ਸਿਆਸੀ ਪ੍ਰਭਾਵ ਕਾਰਨ ਜਲੰਧਰ ਨਿਗਮ ਨੂੰ ਲੱਗਾ ਕਰੋੜ ਤੋਂ ਵੱਧ ਦਾ ਚੂਨਾ

01/30/2020 6:44:38 PM

ਜਲੰਧਰ (ਖੁਰਾਣਾ)— ਨਗਰ ਨਿਗਮ ਜਲੰਧਰ 'ਚ ਕਾਂਗਰਸ ਨੂੰ ਆਏ ਦੋ ਸਾਲ ਜਦਕਿ ਪੰਜਾਬ ਦੀ ਸੱਤਾ 'ਤੇ ਕਬਜ਼ਾ ਕੀਤੇ ਹੋਏ ਕਾਂਗਰਸ ਨੂੰ 3 ਸਾਲ ਹੋ ਚੁੱਕੇ ਹਨ ਪਰ ਵਿਰੋਧੀ ਧਿਰ 'ਚ ਰਹਿੰਦੇ ਹੋਏ ਸਭ ਤੋਂ ਵੱਧ ਰੌਲਾ ਪਾਉਣ ਵਾਲੀ ਇਹ ਪਾਰਟੀ ਨਿਗਮ 'ਚ ਸ਼ਾਮਲ ਭ੍ਰਿਸ਼ਟਾਚਾਰ ਨੂੰ ਨਾ ਸਿਰਫ ਚੁੱਪਚਾਪ ਸਹਿਣ ਕਰਦੇ ਜਾ ਰਹੀ ਹੈ, ਸਗੋਂ ਕਈ ਮਾਮਲਿਆਂ 'ਚ ਤਾਂ ਭ੍ਰਿਸ਼ਟਾਚਾਰ ਨੂੰ ਵਾਧਾ ਮਿਲਣਾ ਸ਼ੁਰੂ ਹੋ ਗਿਆ ਹੈ। ਅਜਿਹੀ ਹੀ ਇਕ ਮਿਸਾਲ ਬੀਤੇ ਦਿਨ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਨਗਰ ਨਿਗਮ 'ਚ ਸਟਰੀਟ ਲਾਈਟ ਠੇਕੇਦਾਰਾਂ ਨੇ ਸ਼ਰੇਆਮ ਆਪਸ 'ਚ ਪੂਲ ਕਰ ਲਿਆ, ਜਿਸ ਨਾਲ ਨਗਰ ਨਿਗਮ ਨੂੰ ਸਿੱਧੇ ਇਕ ਕਰੋੜ ਰੁਪਏ ਤੋਂ ਵੱਧ ਦਾ ਚੂਨਾ ਲੱਗ ਗਿਆ। ਸਪਸ਼ਟ ਰੂਪ ਨਾਲ ਮੰਨਿਆ ਜਾ ਰਿਹਾ ਹੈ ਕਿ ਜਲੰਧਰ ਨਿਗਮ 'ਚ ਇਕ ਕਰੋੜ ਰੁਪਏ ਦਾ ਇਹ ਭ੍ਰਿਸ਼ਟਾਚਾਰ ਸਿਆਸੀ ਪ੍ਰਭਾਵ ਕਾਰਨ ਹੋਇਆ ਹੈ ਜਿਸ ਦੀ ਗੂੰਜ ਆਉਣ ਵਾਲੇ ਸਮੇਂ 'ਚ ਦੂਰ ਤਕ ਜਾ ਸਕਦੀ ਹੈ।

ਹੋਇਆ ਇੰਝ ਕਿ ਦਸੰਬਰ ਦੇ ਪਹਿਲੇ ਹਫਤੇ 'ਚ ਨਗਰ ਨਿਗਮ ਨੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਨੂੰ ਮੇਨਟੇਨ ਕਰਨ ਵਜੋਂ ਲਗਭਗ 4 ਕਰੋੜ ਦੇ ਟੈਂਡਰ ਲਗਾਏ। ਪਿਛਲੇ ਸਾਲ ਇਹੀ ਟੈਂਡਰ ਨਿਗਮ ਦੇ ਚੰਦ ਠੇਕੇਦਾਰਾਂ ਨੇ 33.33 ਫੀਸਦੀ ਡਿਸਕਾਊਂਟ ਭਰ ਕੇ ਲਏ ਸਨ, ਜਿਸ ਕਾਰਨ ਨਿਗਮ ਨੂੰ ਇਕ ਸਾਲ 'ਚ ਉਨ੍ਹਾਂ ਨੂੰ 4 ਕਰੋੜ ਦੀ ਬਜਾਏ 2.65 ਕਰੋੜ ਰੁਪਏ ਦੇਣੇ ਪਏ। ਬੀਤੇ ਦਿਨ ਉਹੀ ਠੇਕੇਦਾਰਾਂ ਨੇ ਇਹੀ 4 ਕਰੋੜ ਰੁਪਏ ਦੇ ਠੇਕੇ ਸਿਰਫ 4 ਫੀਸਦੀ ਤੋਂ ਵੀ ਘੱਟ ਡਿਸਕਾਊਂਟ 'ਤੇ ਭਰੇ, ਜਿਨ੍ਹਾਂ ਨੂੰ ਨਿਗਮ ਅਲਾਟ ਕਰਨ ਦੀ ਤਿਆਰੀ ਕਰ ਰਿਹਾ ਹੈ। ਜੇਕਰ 4 ਫੀਸਦੀ ਡਿਸਕਾਊਂਟ 'ਤੇ ਇਨ੍ਹਾਂ ਠੇਕੇਦਾਰਾਂ ਨੂੰ ਕੰਮ ਮਿਲਦਾ ਹੈ ਤਾਂ ਨਿਗਮ ਨੂੰ ਸਿਰਫ 16 ਲੱਖ ਰੁਪਏ ਦੀ ਬੱਚਤ ਹੋਵੇਗੀ ਜਦਕਿ ਪਿਛਲੇ ਸਾਲ ਇਹੀ ਬੱਚਤ 1.33 ਕਰੋੜ ਦੇ ਡਿਸਕਾਊਂਟ 'ਤੇ ਸੀ। ਕੀ ਹੁਣ ਉਹੀ ਕੰਮ ਨਿਗਮ ਸਿਰਫ 16 ਲੱਖ ਰੁਪਏ ਡਿਸਕਾਊਂਟ 'ਤੇ ਉਨ੍ਹਾਂ ਠੇਕੇਦਾਰਾਂ ਨੂੰ ਅਲਾਟ ਕਰ ਸਕਦਾ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹ ਟੈਂਡਰ ਅਲਾਟ ਹੋ ਗਏ ਤਾਂ ਸਬੰਧਤ ਨਿਗਮ ਅਧਿਕਾਰੀਆਂ ਨੂੰ ਵੀ ਜਵਾਬਦੇਹ ਬਣਾਇਆ ਜਾ ਸਕਦਾ ਹੈ ਕਿਉਂਕਿ ਇਹ ਮਾਮਲਾ ਵਿਜੀਲੈਂਸ ਜਾਂ ਹਾਈ ਕੋਰਟ ਤਕ ਵੀ ਪਹੁੰਚ ਸਕਦਾ ਹੈ।

