ਨਿਗਮ ਦੇ ਕਾਮਿਆਂ ਵੱਲੋਂ ਹੁੰਦੀ ਨਿੱਜੀ ਤੌਰ ''ਤੇ ਵਸੂਲੀ ਕਾਰਨ ਦਾਦਾਗਿਰੀ ’ਤੇ ਉਤਰ ਚੁੱਕੇ ਸਨ ਕਈ ਛੋਟੇ ਦੁਕਾਨਦਾਰ
Monday, Dec 25, 2023 - 06:32 PM (IST)
ਜਲੰਧਰ (ਖੁਰਾਣਾ)-ਇਹ ਗੱਲ ਸਾਰੇ ਜਾਣਦੇ ਹਨ ਕਿ ਪਿਛਲੇ ਲੰਮੇ ਸਮੇਂ ਤੋਂ ਜਲੰਧਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨਾਲ ਸਬੰਧਤ ਵਧੇਰੇ ਕਰਮਚਾਰੀ ਸ਼ਹਿਰ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੱਗੇ ਖੋਖਿਆਂ, ਰੇਹੜੀਆਂ, ਫੜ੍ਹੀਆਂ ਆਦਿ ਤੋਂ ਨਿੱਜੀ ਵਸੂਲੀ ਕਰ ਰਹੇ ਸਨ, ਜਿਸ ਕਾਰਨ ਸ਼ਹਿਰ ਦੇ ਵਧੇਰੇ ਛੋਟੇ ਦੁਕਾਨਦਾਰ ਦਾਦਾਗਿਰੀ ’ਤੇ ਉਤਾਰੂ ਹੋ ਚੁੱਕੇ ਸਨ। ਇਹੀ ਕਾਰਨ ਸੀ ਕਿ ਸ਼ਹਿਰ ਦੀਆਂ ਵਧੇਰੇ ਮੁੱਖ ਸੜਕਾਂ ’ਤੇ ਨਾਜਾਇਜ਼ ਕਬਜ਼ੇ ਹੋ ਚੁੱਕੇ ਸਨ ਅਤੇ ਉਥੇ ਟ੍ਰੈਫਿਕ ਰੀਂਗ-ਰੀਂਗ ਕੇ ਚੱਲਦਾ ਹੁੰਦਾ ਸੀ। ਸਭ ਤੋਂ ਜ਼ਿਆਦਾ ਬੁਰੀ ਹਾਲਤ ਕੰਪਨੀ ਬਾਗ ਤੋਂ ਲੈ ਕੇ ਪੁਲੀ ਅਲੀ ਮੁਹੱਲਾ ਤੱਕ ਜਾਂਦੀ ਸੜਕ ਦੀ ਸੀ, ਜਿੱਥੇ ਗੰਨੇ ਦਾ ਰਸ ਵੇਚਣ ਵਾਲੇ ਵੇਲਣੇ ਤੱਕ ਲੱਗ ਚੁੱਕੇ ਸਨ। ਅਜਿਹੇ ਕਬਜ਼ਿਆਂ ਕਾਰਨ ਐਂਬੂਲੈਂਸ ਨੂੰ ਵੀ ਰਸਤਾ ਤੱਕ ਨਹੀਂ ਮਿਲਦਾ ਸੀ।
ਕੁਝ ਸਮਾਂ ਪਹਿਲਾਂ ਤੱਕ ਵਧੇਰੇ ਅਜਿਹੇ ਦੁਕਾਨਦਾਰਾਂ ਅੱਗੇ ਟ੍ਰੈਫਿਕ ਪੁਲਸ ਅਤੇ ਤਹਿਬਾਜ਼ਾਰੀ ਵਿਭਾਗ ਦੇ ਵਧੇਰੇ ਕਰਮਚਾਰੀ ਨਤਮਸਤਕ ਦਿਖਾਈ ਦਿੰਦੇ ਸਨ। ਇਸੇ ਕਾਰਨ ਪੁਰਾਣੀ ਜੀ. ਟੀ. ਰੋਡ ਅਤੇ ਸ਼ਹਿਰ ਦੀਆਂ ਵਧੇਰੇ ਮੁੱਖ ਸੜਕਾਂ ’ਤੇ ਅਸਥਾਈ ਕਬਜ਼ਿਆਂ ਕਾਰਨ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਚੁੱਕੀਆਂ ਸਨ। ਲੱਖ-ਡੇਢ ਲੱਖ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਲੈਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਕੁਝ ਵੀ ਨਹੀਂ ਹੋ ਪਾ ਰਿਹਾ ਸੀ ਅਤੇ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਸਨ। ਅਜਿਹੇ ’ਚ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਸ਼ਹਿਰ ਦੀ ਟ੍ਰੈਫਿਕ ਨੂੰ ਬਿਹਤਰ ਬਣਾਉਣ ਲਈ ਸਖ਼ਤ ਕਦਮ ਚੁੱਕੇ, ਜਿਸ ਨਾਲ ਨਾ ਸਿਰਫ਼ ਵਧੇਰੇ ਛੋਟੇ ਦੁਕਾਨਦਾਰਾਂ ਦੀ ਦਾਦਾਗਿਰੀ ਘਟ ਗਈ ਹੈ, ਸਗੋਂ ਸ਼ਹਿਰ ਦੀਆਂ ਸੜਕਾਂ ਵੀ ਚੱਲਣ ਲਾਇਕ ਦਿਸਣ ਲੱਗੀਆਂ ਹਨ।
ਇਹ ਵੀ ਪੜ੍ਹੋ : ਜਲਦੀ ਵਿਆਹ ਕਰਵਾਉਣਾ ਚਾਹੁੰਦਾ ਸੀ ਪ੍ਰੇਮੀ, ਪ੍ਰੇਮਿਕਾ ਨੇ ਕੀਤਾ ਉਹ ਕਾਰਾ, ਜਿਸ ਨੂੰ ਵੇਖ ਪਰਿਵਾਰ ਦੇ ਵੀ ਉੱਡੇ ਹੋਸ਼
ਕਈ ਥਾਵਾਂ ’ਤੇ ਕਰੋੜਾਂ ਰੁਪਏ ਦੇ ਸ਼ੋਅਰੂਮ ਤੋਂ ਜ਼ਿਆਦਾ ਕਮਾਈ ਕਰ ਰਿਹਾ ਸੀ ਸੜਕ ’ਤੇ ਫੜ੍ਹੀ ਲਾਉਣ ਵਾਲਾ
ਪੁਲਸ ਕਮਿਸ਼ਨਰ ਦੀ ਇਸ ਮੁਹਿੰਮ ਤੋਂ ਪਹਿਲਾਂ ਸਥਿਤੀ ਅਜਿਹੀ ਸੀ ਕਿ ਹਰ ਸੜਕ ਦੇ ਦੋਵੇਂ ਪਾਸੇ ਕਈ ਅਸਥਾਈ ਕਬਜ਼ੇ ਸਨ। ਕਿਤੇ ਫਾਸਟ ਫੂਡ ਵਿਕਦਾ ਸੀ ਅਤੇ ਕਿਤੇ ਫਲ-ਫਰੂਟ। ਅੱਜ ਵੀ ਤੁਹਾਨੂੰ ਪੁਰਾਣੀ ਰੈੱਡ ਕਰਾਸ ਮਾਰਕੀਟ ਦੇ ਬਾਹਰ ਕਰੰਸੀ ਨੋਟ ਵੇਚਣ ਵਾਲੀਆਂ ਵੱਡੀਆਂ-ਵੱਡੀਆਂ ਦੁਕਾਨਾਂ ਵੇਖਣ ਨੂੰ ਮਿਲਣਗੀਆਂ। ਜਿੱਥੇ ਪਹਿਲਾਂ 2 ਫੁੱਟ ਦਾ ਕਾਊਂਟਰ ਹੁੰਦਾ ਸੀ, ਹੁਣ 30-30 ਫੁੱਟ ਦਾ ਕਬਜ਼ਾ ਹੋ ਚੁੱਕਾ ਸੀ। ਇਸੇ ਇਲਾਕੇ ਵਿਚ ਚਾਹ, ਨਾਨ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਅਣਗਿਣਤ ਸਟਾਲ ਲੱਗੇ ਹੋਏ ਸਨ। ਰੰਗਲਾ ਵਿਹੜਾ ਦੇ ਬਾਹਰ ਟ੍ਰੈਫਿਕ ਹਮੇਸ਼ਾ ਜਾਮ ਰਹਿੰਦਾ ਸੀ।
ਰਾਇਲ ਢਾਬਾ ਦੇ ਆਲੇ-ਦੁਆਲੇ ਵੀ ਨਾਜਾਇਜ਼ ਢੰਗ ਨਾਲ ਦਰਜਨਾਂ ਫੜ੍ਹੀਆਂ ਲੱਗੀਆਂ ਹੋਈਆਂ ਸਨ। ਦੁਬਈ ਜਿਊਲਰ ਦੇ ਬਾਹਰ ਤਾਂ ਪੱਕੀਆਂ ਦੁਕਾਨਾਂ ਬਣ ਚੁੱਕੀਆਂ ਸਨ ਅਤੇ ਨਾਲ ਲੱਗਦੇ ਫਰੂਟ ਵੇਚਣ ਵਾਲੇ ਦੁਕਾਨਦਾਰ ਕਈ-ਕਈ ਫੁੱਟ ਅੱਗੇ ਵਧ ਚੁੱਕੇ ਸਨ।
ਸੁਦਾਮਾ ਮਾਰਕੀਟ ਦੇ ਦੁਕਾਨਦਾਰਾਂ ਨੇ ਵੀ ਫੁੱਟਪਾਥ ਤੋਂ ਬਾਹਰ ਆ ਕੇ ਜੀ. ਟੀ. ਰੋਡ ’ਤੇ ਕਬਜ਼ਾ ਕਰ ਲਿਆ ਸੀ। ਸਿਵਲ ਹਸਪਤਾਲ ਦੇ ਬਾਹਰ ਵੀ ਕਈ ਰੇਹੜੀਆਂ ਟ੍ਰੈਫਿਕ ਦਾ ਰਸਤਾ ਰੋਕ ਰਹੀਆਂ ਸਨ। ਟੀ. ਟੀ. ਐੱਸ. ਦੇ ਸਾਹਮਣੇ ਦਰਜਨਾਂ ਦੀ ਗਿਣਤੀ ਵਿਚ ਨਾਜਾਇਜ਼ ਫੜ੍ਹੀਆਂ ਲੱਗ ਚੁੱਕੀਆਂ ਸਨ। ਉਸ ਤੋਂ ਥੋੜ੍ਹਾ ਅੱਗੇ ਨਾਜ਼ ਸਿਨੇਮਾ ਨੇੜੇ ਵੀ ਕਈ-ਕਈ ਫੁੱਟ ਤੱਕ ਕਬਜ਼ੇ ਹੋ ਗਏ ਸਨ। ਪੁਰਾਣੇ ਸਕੂਟਰਾਂ ਦੀ ਮਾਰਕੀਟ ਤਾਂ ਖੈਰ ਸਾਲਾਂ ਤੋਂ ਕਬਜ਼ੇ ਵਾਲੀਆਂ ਥਾਵਾਂ ’ਤੇ ਚੱਲ ਰਹੀ ਹੈ। ਸਭ ਤੋਂ ਵੱਡੀ ਸਮੱਸਿਆ ਐੱਮ. ਬੀ. ਡੀ. ਮਾਰਕੀਟ ਦੇ ਬਾਹਰ ਸੀ, ਜਿੱਥੇ ਟ੍ਰੈਫਿਕ ਲੰਘਣ ਲਈ ਸਿਰਫ਼ 15 ਫੁੱਟ ਰਸਤਾ ਬਚਿਆ ਸੀ। ਇਸ ਸਾਰੇ ਇਲਾਕੇ ਦੇ ਵਧੇਰੇ ਸ਼ੋਅਰੂਮ ਫੇਲ ਹੋ ਚੁੱਕੇ ਸਨ, ਜੋ ਤਿੰਨ-ਤਿੰਨ ਕਰੋੜ ਦੇ ਮੁੱਲ ਦੇ ਹਨ ਪਰ ਇਕ ਰੇਹੜੀ ਲਾਉਣ ਵਾਲਾ ਅਤੇ ਸਰਕਾਰ ਨੂੰ ਕੋਈ ਟੈਕਸ ਨਾ ਦੇਣ ਵਾਲਾ ਛੋਟਾ ਦੁਕਾਨਦਾਰ ਉਨ੍ਹਾਂ ਸ਼ੋਅਰੂਮਾਂ ਤੋਂ ਜ਼ਿਆਦਾ ਕਮਾਈ ਕਰ ਰਿਹਾ ਸੀ।
ਨਾਜਾਇਜ਼ ਕਬਜ਼ਿਆਂ ਅੱਗੇ ਮਲਬਾ ਰੱਖ ਕੇ ਰੋਕੀ ਜਾਂਦੀ ਹੈ ਪਾਰਕਿੰਗ
ਪਲਾਜ਼ਾ ਚੌਕ ਡੰਪ ਤੋਂ ਰੈੱਡ ਕਰਾਸ ਮਾਰਕੀਟ ਵੱਲ ਜਾਈਏ ਤਾਂ ਫੁੱਟਪਾਥ ’ਤੇ ਬੈਠੇ ਦਰਜਨਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਮਲਬਾ ਰੱਖਿਆ ਹੋਇਆ ਸੀ ਤਾਂ ਕਿ ਉਥੇ ਕੋਈ ਗੱਡੀ ਨਾ ਪਾਰਕ ਕਰ ਸਕੇ ਪਰ ਹੁਣ ਉਥੇ ਗੱਡੀਆਂ ਦੀ ਪਾਰਕਿੰਗ ਹੋਣ ਲੱਗੀ ਹੈ। ਅਜੇ ਵੀ ਇਹ ਮਲਬਾ ਸੜਕ ਕੰਢੇ ਪਿਆ ਹੋਇਆ ਹੈ, ਜਿਸ ਕਾਰਨ ਜੀ. ਟੀ. ਰੋਡ ’ਤੇ ਟ੍ਰੈਫਿਕ ਪ੍ਰਭਾਵਿਤ ਹੁੰਦੀ ਹੈ ਪਰ ਨਿਗਮ ਦੇ ਕਿਸੇ ਅਧਿਕਾਰੀ ਦੀ ਸੜਕ ਕਿਨਾਰੇ ਪਏ ਮਲਬੇ ਨੂੰ ਚੁੱਕਣ ਦੀ ਹਿੰਮਤ ਨਹੀਂ ਹੈ। ਵਧੇਰੇ ਮਲਬਾ ਨੋਟਾਂ ਦੇ ਹਾਰ ਵੇਚਣ ਵਾਲਿਆਂ ਅਤੇ ਖਾਣ-ਪੀਣ ਦੇ ਸਟਾਲ ਚਲਾਉਣ ਵਾਲਿਆਂ ਨੇ ਸੁੱਟਿਆ ਹੋਇਆ ਸੀ। ਇਥੇ ਲੱਗਣ ਵਾਲੀ ਸ਼ੂਜ਼ ਮਾਰਕੀਟ ਦੇ ਕਈ ਦੁਕਾਨਦਾਰ ਵੀ ਪੂਰੀ ਤਰ੍ਹਾਂ ਦਾਦਾਗਿਰੀ ਦਿਖਾਉਂਦੇ ਰਹੇ ਹਨ ਅਤੇ ਆਪਣੀਆਂ ਦੁਕਾਨਾਂ ਦੇ ਅੱਗੇ ਕੋਈ ਗੱਡੀ ਪਾਰਕ ਨਹੀਂ ਹੋਣ ਦਿੰਦੇ।
