ਨਿਗਮ ਕਰਮਚਾਰੀ ਤੋਂ ਚਲਾਨ ਬੁੱਕ ਖੋਹਣ ਵਾਲੇ ਰਾਮਾ ਮੰਡੀ ਦੇ ਸ਼ਖਸ ਨੇ ਮੰਗੀ ਮੁਆਫ਼ੀ

06/18/2022 5:55:23 PM

ਜਲੰਧਰ (ਖੁਰਾਣਾ)–ਕੁਝ ਲੋਕ ਤੈਸ਼ ਵਿਚ ਆ ਕੇ ਸਰਕਾਰੀ ਕਰਮਚਾਰੀਆਂ ਨਾਲ ਬਦਸਲੂਕੀ ਕਰ ਤਾਂ ਬੈਠਦੇ ਹਨ ਪਰ ਬਾਅਦ ਵਿਚ ਉਨ੍ਹਾਂ ਨੂੰ ਮੁਆਫੀ ਮੰਗ ਕੇ ਆਪਣੀ ਜਾਨ ਛੁਡਾਉਣੀ ਪੈਂਦੀ ਹੈ।
ਅਜਿਹਾ ਹੀ ਇਕ ਮਾਮਲਾ ਰਾਮਾ ਮੰਡੀ ਦੇ ਫੋਟੋ ਸਟੂਡੀਓ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ, ਜਿਥੇ ਬੈਠੇ ਧਨੋਆ ਨਾਂ ਦੇ ਇਕ ਸ਼ਖਸ ਨੇ ਦੋ ਦਿਨ ਪਹਿਲਾਂ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਦੇ ਇਕ ਕਰਮਚਾਰੀ ਦੇ ਹੱਥਾਂ ਵਿਚੋਂ ਚਲਾਨ ਬੁੱਕ ਖੋਹ ਲਈ ਅਤੇ ਉਸਨੂੰ ਭਜਾ ਦਿੱਤਾ।

ਪਤਾ ਲੱਗਾ ਹੈ ਕਿ ਨਿਗਮ ਦਾ ਉਕਤ ਕਰਮਚਾਰੀ ਰਾਮਾ ਮੰਡੀ ਇਲਾਕੇ ਵਿਚ ਪ੍ਰਾਪਰਟੀ ਟੈਕਸ ਨਾ ਦੇਣ ਵਾਲੀਆਂ ਸੰਸਥਾਵਾਂ ਦੀ ਪਛਾਣ ਲਈ ਨੋਟਿਸ ਸਰਵ ਕਰ ਰਿਹਾ ਸੀ। ਜਦੋਂ ਉਹ ਇਕ ਫੋਟੋ ਸਟੂਡੀਓ ਵਿਚ ਪੁੱਜਾ ਤਾਂ ਉਥੇ ਅੰਦਰ ਖਾਣਾ ਖਾ ਰਹੇ ਵਿਅਕਤੀ ਨੇ ਉਸ ਕੋਲੋਂ ਆਈ-ਕਾਰਡ ਮੰਗਿਆ। ਕਿਉਂਕਿ ਆਈ-ਕਾਰਡ ’ਤੇ ਕਰਮਚਾਰੀ ਦੀ ਫੋਟੋ ਨਹੀਂ ਲੱਗੀ ਸੀ, ਇਸ ਲਈ ਮਾਮਲੇ ਨੇ ਤੂਲ ਫੜ ਲਿਆ ਅਤੇ ਉਸ ਵਿਅਕਤੀ ਨੇ ਆਈ-ਕਾਰਡ ਦੇ ਨਾਲ-ਨਾਲ ਚਲਾਨ ਬੁੱਕ ਵੀ ਖੋਹ ਕੇ ਆਪਣੀ ਕੋਲ ਰੱਖ ਲਈ। ਉਸੇ ਦਿਨ ਮਾਮਲਾ ਕੌਂਸਲਰ ਮਨਦੀਪ ਜੱਸਲ ਕੋਲ ਵੀ ਪੁੱਜਾ, ਜਿਨ੍ਹਾਂ ਦਾ ਆਫਿਸ ਨੇੜੇ ਹੀ ਸੀ ਪਰ ਫਿਰ ਵੀ ਮਾਮਲਾ ਸੁਲਝ ਨਾ ਸਕਿਆ, ਜਿਸ ਕਰ ਕੇ ਨਿਗਮ ਅਧਿਕਾਰੀ ਅਗਲੇ ਦਿਨ ਫਿਰ ਉਸੇ ਫੋਟੋ ਸਟੂਡੀਓ ’ਤੇ ਗਏ ਅਤੇ ਉਸ ਸਮੇਂ ਪੁਲਸ ਵੀ ਉਨ੍ਹਾਂ ਦੇ ਨਾਲ ਸੀ। ਕਿਉਂਕਿ ਵੀਰਵਾਰ ਨੂੰ ਫੋਟੋ ਸਟੂਡੀਓ ਬੰਦ ਮਿਲਿਆ, ਇਸ ਲਈ ਨਿਗਮ ਅਧਿਕਾਰੀ ਵਾਪਸ ਮੁੜ ਆਏ ਅਤੇ ਉਨ੍ਹਾਂ ਸਾਰੀ ਘਟਨਾ ਦੀ ਸ਼ਿਕਾਇਤ ਜੁਆਇੰਟ ਕਮਿਸ਼ਨਰ ਮੈਡਮ ਰੰਧਾਵਾ ਨੂੰ ਲਾਈ। ਇਸੇ ਦੌਰਾਨ ਨਿਗਮ ਅਧਿਕਾਰੀਆਂ ਨੇ ਧਨੋਆ ਨਾਂ ਦੇ ਵਿਅਕਤੀ ’ਤੇ ਕੇਸ ਦਰਜ ਕਰਨ ਲਈ ਸ਼ਿਕਾਇਤ ਪੁਲਸ ਨੂੰ ਦੇਣ ਦਾ ਫੈਸਲਾ ਲਿਆ।