6 ਠੇਕੇਦਾਰਾਂ ਨੇ ਹੀ ਕਰ ਲਿਆ ਪੂਲ
ਜਲੰਧਰ ਨਿਗਮ 'ਚ ਸਟਰੀਟ ਲਾਈਟ ਮੇਨਟੀਨੈਂਸ ਦੇ ਕਰੋੜਾਂ ਦੇ ਠੇਕੇ ਲੈਣ ਵਾਲੇ 6 ਠੇਕੇਦਾਰਾਂ ਨੇ ਇਸ ਵਾਰ ਵੀ ਪੂਲ ਕਰ ਕੇ ਜਲੰਧਰ ਨਿਗਮ ਨੂੰ ਇਕ ਕਰੋੜ ਤੋਂ ਵੱਧ ਦਾ ਚੂਨਾ ਲਗਾਉਣ ਦਾ ਕੰਮ ਕੀਤਾ ਹੈ। ਇਨ੍ਹਾਂ ਠੇਕੇਦਾਰਾਂ 'ਚ ਤਰਨਤਾਰਨ ਇਲੈਕਟ੍ਰੀਕਲ ਕੰਪਨੀ, ਲੂਥਰਾ ਇੰਟਰਪ੍ਰਾਈਜ਼ਿਜ਼, ਐੱਸ. ਕੇ. ਈ. ਇੰਜੀਨੀਅਰਸ, ਗੁਰਮ ਇਲੈਕਟ੍ਰੀਕਲ ਸ਼ਾਮਲ ਹਨ। ਆਪਸੀ ਸਹਿਮਤੀ ਨਾਲ ਇਨ੍ਹਾਂ ਠੇਕੇਦਾਰਾਂ ਨੇ ਇਸ ਵਾਰ 4 ਫੀਸਦੀ ਤੋਂ ਘੱਟ ਡਿਸਕਾਊਂਟ 'ਤੇ ਸਾਰੇ ਟੈਂਡਰ ਭਰੇ ਹਨ। ਸਰੀਨ ਕੰਟ੍ਰੈਕਟਰਸ ਨੇ 3.95 ਫੀਸਦੀ, ਜਗਦੀਸ਼ ਇਲੈਕਟ੍ਰੀਕਲ ਨੇ 3.99 ਫੀਸਦੀ, ਐੱਸ. ਕੇ. ਈ. ਇੰਜੀਨੀਅਰਸ ਨੇ 4 ਫੀਸਦੀ, ਤਰਨਤਾਰਨ ਇਲੈਕਟ੍ਰੀਕਲ ਨੇ 4.30 ਫੀਸਦੀ, ਲੂਥਰਾ ਇੰਟਰਪ੍ਰਾਈਜ਼ਿਜ਼ ਨੇ 3.50 ਅਤੇ 3.93 ਫੀਸਦੀ ਜਦਕਿ ਗੁਰਮ ਇਲੈਕਟ੍ਰੀਕਲ ਨੇ 4 ਫੀਸਦੀ ਡਿਸਕਾਊਟ 'ਤੇ ਟੈਂਡਰ ਭਰੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਠੇਕੇਦਾਰਾਂ ਨੇ ਉਨ੍ਹਾਂ ਜ਼ੋਨਾਂ 'ਚ ਸਿੰਗਲ-ਸਿੰਗਲ ਟੈਂਡਰ ਭਰਿਆ ਹੈ ਜਿੱਥੇ ਇਹ ਕੰਮ ਕਰਨ ਦੇ ਇਛੁੱਕ ਹਨ ਜਾਂ ਪਹਿਲਾਂ ਤੋਂ ਕਰ ਰਹੇ ਹਨ। ਇਸੇ ਨਾਲ ਇਨ੍ਹਾਂ ਦੇ ਆਪਸੀ ਪੂਲ ਦਾ ਖੁਲਾਸਾ ਹੋ ਰਿਹਾ ਹੈ।