ਇਹ ਵੀ ਪੜ੍ਹੋ : ਪਾਵਰਕਾਮ ’ਚ ਨਵੀਂ ਪਾਲਿਸੀ ਲਾਗੂ, ਇਨ੍ਹਾਂ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਮਿਲੇਗਾ ਵਿੱਤੀ ਲਾਭ
ਕਈ ਵਾਰ ਤਹਿਬਾਜ਼ਾਰੀ ਟੀਮ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ
ਜ਼ਿਕਰਯੋਗ ਹੈ ਕਿ ਤਹਿਬਾਜ਼ਾਰੀ ਵਿਭਾਗ ਦੇ ਬਹੁਤੇ ਕਰਮਚਾਰੀ ਅੰਦਰੂਨੀ ਬਾਜ਼ਾਰਾਂ ਵਿਚ ਲੱਗਣ ਵਾਲੀਆਂ ਫੜ੍ਹੀਆਂ ਤੋਂ ਨਾਜਾਇਜ਼ ਵਸੂਲੀ ਕਰਦੇ ਹਨ, ਜਿਸ ਕਾਰਨ ਦੁਕਾਨਦਾਰਾਂ ਦੇ ਹੌਸਲੇ ਬੁਲੰਦ ਹੋ ਗਏ ਸਨ। ਨਿਗਮ ਦੀ ਟੀਮ ਨੇ ਕਈ ਵਾਰ ਨਯਾ ਬਾਜ਼ਾਰ ਤੋਂ ਮੀਨਾ ਬਾਜ਼ਾਰ, ਟਿੱਕੀ ਵਾਲਾ ਚੌਕ ਅਤੇ ਸ਼ੇਖਾਂ ਬਾਜ਼ਾਰ ਤੱਕ ਕਬਜ਼ੇ ਹਟਾਉਣ ਲਈ ਕਾਰਵਾਈ ਕੀਤੀ ਪਰ ਕਈ ਥਾਵਾਂ ’ਤੇ ਦੁਕਾਨਦਾਰ ਨਿਗਮ ਦੀ ਟੀਮ ਨਾਲ ਬਹਿਸ ਪਏ। ਖ਼ਾਸ ਗੱਲ ਇਹ ਹੈ ਕਿ ਨਿਗਮ ਵੱਲੋਂ ਪਿਛਲੇ ਕਈ ਸਾਲਾਂ ਤੋਂ ਬਾਜ਼ਾਰਾਂ ’ਚੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਪਰ ਹਰ ਵਾਰ ਕਬਜ਼ਿਆਂ ’ਚ ਪਹਿਲਾਂ ਨਾਲੋਂ ਵਾਧਾ ਹੋ ਜਾਂਦਾ ਹੈ। ਹੁਣ ਨਿਗਮ ਨੂੰ ਟ੍ਰੈਫਿਕ ਪੁਲਸ ਤੋਂ ਕੁਝ ਸਿੱਖਿਆ ਲੈਣੀ ਚਾਹੀਦੀ ਹੈ, ਜਿਸ ਨੇ ਅਸੰਭਵ ਜਿਹਾ ਦਿਸ ਰਿਹਾ ਕੰਮ ਕਰਕੇ ਵਿਖਾਇਆ ਹੈ।
ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਅਗਲੇ ਐਤਵਾਰ ਤੋਂ ਬੱਸ ਸਟੈਂਡ ਨੇੜੇ ਲੱਗੇਗਾ 'ਸੰਡੇ ਬਾਜ਼ਾਰ', ਜਾਣੋ ਕਿਉਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।