ਦਸੰਬਰ ਦੇ ਅਖ਼ੀਰ ’ਚ ਹੋ ਸਕਦੀਆਂ ਨੇ ਜਲੰਧਰ ਨਿਗਮ ਚੋਣਾਂ, ਜਨਵਰੀ ’ਚ ਬਣ ਜਾਵੇਗਾ ਨਵਾਂ ਕੌਂਸਲਰ ਹਾਊਸ
Friday, Nov 22, 2024 - 01:37 PM (IST)
ਜਲੰਧਰ (ਖੁਰਾਣਾ)–ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਪੰਜਾਬ ਵਿਚ ਨਗਰ ਨਿਗਮਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਜਿਸ ਤਰ੍ਹਾਂ ਸੂਬਾ ਸਰਕਾਰ ਦੀਆਂ ਸਰਗਰਮੀਆਂ ਚੱਲ ਰਹੀਆਂ ਹਨ, ਉਸ ਤੋਂ ਮੰਨਿਆ ਜਾ ਰਿਹਾ ਹੈ ਕਿ ਇਹ ਚੋਣਾਂ ਇਸੇ ਸਾਲ ਦਸੰਬਰ ਮਹੀਨੇ ਦੇ ਅਖ਼ੀਰ ਵਿਚ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਜਲੰਧਰ ਨਿਗਮ ਅਤੇ ਹੋਰਨਾਂ ਨਿਗਮਾਂ ਵਿਚ ਨਵੇਂ ਕੌਂਸਲਰ ਹਾਊਸ ਦਾ ਗਠਨ ਅਗਲੇ ਸਾਲ ਜਨਵਰੀ ਮਹੀਨੇ ਵਿਚ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਜਲੰਧਰ ਨਿਗਮ ਦੇ ਕੌਂਸਲਰ ਹਾਊਸ ਦੀ ਮਿਆਦ 24 ਜਨਵਰੀ 2023 ਨੂੰ ਖ਼ਤਮ ਹੋ ਚੁੱਕੀ ਹੈ। ਇਸੇ ਤਰ੍ਹਾਂ ਪਿਛਲੇ ਲਗਭਗ 2 ਸਾਲਾਂ ਤੋਂ ਜਲੰਧਰ ਸ਼ਹਿਰ ਹੇਠਲੇ ਪੱਧਰ ਦੇ ਜਨ-ਪ੍ਰਤੀਨਿਧੀਆਂ ਤੋਂ ਵਾਂਝਾ ਚਲਿਆ ਆ ਰਿਹਾ ਹੈ।
ਇਹ ਵੀ ਪੜ੍ਹੋ- ਨਿਗਮ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ, 24 ਅਧਿਕਾਰੀਆਂ ਦੇ ਬਦਲੇ ਵਿਭਾਗ
ਪਿਛਲੇ 2 ਸਾਲਾਂ ਤੋਂ ਸ਼ਹਿਰ ਵਿਚ ਨਾ ਤਾਂ ਕੋਈ ਮੇਅਰ ਹੈ, ਨਾ ਕੋਈ ਸੀਨੀਅਰ ਡਿਪਟੀ ਮੇਅਰ ਅਤੇ ਨਾ ਹੀ ਡਿਪਟੀ ਮੇਅਰ, ਸਾਰੇ ਕੌਂਸਲਰਾਂ ਦੇ ਅੱਗੇ ਵੀ ਸਾਬਕਾ ਲੱਗ ਚੁੱਕਾ ਹੈ। ਅਜਿਹੀ ਹਾਲਤ ਵਿਚ ਜਲੰਧਰ ਨਿਗਮ ’ਤੇ ਅਫ਼ਸਰਾਂ ਦਾ ਰਾਜ ਚਲਿਆ ਆ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਅਗਲੇ ਸਾਲ ਫਰਵਰੀ ਵਿਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸੰਭਾਵਿਤ ਹਨ, ਅਜਿਹੀ ਹਾਲਤ ਵਿਚ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਰਹੇਗੀ ਕਿ ਪੰਜਾਬ ਵਿਚ ਲੋਕਲ ਬਾਡੀਜ਼ ਦੀਆਂ ਚੋਣਾਂ ਦਸੰਬਰ ਦੇ ਅਖ਼ੀਰ ਵਿਚ ਕਰਵਾ ਲਈਆਂ ਜਾਣ ਤਾਂ ਕਿ ਪਾਰਟੀ ਲੀਡਰਸ਼ਿਪ ਨੂੰ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਲਈ ਲੋੜੀਂਦਾ ਸਮਾਂ ਮਿਲ ਸਕੇ। ਸੂਬਾ ਸਰਕਾਰ ਦੀ ਇਸੇ ਇੱਛਾ ਦੇ ਮੱਦੇਨਜ਼ਰ ਅਫ਼ਸਰਸ਼ਾਹੀ ਅਤੇ ਚੋਣ ਕਮਿਸ਼ਨ ਨੇ ਨਿਗਮ ਚੋਣਾਂ ਨਾਲ ਸਬੰਧਤ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਜਲੰਧਰ ਵਿਚ 85 ਵਾਰਡਾਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਹ ਚੋਣਾਂ 2023 ਵਿਚ ਹੋਈ ਨਵੀਂ ਵਾਰਡਬੰਦੀ ਦੇ ਆਧਾਰ ’ਤੇ ਹੀ ਹੋਣਗੀਆਂ।
ਅਫ਼ਸਰਾਂ ਦੀ ਸਰਗਰਮੀ ਨਜ਼ਰ ਆ ਰਹੀ ਹੈ, ਆਗੂਆਂ ਦੀ ਨਹੀਂ
ਇਕ ਪਾਸੇ ਜਿੱਥੇ ਚਰਚਾ ਹੈ ਕਿ ਪੰਜਾਬ ਵਿਚ ਨਗਰ ਨਿਗਮਾਂ ਦੀਆਂ ਚੋਣਾਂ ਦਸੰਬਰ ਦੇ ਅਖ਼ੀਰ ਵਿਚ ਕਰਵਾਈਆਂ ਜਾ ਸਕਦੀਆਂ ਹਨ। ਅਜਿਹੀ ਹਾਲਤ ਵਿਚ ਸੂਬੇ ਦੀ ਅਫ਼ਸਰਸ਼ਾਹੀ ਨੂੰ ਸਪੱਸ਼ਟ ਨਿਰਦੇਸ਼ ਮਿਲ ਚੁੱਕੇ ਹਨ ਕਿ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਤੇਜ਼ ਕਰ ਦਿੱਤਾ ਜਾਵੇ। ਜਲੰਧਰ ਨਿਗਮ ਵਿਚ ਇਹ ਕੰਮ ਸ਼ੁਰੂ ਹੋ ਚੁੱਕਾ ਹੈ। ਇਥੇ ਨਿਗਮ ਕਮਿਸ਼ਨਰ ਗੌਤਮ ਜੈਨ ਦੇ ਇਲਾਵਾ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੀ ਸਫ਼ਾਈ ਮੁਹਿੰਮ ਦੀ ਕਮਾਨ ਸੰਭਾਲੀ ਹੋਈ ਹੈ। ਪ੍ਰਾਈਵੇਟ ਲੇਬਰ ਲਾ ਕੇ ਜਿੱਥੇ ਸ਼ਹਿਰ ਵਿਚੋਂ ਕੂੜੇ-ਮਲਬੇ ਨੂੰ ਚੁੱਕਿਆ ਜਾ ਰਿਹਾ ਹੈ, ਉਥੇ ਹੀ ਫੁੱਟਪਾਥਾਂ ਅਤੇ ਡਿਵਾਈਡਰਾਂ ’ਤੇ ਬੂਟਿਆਂ ਦੀ ਕਟਿੰਗ ਵੀ ਕੀਤੀ ਜਾ ਰਹੀ ਹੈ। ਸ਼ਹਿਰ ਵਿਚ ਪੈਚਵਰਕ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਅਤੇ ਧੜਾਧੜ ਨਵੀਆਂ ਸੜਕਾਂ ਵੀ ਬਣਾਈਆਂ ਜਾ ਰਹੀਆਂ ਹਨ। ਅਫਸਰਾਂ ਨੂੰ ਸਪੱਸ਼ਟ ਨਿਰਦੇਸ਼ ਮਿਲ ਚੁੱਕੇ ਹਨ ਕਿ ਜਿਹੜੇ ਵੀ ਟੈਂਡਰ ਲਾਏ ਜਾ ਰਹੇ ਹਨ, ਉਨ੍ਹਾਂ ਨੂੰ ਦਸੰਬਰ ਦੇ ਪਹਿਲੇ ਹਫਤੇ ਵਿਚ ਹੀ ਖੋਲ੍ਹ ਦਿੱਤਾ ਜਾਵੇ ਤਾਂ ਕਿ ਕੋਡ ਆਫ ਕੰਡਕਟ ਇਨ੍ਹਾਂ ਟੈਂਡਰਾਂ ਵਿਚ ਅੜਿੱਕਾ ਨਾ ਬਣੇ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਕਰ 'ਤਾ ਐਨਕਾਊਂਟਰ, ਪੁਲਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ
ਅਜਿਹੀ ਹਾਲਤ ਵਿਚ ਜਿਥੇ ਪੂਰੇ ਸ਼ਹਿਰ ਵਿਚ ਨਗਰ ਨਿਗਮ ਦੇ ਅਫਸਰਾਂ ਦੀ ਸਰਗਰਮੀ ਨਜ਼ਰ ਆ ਰਹੀ ਹੈ, ਉਥੇ ਹੀ ਨਿਗਮ ਚੋਣਾਂ ਦੇ ਮੱਦੇਨਜ਼ਰ ਅਜੇ ਸਿਆਸੀ ਸਰਗਰਮੀ ਜ਼ੋਰ-ਸ਼ੋਰ ਨਾਲ ਆਰੰਭ ਨਹੀਂ ਹੋਈ। ਵੱਖ-ਵੱਖ ਪਾਰਟੀਆਂ ਦੇ ਆਗੂ ਛੋਟੇ-ਮੋਟੇ ਕੰਮ ਕਰਵਾਉਣ ਦਾ ਹੀ ਸਿਹਰਾ ਲੈ ਪਾ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਸ਼ਹਿਰ ਦੇ ਦਰਜਨਾਂ ਆਗੂ ਪਿਛਲੇ ਲਗਭਗ 3 ਸਾਲਾਂ ਤੋਂ ਨਿਗਮ ਚੋਣਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦਾ ਜੋਸ਼ ਠੰਢਾ ਪੈ ਚੁੱਕਾ ਹੈ ਪਰ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਿਚ ਸਿਆਸੀ ਗਰਮੀ ਵਧਣ ਦੀ ਸੰਭਾਵਨਾ ਵੀ ਹੈ।
ਜਲਦ ਆਵੇਗੀ ਟਿਕਟਾਂ ਦੀ ਵੰਡ ਦੀ ਨੌਬਤ
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕਈ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ। ਇਸਦੇ ਬਾਵਜੂਦ ਨਿਗਮ ਚੋਣਾਂ ਨੂੰ ਲੈ ਕੇ ਲੰਮੇ ਸਮੇਂ ਤਕ ਬੇਯਕੀਨੀ ਬਰਕਰਾਰ ਰਹੀ। ਜਲੰਧਰ ਨਗਰ ਨਿਗਮ ਦੀ ਗੱਲ ਕਰੀਏ ਤਾਂ ਪਿਛਲੇ ਲਗਭਗ 3 ਸਾਲਾਂ ਦੌਰਾਨ ਜਲੰਧਰ ਦੇ ਆਮ ਆਦਮੀ ਪਾਰਟੀ ਦੀ ਅਗਵਾਈ ਵਿਚ ਕਈ ਉਤਾਰ-ਚੜ੍ਹਾਅ ਆਏ ਹਨ। ਕਦੀ ਜਿਹੜੇ ਆਗੂਆਂ ਦੀ ਤੋਤੀ ਬੋਲਦੀ ਹੁੰਦੀ ਸੀ, ਉਹ ਹੁਣ ਹੇਠਲੇ ਪਾਇਦਾਨ ’ਤੇ ਪਹੁੰਚ ਗਏ ਹਨ, ਜਦੋਂ ਕਿ ਕਈ ਸਿਖਰ ’ਤੇ ਪਹੁੰਚ ਗਏ ਹਨ। ਰਿੰਕੂ ਵਰਗੇ ਆਗੂ ਪਾਰਟੀ ਵਿਚ ਆ ਕੇ ਅਤੇ ਆਪਣਾ ਰੁਤਬਾ ਬਣਾ ਕੇ ਪਾਰਟੀ ਛੱਡ ਵੀ ਚੁੱਕੇ ਹਨ। ਪਾਰਟੀ ਦਾ ਇਕ ਵਿਧਾਇਕ ਸ਼ੀਤਲ ਅੰਗੁਰਾਲ ਵੀ ‘ਆਪ’ ਛੱਡ ਕੇ ਭਾਜਪਾ ਦਾ ਪੱਲਾ ਫੜ ਚੁੱਕਾ ਹੈ।
ਇਹ ਵੀ ਪੜ੍ਹੋ- 'ਗਲਘੋਟੂ' ਹੋਈ ਹਵਾ, 350 ਦਾ ਪੱਧਰ ਪਾਰ ਕਰਨ ਲਈ ਤਿਆਰ AQI, ਸਖ਼ਤ ਹਦਾਇਤਾਂ ਜਾਰੀ
ਅਜਿਹੀ ਹਾਲਤ ਵਿਚ ਹੁਣ ਜੇਕਰ ਦਸੰਬਰ ਮਹੀਨੇ ਵਿਚ ਨਿਗਮ ਚੋਣਾਂ ਹੁੰਦੀਆਂ ਹਨ ਤਾਂ ਟਿਕਟਾਂ ਦੀ ਦਾਅਵੇਦਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਧੇਰੇ ਆਗੂ ਆਸ ਅਤੇ ਨਿਰਾਸ਼ਾ ਦੇ ਚੱਕਰਵਿਊ ਵਿਚ ਫਸੇ ਹੋਏ ਦਿਸ ਸਕਦੇ ਹਨ। ਆਮ ਆਦਮੀ ਪਾਰਟੀ ਅਤੇ ਜਲੰਧਰ ਦੀ ਲਗਾਤਾਰ ਬਦਲ ਰਹੀ ਸਿਆਸਤ ਕਾਰਨ ਕਈ ਆਗੂ ਤਾਂ ਖੇਮਾ ਬਦਲਣ ’ਤੇ ਮਜਬੂਰ ਹੋ ਗਏ ਹਨ ਅਤੇ ਕਈ ਟਿਕਟਾਂ ਦਾ ਜੁਗਾੜ ਲਾਉਣ ਲਈ ਨਵੇਂ-ਨਵੇਂ ਗਾਡਫਾਦਰ ਲੱਭ ਰਹੇ ਹਨ। ਕਈ ਪਲਟੀ ਮਾਰਨ ਨੂੰ ਤਿਆਰ ਬੈਠੇ ਹਨ। ਨਿਗਮ ਚੋਣਾਂ ਨੂੰ ਲੈ ਕੇ ਜਲਦ ਟਿਕਟਾਂ ਦੀ ਵੰਡ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਅਜਿਹੀ ਹਾਲਤ ਵਿਚ ਟਿਕਟ ਨਾ ਮਿਲਣ ਤੋਂ ਨਾਰਾਜ਼ ਤੇ ਨਿਰਾਸ਼ ਆਗੂ ਦਲ-ਬਦਲੀ ਵੀ ਕਰ ਸਕਦੇ ਹਨ। ਅਜਿਹੇ ਵਿਚ ਆਉਣ ਵਾਲੇ ਕੁਝ ਹਫਤੇ ਕਾਫੀ ਸਰਗਰਮੀ ਵਾਲੇ ਅਤੇ ਮਹੱਤਵਪੂਰਨ ਦਿਸ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ਲਈ ਵੱਡੇ ਖ਼ਤਰੇ ਦੀ ਘੰਟੀ, ਡੈਮਾਂ 'ਚ ਘਟਿਆ ਪਾਣੀ, BBMB ਨੇ ਜਾਰੀ ਕੀਤੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8