ਕੇਂਦਰ ਸਰਕਾਰ ਨੇ ਹੁਣ ਤੱਕ ਦੇਸ਼ ਵਾਸੀਆਂ ਨੂੰ ਰਾਸ ਨਾ ਆਉਣ ਵਾਲੇ ਲਏ ਫੈਸਲੇ : ਮਨੀਸ਼ ਤਿਵਾੜੀ

12/25/2019 5:48:22 PM

ਨਵਾਂਸ਼ਹਿਰ (ਮਨੋਰੰਜਨ)— ਭਾਜਪਾ ਦੀ ਕੇਂਦਰ ਸਰਕਾਰ ਨੇ ਹੁਣ ਤੱਕ ਦੇਸ਼ ਵਾਸੀਆਂ ਨੂੰ ਰਾਸ ਨਾ ਆਉਣ ਵਾਲੇ ਫੈਸਲੇ ਲਏ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਦਰਅਸਲ ਮਨੀਸ਼ ਤਿਵਾੜੀ ਵੱਲੋਂ ਅੱਜ ਬੰਗਾ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਮੁਕੰਦਪੁਰ, ਚਾਹਲ ਕਲਾਂ, ਬਖਲੌਰ, ਗੜ੍ਹੀ ਅਜੀਤ ਸਿੰਘ, ਮੀਰਪੁਰ ਲੱਖਾ, ਔੜ, ਸੋਢੀਆਂ ਅਤੇ ਸਕੋਹਪੁਰ ਆਦਿ 'ਚ ਮੀਟਿੰਗਾਂ ਕੀਤੀਆਂ ਗਈਆਂ ਸਨ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਸਬੰਧੀ ਵੱਖ-ਵੱਖ ਪਿੰਡਾਂ 'ਚ ਲਗਭਗ 50 ਲੱਖ ਰੁਪਏ ਦੀ ਲਾਗਤ ਵਾਲੇ ਕੰਮਾਂ ਦੇ ਤਿਵਾੜੀ ਵੱਲੋਂ ਨੀਂਹ ਪੱਥਰ ਰੱਖੇ ਗਏ।

ਸੰਬੋਧਨ ਦੌਰਾਨ ਤਿਵਾੜੀ ਨੇ ਕਿਹਾ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿਕਾਸ ਸਬੰਧੀ ਕਿਸੇ ਕਿਸਮ ਦੀ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਦਾ ਅਪਣੇ ਹਲਕੇ ਦੇ ਵਿਕਾਸ ਕਰਾਜ ਕਰਨ ਸੰਬਧੀ ਵੱਖਰਾ ਤਰੀਕਾ ਹੈ, ਜਿਸ ਦੌਰਾਨ ਉਹ ਪਹਿਲਾਂ ਮੀਟਿੰਗਾਂ ਦੌਰਾਨ ਪਿੰਡਾਂ ਦੀਆਂ ਮੁਸ਼ਕਿਲਾਂ ਜਾਂ ਅਧੂਰੇ ਪਏ ਕੰਮਾਂ ਨੂੰ ਨੋਟ ਕਰਦੇ ਹਨ। ਤਿਵਾੜੀ ਨੇ ਕਿਹਾ ਕਿ ਹਲਕੇ ਦੇ ਨੌ ਵਿਧਾਨ ਸਭਾ ਹਲਕਿਆਂ 'ਚ ਖੁਦ ਘੁੰਮ ਕੇ ਜਾਂ ਮੀਟਿੰਗਾਂ ਰਾਹੀਂ ਮੁਸ਼ਕਿਲਾਂ ਸੁਣਦੇ ਅਤੇ ਲੋੜੀਂਦੇ ਕੰਮਾਂ ਨੂੰ ਦੇਖ ਰਹੇ ਹਨ, ਜਿਸ ਤੋਂ ਬਾਅਦ ਉਨ੍ਹਾਂ ਕੰਮਾਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਸਰਕਾਰ ਦੇ ਸਹਿਯੋਗ ਨਾਲ ਹਰੇਕ ਵਿਕਾਸ ਕਾਰਜਾਂ ਨੂੰ ਨੇਪੜੇ ਚਾੜ੍ਹਿਆ ਜਾਵੇਗਾ। ਤਿਵਾੜੀ ਨੇ ਕਿਹਾ ਕਿ ਜੋ ਉਨ੍ਹਾਂ ਨੂੰ ਹਲਕਾ ਨਿਵਾਸੀਆਂ ਵੱਲੋਂ ਮੰਗ ਪੱਤਰ ਦਿੱਤੇ ਜਾ ਰਹੇ ਹਨ। ਉਨ੍ਹਾਂ 'ਚ ਵੱਖ-ਵੱਖ ਕੰਮ ਲਿਖੇ ਹੁੰਦੇ ਹਨ, ਜੋ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਹੁੰਦਾ ਹੈ।

