜ ਨਾਲ ਸਬੰਧਤ ਲੋਕਾਂ ਦੀਆਂ ਸਮੱਸਿਆਵਾਂ ਦਿਨ-ਪ੍ਰਤੀਦਿਨ ਵਧਦੀਆਂ ਜਾ ਰਹੀਆਂ ਹਨ। ਨਵੀਂ ਕਮਿਸ਼ਨਰ ਦੇ ਆਉਣ ਨਾਲ ਸ਼ਿਕਾਇਤਾਂ ਦਾ ਜੋ ਤੇਜ਼ ਨਿਪਟਾਰਾ ਹੋਣ ਲੱਗਾ ਸੀ, ਉਹ ਚਾਲ ਵੀ ਮੱਧਮ ਪੈ ਗਈ ਹੈ ਅਤੇ ਨਿਗਮ ਦੇ ਜ਼ਿਆਦਾਤਰ ਅਧਿਕਾਰੀ ਪੁਰਾਣੀ ਚਾਲ ’ਤੇ ਹੀ ਆ ਗਏ ਹਨ। ਵੱਖ-ਵੱਖ ਵਿਭਾਗਾਂ ਵਿਚ ਹਾਜ਼ਰੀ ਵੀ ਘੱਟ ਨਜ਼ਰ ਆਉਂਦੀ ਹੈ। ਪਤਾ ਨਹੀਂ ਨਿਗਮ ਵਿਚ ਇਹ ਹਾਲਾਤ ਆਖਿਰ ਕਦੋਂ ਤੱਕ ਬਣੇ ਰਹਿਣਗੇ।

ਇਹ ਵੀ ਪੜ੍ਹੋ: ਜੇਲ੍ਹਾਂ ’ਚ ਬੰਦ ਗੈਂਗਸਟਰਾਂ ’ਤੇ ਵੱਡੇ ਸ਼ਿਕੰਜੇ ਦੀ ਤਿਆਰੀ 'ਚ ਪੰਜਾਬ ਸਰਕਾਰ, ਮਦਦਗਾਰ ਵੀ ਹੋਣਗੇ ਤਲਬ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News