ਨਿਗਮ ਅਧਿਕਾਰੀਆਂ ਨੇ ਕੁਆਲਿਟੀ ਚੈਕਿੰਗ ਦਾ ਕੰਮ ਕੀਤਾ ਬੰਦ

02/11/2020 4:06:27 PM

ਜਲੰਧਰ (ਖੁਰਾਣਾ)— ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਵਿਕਾਸ ਕੰਮਾਂ ਦੀ ਕੁਆਲਿਟੀ ਦੀ ਚੈਕਿੰਗ ਲਈ ਕਈ ਤਰ੍ਹਾਂ ਦੇ ਨਿਯਮ ਬਣਾਏ ਗਏ ਸਨ ਅਤੇ ਤਦ ਥਰਡ ਪਾਰਟੀ ਦੀ ਜਾਂਚ ਤੋਂ ਇਲਾਵਾ ਨਿਗਮ ਅਧਿਕਾਰੀ ਵੀ ਫੀਲਡ ਵਿਚ ਨਿਕਲ ਕੇ ਵਿਕਾਸ ਕੰਮਾਂ ਦੀ ਕੁਆਲਿਟੀ ਚੈੱਕ ਕਰਦੇ ਸਨ। ਪਿਛਲੇ 2 ਸਾਲਾਂ ਤੋਂ ਨਗਰ ਨਿਗਮ ਵਿਚ ਕਾਂਗਰਸ ਦੀ ਸਰਕਾਰ ਹੈ ਪਰ ਹੁਣ ਨਿਗਮ ਅਧਿਕਾਰੀਆਂ ਨੇ ਫੀਲਡ 'ਚ ਜਾ ਕੇ ਕੁਆਲਿਟੀ ਚੈੱਕ ਕਰਨ ਦਾ ਕੰਮ ਲਗਭਗ ਬੰਦ ਕਰ ਦਿੱਤਾ ਹੈ, ਜਿਸ ਕਾਰਨ ਹੁਣ ਠੇਕੇਦਾਰਾਂ ਨੂੰ ਕੋਈ ਰੋਕਣ-ਟੋਕਣ ਵਾਲਾ ਨਹੀਂ ਹੈ ਅਤੇ ਥਾਂ-ਥਾਂ ਘਟੀਆ ਮਟੀਰੀਅਲ ਲਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਵਿਧਾਇਕ ਸੁਸ਼ੀਲ ਰਿੰਕੂ ਨੇ ਜੀ. ਟੀ. ਬੀ. ਨਗਰ ਵਿਚ ਘਈ ਹਸਪਤਾਲ ਦੇ ਸਾਹਮਣੇ ਘਟੀਆ ਕੁਆਲਿਟੀ ਦੇ ਬਣ ਰਹੇ ਡਿਵਾਈਡਰ ਨੂੰ ਰੰਗੇ ਹੱਥੀਂ ਫੜਿਆ ਸੀ ਪਰ ਉਸ ਮਾਮਲੇ ਨੂੰ ਵੀ ਦਬਾਅ ਦਿੱਤਾ ਅਤੇ ਕਿਸੇ 'ਤੇ ਕੋਈ ਕਾਰਵਾਈ ਨਹੀਂ ਹੋਈ।

ਮੇਅਰ ਜਗਦੀਸ਼ ਰਾਜਾ ਨੇ ਵੀ ਕਰੀਬ 2 ਸਾਲ ਪਹਿਲਾਂ ਮੁਹੱਲਾ ਗੋਬਿੰਦਗੜ੍ਹ ਦੇ ਕੋਲ ਸੀਮੈਂਟ ਨਾਲ ਬਣੀ ਇਕ ਸੜਕ ਦੀ ਚੈਕਿੰਗ ਕਰਕੇ ਘਟੀਆ ਕੁਆਲਿਟੀ ਦਾ ਪਰਦਾਫਾਸ਼ ਕੀਤਾ ਸੀ ਪਰ ਉਸ ਮਾਮਲੇ ਵਿਚ ਵੀ ਕੋਈ ਕਾਰਵਾਈ ਨਹੀਂ ਹੋਈ ਅਤੇ ਨਾ ਹੀ 2 ਸਾਲਾਂ ਦੌਰਾਨ ਮੇਅਰ ਜਾਂ ਕਿਸੇ ਹੋਰ ਆਗੂ ਨੇ ਕਿਤੇ ਵੀ ਕੋਈ ਕੁਆਲਿਟੀ ਚੈੱਕ ਕੀਤੀ। ਨਿਗਮ ਕੋਲ ਇਸ ਸਮੇਂ ਆਊਟਸੋਰਸ ਆਧਾਰ 'ਤੇ ਕਾਫੀ ਜੇ. ਈ. ਆਦਿ ਹਨ ਪਰ ਉਹ ਵੀ ਕਦੇ ਫੀਲਡ ਵਿਚ ਨਹੀਂ ਜਾਂਦੇ ਅਤੇ ਪੱਕੇ ਸਰਕਾਰੀ ਕਰਮਚਾਰੀਆਂ ਵਾਂਗ ਕੰਮ ਕਰਨ ਲੱਗ ਪਏ ਹਨ।

ਜਿਮਖਾਨਾ ਦੇ ਬਾਹਰ ਪਾਈ ਜਾ ਰਹੀ ਹਲਕੀ ਪਾਈਪ
ਇਨ੍ਹੀਂ ਦਿਨੀਂ ਜਿਮਖਾਨਾ ਕਲੱਬ ਦੇ ਬਾਹਰ ਸਰਵਿਸ ਰੋਡ ਅਤੇ ਫੁੱਟਪਾਥ ਨੂੰ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ। ਇਸ ਇਲਾਕੇ 'ਚ ਜੱਜਾਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀਆਂ ਕੋਠੀਆਂ ਹਨ ਅਤੇ ਨਿਗਮ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਥੇ ਕੰਮ ਦੀ ਕੁਆਲਿਟੀ ਦਾ ਖਾਸ ਧਿਆਨ ਰੱਖਿਆ ਜਾਏ ਪਰ ਪਾਣੀ ਦੀ ਨਿਕਾਸੀ ਲਈ ਜੋ ਪਲਾਸਟਿਕ ਦੀਆਂ ਪਾਈਪਾਂ ਪਾਈਆਂ ਹਨ, ਉਹ ਬੇਹੱਦ ਹਲਕੀ ਕੁਆਲਿਟੀ ਦੀਆਂ ਹਨ। ਇਸ ਕੰਮ 'ਚ ਆਈ. ਐੱਸ. ਆਈ. ਮਾਰਕ ਦੀ ਬ੍ਰਾਂਡਿਡ ਪਾਈਪ ਵਰਤਣ ਦੀ ਬਜਾਏ ਕਿਸੇ ਦੂਜੇ ਮਾਰਕੇ ਦੀ 4 ਕੇ. ਜੀ. ਐੱਫ. ਸਟ੍ਰੈਂਥ ਵਾਲੀ ਪਾਈਪ ਪਾਈ ਗਈ ਹੈ। ਇਸ ਬਾਰੇ ਜਦੋਂ ਓ. ਐਂਡ ਐੱਮ. ਸੈੱਲ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਰਟੀਕਲ ਪਾਈਪ ਘੱਟ ਤੋਂ ਘੱਟ 8 ਕੇ. ਜੀ. ਐੱਫ. ਸਟ੍ਰੈਂਥ ਵਾਲੀ ਹੋਣੀ ਚਾਹੀਦੀ ਹੈ। ਹੁਣ ਇਹ ਕੰਮ ਜੋ ਵੀ ਵਿਭਾਗ ਕਰਵਾ ਰਿਹਾ ਹੈ, ਉਸਦੇ ਅਧਿਕਾਰੀਆਂ ਨੂੰ ਪਾਈਪ ਅਤੇ ਹੋਰ ਸਾਮਾਨ ਦੀ ਕੁਆਲਿਟੀ ਦੀ ਜਾਂਚ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਮਾਮਲਾ ਆਉਣ ਵਾਲੇ ਸਮੇਂ ਵਿਚ ਵਿਜੀਲੈਂਸ ਨੂੰ ਵੀ ਸੌਂਪਿਆ ਜਾ ਸਕਦਾ ਹੈ।


shivani attri

Content Editor

Related News