ਇਹ ਵੀ ਪੜ੍ਹੋ: ਦੋਆਬਾ ਦੇ ਲੋਕਾਂ ਲਈ ਅਹਿਮ ਖ਼ਬਰ, ਕੈਨੇਡਾ ਸਰਕਾਰ ਨੇ ਜਲੰਧਰ ’ਚ ਦਿੱਤੀ ਪਾਸਪੋਰਟ ਜਮ੍ਹਾ ਕਰਵਾਉਣ ਦੀ ਸਹੂਲਤ

ਬੀਤੇ ਦਿਨ ਜਦੋਂ ਪੁਲਸ ਨੂੰ ਮਾਮਲਾ ਸੌਂਪਣ ਦੀ ਕਾਰਵਾਈ ਚੱਲ ਰਹੀ ਸੀ ਤਾਂ ਅਚਾਨਕ ਕਾਂਗਰਸੀ ਕੌਂਸਲਰ ਮਨਦੀਪ ਜੱਸਲ ਉਸ ਵਿਅਕਤੀ ਨੂੰ ਨਾਲ ਲੈ ਕੇ ਨਿਗਮ ਪਹੁੰਚ ਗਏ, ਜਿੱਥੇ ਜੁਆਇੰਟ ਕਮਿਸ਼ਨਰ ਦੇ ਸਾਹਮਣੇ ਉਸ ਨੇ ਨਿਗਮ ਸਟਾਫ ਕੋਲੋਂ ਮੁਆਫ਼ੀ ਮੰਗੀ ਅਤੇ ਚਲਾਨ ਬੁੱਕ ਅਤੇ ਹੋਰ ਸਾਮਾਨ ਵਾਪਸ ਕੀਤਾ। ਇਸ ਘਟਨਾ ਦੀ ਨਿਗਮ ਹਲਕਿਆਂ ਵਿਚ ਸਾਰਾ ਦਿਨ ਚਰਚਾ ਰਹੀ।

ਇਹ ਵੀ ਪੜ੍ਹੋ: ਜਲੰਧਰ: ਕੰਪਨੀ ਬਾਗ ਚੌਂਕ ਨੇੜੇ ਮਸ਼ਹੂਰ ਮਠਿਆਈਆਂ ਦੀ ਦੁਕਾਨ ’ਤੇ GST ਦੇ ਮੋਬਾਇਲ ਵਿੰਗ ਵੱਲੋਂ ਛਾਪੇਮਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News