ਗੱਡੀ 'ਚ ਬੈਠੀ ਦਵਾਈ ਵਿਕਰੇਤਾ ਦੀ ਪਤਨੀ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ (ਵੀਡੀਓ)

Saturday, Oct 19, 2019 - 05:53 PM (IST)

ਜਲੰਧਰ (ਸੁਧੀਰ)— ਫੈਸਟੀਵਲ ਸੀਜ਼ਨ 'ਚ ਕਮਿਸ਼ਨਰੇਟ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹਦੇ ਹੋਏ ਸਥਾਨਕ ਕੰਪਨੀ ਬਾਗ ਚੌਕ ਨੇੜੇ ਲੁਟੇਰੇ ਗੱਡੀ 'ਚ ਬੈਠੀ ਇਕ ਦਵਾਈ ਵਿਕਰੇਤਾ ਦੀ ਪਤਨੀ ਦਾ ਪਰਸ ਲੁੱਟ ਕੇ ਫਰਾਰ ਹੋ ਗਏ। ਪਰਸ 'ਚ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ-4 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ ਪਰ ਹੱਦਬੰਦੀ ਥਾਣਾ ਨੰਬਰ-3 ਦੀ ਪੁਲਸ ਦੇ ਅਧੀਨ ਆਉਂਦੇ ਦੇਖ ਥਾਣਾ ਨੰਬਰ-4 ਦੀ ਪੁਲਸ ਨੇ ਘਟਨਾ ਸਬੰਧੀ ਥਾਣਾ ਨੰਬਰ-3 ਦੀ ਪੁਲਸ ਨੂੰ ਸੂਚਿਤ ਕੀਤਾ ਪਰ ਅੱਧਾ ਘੰਟਾ ਬੀਤ ਜਾਣ ਤੋਂ ਬਾਅਦ ਵੀ ਥਾਣਾ ਨੰਬਰ-3 ਦੀ ਪੁਲਸ ਮੌਕੇ 'ਤੇ ਨਹੀਂ ਪਹੁੰਚੀ।

ਲੁਧਿਆਣਾ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ 'ਚ ਹੋਲਸੇਲ ਦਵਾਈਆਂ ਦਾ ਕਾਰੋਬਾਰ ਕਰਦੇ ਹਨ ਅਤੇ ਬੀਤੇ ਦਿਨ ਉਹ ਆਪਣੀ ਪਤਨੀ ਅਤੇ ਲੜਕੇ ਦੇ ਨਾਲ ਆਪਣੀ ਭੈਣ ਨੂੰ ਫਗਵਾੜਾ ਗੇਟ ਮਿਲਣ ਲਈ ਆਏ ਸਨ, ਜਿਸ ਤੋਂ ਬਾਅਦ ਉਹ ਕਾਰੋਬਾਰ ਦੇ ਸਿਲਸਿਲੇ 'ਚ ਕੰਪਨੀ ਬਾਗ ਚੌਕ ਨੇੜੇ ਦਿਲਕੁਸ਼ਾ ਮਾਰਕੀਟ ਜਾਣ ਲਈ ਰੁਕੇ ਅਤੇ ਉਨ੍ਹਾਂ ਨੇ ਆਪਣੀ ਗੱਡੀ ਸੜਕ ਦੀ ਸਾਈਡ 'ਤੇ ਖੜ੍ਹੀ ਕੀਤੀ ਅਤੇ ਗੱਡੀ 'ਚ ਪਤਨੀ ਬੈਠੀ ਹੋਈ ਸੀ। ਉਹ ਦਿਲਕੁਸ਼ਾ ਮਾਰਕੀਟ ਚਲੇ ਗਏ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਗੱਡੀ ਕੋਲ 2 ਨੌਜਵਾਨ ਆ ਕੇ ਰੁਕੇ, ਜਿਨ੍ਹਾਂ 'ਚੋਂ ਇਕ ਨੌਜਵਾਨ ਨੇ ਉਨ੍ਹਾਂ ਦੀ ਪਤਨੀ ਨੂੰ ਗੱਡੀ 'ਚੋਂ ਦੁਪੱਟਾ ਬਾਹਰ ਨਿਕਲਣ ਦੀ ਗੱਲ ਕਹੀ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਹੇਠਾਂ ਉਤਰ ਕੇ ਦੁਪੱਟਾ ਦੇਖਣ ਲੱਗੀ ਇੰਨੇ 'ਚ ਸ਼ਾਤਰ ਦੂਜਾ ਲੁਟੇਰਾ ਗੱਡੀ ਦੇ ਦੂਜੇ ਦਰਵਾਜ਼ੇ ਵੱਲੋਂ ਉਨ੍ਹਾਂ ਦੀ ਪਤਨੀ ਦਾ ਪਰਸ ਲੁੱਟ ਕੇ ਫਰਾਰ ਹੋ ਗਿਆ। ਪਰਸ 'ਚ ਕਰੀਬ 65 ਹਜ਼ਾਰ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਸਨ। ਜ਼ਿਕਰਯੋਗ ਹੈ ਕਿ ਫੈਸਟੀਵਲ ਸੀਜ਼ਨ 'ਚ ਸ਼ਹਿਰ 'ਚ ਕਮਿਸ਼ਨਰੇਟ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੀ ਲੁਟੇਰੇ ਪੋਲ ਖੋਲ੍ਹ ਕੇ ਫਰਾਰ ਹੋ ਗਏ।


author

shivani attri

Content Editor

Related News