ਸਿੰਗਲ ਟੈਂਡਰ ਪਾਲਿਸੀ ਦਾ ਉਠਾਇਆ ਫਾਇਦਾ
ਸਟਰੀਟ ਲਾਈਟ ਠੇਕੇਦਾਰਾਂ ਨੇ ਨਿਗਮ ਨੂੰ ਇਕ ਕਰੋੜ ਤੋਂ ਵੱਧ ਦਾ ਚੂਨਾ ਲਗਾਉਣ 'ਚ ਪੰਜਾਬ ਸਰਕਾਰ ਦੀ ਸਿੰਗਲ ਟੈਂਡਰ ਪਾਲਿਸੀ ਦਾ ਫਾਇਦਾ ਉਠਾਇਆ ਹੈ। ਸੂਬਾ ਸਰਕਾਰ ਦਾ ਨਿਯਮ ਹੈ ਕਿ ਜੇਕਰ ਤੀਜੀ ਵਾਰ ਕਿਸੇ ਟੈਂਡਰ ਨੂੰ ਇਕ ਠੇਕੇਦਾਰ ਵੀ ਭਰਦਾ ਹੈ ਤਾਂ ਉਸ ਨੂੰ ਸਿੰਗਲ ਟੈਂਡਰ ਅਲਾਟਮੈਂਟ ਹੋ ਸਕਦੀ ਹੈ। ਇਸ ਵਾਰ ਨਿਗਮ ਨੇ ਸਟਰੀਟ ਲਾਈਟਾਂ ਦਾ ਤੀਜੀ ਵਾਰ ਟੈਂਡਰ ਬੀਤੇ ਦਿਨ ਖੋਲ੍ਹਿਆ ਹੈ। ਜਿਸ ਨੂੰ ਇਕ-ਇਕ ਠੇਕੇਦਾਰ ਨੇ ਹੀ ਭਰਿਆ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਇਹ ਸਿੰਗਲ ਟੈਂਡਰ ਪਾਸ ਹੋਣ ਲਈ ਐੱਫ. ਐਂਡ ਸੀ. ਸੀ. ਕਮੇਟੀ ਦੀ ਬੈਠਕ 'ਚ ਜਾਣਗੇ ਜਿੱਥੇ ਇਨ੍ਹਾਂ ਠੇਕੇਦਾਰਾਂ ਤੋਂ ਨੈਗੋਸ਼ੀਏਸ਼ਨ ਕਰ ਕੇ 2-4 ਫੀਸਦੀ ਡਿਸਕਾਊਂਟ ਅਤੇ ਵਾਧਾ ਲਿਆ ਜਾਵੇਗਾ। ਅਜਿਹਾ ਕਰਨ ਨਾਲ ਵੀ ਨਿਗਮ ਨੂੰ ਇਕ ਕਰੋੜ ਦਾ ਨੁਕਸਾਨ ਅਤੇ ਇਨ੍ਹਾਂ 6 ਠੇਕੇਦਾਰਾਂ ਨੂੰ ਇਕ ਕਰੋੜ ਦਾ ਫਾਇਦਾ ਹੋਵੇਗਾ। ਜ਼ਿਕਰਯੋਗ ਹੈ ਕਿ ਇਨ੍ਹਾਂ 6 ਠੇਕੇਦਾਰਾਂ ਨੇ ਇਨ੍ਹਾਂ ਟੈਂਡਰਾਂ ਨੂੰ ਦਸੰਬਰ 'ਚ ਵੀ ਪੂਲ ਕਰਕੇ ਭਰਿਆ ਸੀ ਪਰ ਉਦੋਂ ਪੰਜਾਬ ਕੇਸਰੀ 'ਚ ਖਬਰ ਛਪ ਜਾਣ ਤੋਂ ਬਾਅਦ ਐੱਫ. ਐਂਡ ਸੀ. ਸੀ. ਨੇ ਇਨ੍ਹਾਂ ਟੈਂਡਰਾਂ ਨੂੰ ਪਾਸ ਨਹੀਂ ਕੀਤਾ ਸੀ। ਹੁਣ ਦੇਖਣਾ ਹੈ ਕਿ ਇਨ੍ਹਾਂ ਟੈਂਡਰਾਂ ਨੂੰ ਕਿੰਨੇ ਫੀਸਦੀ ਡਿਸਕਾਊਂਟ 'ਤੇ ਅਲਾਟ ਕੀਤਾ ਜਾਂਦਾ ਹੈ।


shivani attri

Content Editor

Related News