ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਦਘਾਟਨ ਨੂੰ ਲੈ ਕੇ ਪ੍ਰਸ਼ਾਸਨ ਅਲਰਟ, ਯੁੱਧ ਪੱਧਰ ’ਤੇ ਤਿਆਰੀਆਂ
Friday, Jan 30, 2026 - 08:08 PM (IST)
ਹਲਵਾਰਾ (ਲਾਡੀ) : ਅੰਤਰਰਾਸ਼ਟਰੀ ਹਵਾਈ ਅੱਡੇ ਹਲਵਾਰਾ ਦੇ ਵਰਚੁਅਲ ਉਦਘਾਟਨ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਾਰੇ ਸਬੰਧਤ ਵਿਭਾਗ ਪੂਰੀ ਤਰ੍ਹਾਂ ਤਿਆਰੀਆਂ ਵਿੱਚ ਜੁਟੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫ਼ਰਵਰੀ ਮਹੀਨੇ ਵਿੱਚ ਹਵਾਈ ਅੱਡੇ ਦੇ ਵਰਚੁਅਲ ਉਦਘਾਟਨ ਦੇ ਐਲਾਨ ਤੋਂ ਬਾਅਦ ਹਵਾਈ ਅੱਡੇ ਦੇ ਐਪ੍ਰੋਚ ਰੋਡ ਅਤੇ ਇਸ ਨਾਲ ਜੁੜੀਆਂ ਸਾਰੀਆਂ ਲਿੰਕ ਸੜਕਾਂ ’ਤੇ ਸਫ਼ਾਈ ਅਤੇ ਮੁਰੰਮਤ ਦੇ ਕੰਮ ਤੇਜ਼ ਕਰ ਦਿੱਤੇ ਗਏ ਹਨ।

ਹਵਾਈ ਅੱਡੇ ਦੇ ਅੰਦਰ ਅਤੇ ਬਾਹਰ ਸੈਂਕੜਿਆਂ ਦੀ ਗਿਣਤੀ ਵਿੱਚ ਮਜ਼ਦੂਰ ਦਿਨ-ਰਾਤ ਕੰਮ ਕਰ ਰਹੇ ਹਨ। ਐਪ੍ਰੋਚ ਰੋਡ ਦੇ ਦੋਹਾਂ ਪਾਸਿਆਂ ਤੋਂ ਮਿੱਟੀ, ਕੂੜਾ ਅਤੇ ਜੰਗਲੀ ਘਾਹ-ਫੂਸ ਨੂੰ ਹਟਾਇਆ ਜਾ ਰਿਹਾ ਹੈ। ਪਾਰਕਿੰਗ ਸਥਲਾਂ ਅਤੇ ਹੋਰ ਖੁੱਲ੍ਹੀਆਂ ਥਾਵਾਂ ’ਤੇ ਟੁੱਟੀਆਂ ਅਤੇ ਨੁਕਸਾਨੀ ਟਾਇਲਾਂ ਦੀ ਥਾਂ ਨਵੀਆਂ ਟਾਇਲਾਂ ਲਗਾਈਆਂ ਜਾ ਰਹੀਆਂ ਹਨ। ਸੜਕਾਂ ਅਤੇ ਹਵਾਈ ਅੱਡੇ ਦੀ ਸਫ਼ਾਈ ਲਈ ਦਰਜਨਾਂ ਪੋਕਲੇਨ, ਜੇਸੀਬੀ, ਹਾਇਡਰਾ ਅਤੇ ਵੱਡੀਆਂ ਕ੍ਰੇਨਾਂ ਦੀ ਮਦਦ ਲਈ ਜਾ ਰਹੀ ਹੈ।
ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਪ੍ਰਸ਼ਾਸਨ ਪੂਰੀ ਤਰ੍ਹਾਂ ਸਚੇਤ ਹੈ। ਡੀਆਈਜੀ ਸਤਿੰਦਰ ਸਿੰਘ ਅਤੇ ਐੱਸਐੱਸਪੀ ਲੁਧਿਆਣਾ (ਰੂਰਲ) ਡਾ. ਅੰਕੁਰ ਗੁਪਤਾ ਨੇ ਹਵਾਈ ਅੱਡੇ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਪੁਲਸ ਬਲ ਦੀ ਤਾਇਨਾਤੀ ਸਬੰਧੀ ਜ਼ਰੂਰੀ ਹੁਕਮ ਜਾਰੀ ਕੀਤੇ। ਲੁਧਿਆਣਾ–ਬਠਿੰਡਾ ਰਾਜ ਮਾਰਗ, ਹਵਾਈ ਅੱਡੇ ਦੀ ਐਪ੍ਰੋਚ ਰੋਡ ਅਤੇ ਹਵਾਈ ਅੱਡੇ ਨੂੰ ਆਉਣ ਵਾਲੀਆਂ ਸਾਰੀਆਂ ਲਿੰਕ ਸੜਕਾਂ ’ਤੇ ਵਾਧੂ ਪੁਲਸ ਫੋਰਸ ਤਾਇਨਾਤ ਰਹੇਗੀ।

ਸੂਤਰਾਂ ਅਨੁਸਾਰ ਕੇਂਦਰੀ ਨਾਗਰਿਕ ਉਡਾਣ ਮੰਤਰੀ ਰਾਮ ਮੋਹਨ ਨਾਇਡੂ ਸਮੇਤ ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਭਾਰਤੀ ਹਵਾਈ ਫੌਜ ਕੇਂਦਰ ਹਲਵਾਰਾ ਪਹੁੰਚੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਦਘਾਟਨੀ ਸਮਾਗਮ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਹਰ ਪੱਖ ਤੋਂ ਤਿਆਰੀਆਂ ਮੁਕੰਮਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ।