ਤਿਵਾੜੀ ਨੇ ਲੋਕਾਂ ਕਿਹਾ ਕਿ ਉਹ ਕੰਮਾਂ ਨੂੰ ਵੱਖ-ਵੱਖ ਵਿਭਾਗ ਦੇ ਨਾਮ ਚਿੱਠੀ ਦੀ ਤਰ੍ਹਾਂ ਲਿਖ ਕੇ ਉਨ੍ਹਾਂ ਨੂੰ ਦੇਣ ਤਾਂ ਕਿ ਅੱਗੇ ਕਾਰਵਾਈ ਕਰਵਾਉਣ 'ਚ ਕੋਈ ਪ੍ਰੇਸ਼ਾਨੀ ਨਾ ਆਵੇ। ਤਿਵਾੜੀ ਨੇ ਕਿਹਾ ਕਿ ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗੁਵਾਈ ਵਾਲੀ ਭਾਜਪਾ ਸਰਕਾਰ ਨੇ ਹੁਣ ਤੱਕ ਜੋ ਵੀ ਫੈਸਲੇ ਲਏ ਹਨ, ਦੇਸ਼ ਵਾਸੀਆਂ ਨੂੰ ਰਾਸ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੂੰ ਜਿਨ੍ਹਾਂ ਫੈਸਲਿਆਂ ਨਾਲ ਫਾਇਦਾ ਹੋਣਾ ਹੈ, ਉਨ੍ਹਾਂ ਫੈਸਲਿਆਂ ਵਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਦੇਸ਼ ਦੀ ਜਨਤਾ ਨੂੰ ਅੱਜ ਦੁਖੀ ਹੋ ਕੇ ਆਪਣੇ ਬਣਦੇ ਹੱਕ ਮੰਗਣ ਲਈ ਮਜਬੂਰਨ ਦੇਸ਼ ਦੀਆਂ ਸੜਕਾਂ 'ਤੇ ਆਉਣਾ ਪੈ ਰਿਹਾ ਹੈ। ਅੰਤ 'ਚ ਮੁਨੀਸ਼ ਤਿਵਾੜੀ ਨੇ ਕਿਹਾ ਕਿ ਪਿੰਡਾਂ ਦੇ ਜਿੰਨੇ ਵੀ ਹੋਣ ਵਾਲੇ ਕੰਮ ਹਨ, ਉਨ੍ਹਾਂ ਲਈ ਪੰਚਾਇਤਾਂ ਮਤਾ ਪਾ ਕੇ ਉਨ੍ਹਾਂ ਨੂੰ ਦੇਣ ਅਤੇ ਉਹ ਕੰਮ ਪਹਿਲਾਂ ਦੱਸਣ ਜੋ ਜ਼ਰੂਰੀ ਹਨ। ਇਸ ਮੌਕੇ 'ਤੇ ਵੱਖ-ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਹੋਰ ਆਹੁੱਦੇਦਾਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ 'ਤੇ ਲਾਰਜ ਇੰਡਸਟਰੀ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਪਵਨ ਦੀਵਾਨ, ਸਤਵੀਰ ਸਿੰਘ, ਜਤਿੰਦਰ ਕੌਰ ਸਾਬਕਾ ਪ੍ਰਧਾਨ ਮਹਿਲਾ ਕਾਂਗਰਸ ਨਵਾਂਸ਼ਹਿਰ ਅਤੇ ਸੋਖੀ ਰਾਮ ਸਣੇ ਆਦਿ ਹਾਜ਼ਰ ਸਨ।


shivani attri

Content Editor

Related News