ਟਰੇਨ ਹੇਠਾਂ ਆ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ, ਉੱਡੇ ਚਿੱਥੜੇ

02/04/2020 5:40:17 PM

ਜਲੰਧਰ (ਸੋਨੂੰ)— ਸਿਟੀ ਰੇਲਵੇ ਸਟੇਸ਼ਨ 'ਤੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ 'ਚ ਟਰੇਨ ਦੇ ਅੱਗੇ ਵਿਅਕਤੀ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਹਾਲਾਂਕਿ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਆਰ. ਪੀ. ਐੱਫ. ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।

ਆਰ. ਪੀ. ਐੱਫ. ਦੇ ਏ. ਐੱਸ. ਆਈ. ਬਿਸ਼ੰਬਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਟੇਸ਼ਨ ਮਾਸਟਰ ਤੋਂ ਸੂਚਨਾ ਮਿਲੀ ਸੀ ਕਿ ਟਰੇਨ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਜੇਬ 'ਚੋਂ ਇਕ ਸੁਸਾਈਡ ਨੋਟ ਮਿਲਿਆ ਹੈ। ਮ੍ਰਿਤਕ ਦੀ ਪਛਾਣ ਰਾਕੇਸ਼ ਕੁਮਾਰ (62) ਪੁੱਤਰ ਮੁਨਸ਼ੀ ਰਾਮ ਵਾਸੀ ਜੈਮਲ ਨਗਰ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਸਿਟੀ ਸਟੇਸ਼ਨ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਕਾਨਪੁਰ ਸੈਂਟਰਲ ਟਰੇਨ ਦੇ ਹੇਠਾਂ ਆਉਣ ਨਾਲ ਰਿਟਾ. ਬੈਂਕ ਕਰਮਚਾਰੀ ਬੁਰੀ ਤਰ੍ਹਾਂ ਵੱਢਿਆ ਗਿਆ। ਪਿੱਛਿਓਂ ਨੰਗਲ ਡੈਮ ਐਕਸਪ੍ਰੈੱਸ ਟਰੇਨ ਆ ਰਹੀ ਸੀ। ਪੁਲਸ ਨੇ ਰੇਲ ਲਾਈਨਾਂ ਤੋਂ ਲਾਸ਼ ਨੂੰ ਹਟਾ ਕੇ ਟਰੇਨ ਨੂੰ ਅੰਮ੍ਰਿਤਸਰ ਲਈ ਰਵਾਨਾ ਕੀਤਾ। ਜੀ. ਆਰ. ਪੀ. ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਭੇਜ ਦਿੱਤੀ ਹੈ।

PunjabKesari

ਮ੍ਰਿਤਕ ਕੋਲੋਂ ਮਿਲੇ ਸੁਸਾਈਟ ਨੋਟ 'ਚ ਉਸ ਨੇ ਲਿਖਿਆ ਕਿ ਉਸ ਦੀ ਘਰ ਵਿਚ ਕੋਈ ਪੁੱਛਗਿੱਛ ਨਹੀਂ ਹੈ ਅਤੇ ਉਹ ਆਪਣੇ ਪੋਤੇ-ਪੋਤੀ ਨੂੰ ਬਹੁਤ ਪਿਆਰ ਕਰਦਾ ਹੈ। ਪ੍ਰੇਸ਼ਾਨੀ ਕਾਰਨ ਉਸ ਦਾ ਜਿਊਣ ਨੂੰ ਮਨ ਨਹੀਂ ਕਰਦਾ ਅਤੇ ਮਰਨ ਜਾ ਰਿਹਾ ਹੈ। ਜੀ. ਆਰ. ਪੀ. ਦੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਬੁੱਧਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਦੇ ਸਪੁਰਦ ਕਰ ਦਿੱਤੀ ਜਾਵੇਗੀ। ਐੱਸ. ਐੱਚ. ਓ. ਧਰਮਿੰਦਰ ਕਲਿਆਣ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


shivani attri

Content Editor

Related News