ਪਾਵਨ ਸੰਗ ''ਚ ਸ਼ਮੂਲੀਅਤ ਕਰਨ ਵਾਲੀ ਸੰਗਤ ਦੀ ਸੇਵਾ ਲਈ 2 ਕੁਇੰਟਲ ਡਰਾਈ ਫਰੂਟ ਦਾ ਲਾਇਆ ਲੰਗਰ
Sunday, Mar 03, 2024 - 04:51 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਜਾਣ ਵਾਲੀ ਸਲਾਨਾ ਇਤਿਹਾਸਕ ਪੈਦਲ ਯਾਤਰਾ ਵਿੱਚ ਸ਼ਮੂਲੀਅਤ ਕਰਨ ਵਾਲੀ ਸੰਗਤ ਦੀ ਸੇਵਾਦਾਰਾਂ ਵੱਲੋਂ ਤਨ,ਮਲ,ਧਨ ਨਾਲ ਸੇਵਾ ਕੀਤੀ ਗਈ। ਸਲਾਨਾ ਪਾਵਨ ਸੰਗ ਜਦੋਂ ਵੇਟ ਖੇਤਰ ਅਧੀਨ ਪੈਂਦੇ ਪਿੰਡ ਵੱਡੀ ਮਿਆਣੀ ਪਹੁੰਚਿਆ ਤਾਂ ਪਿੰਡ ਮਿਆਣੀ ਦੇ ਪ੍ਰਵਾਸੀ ਭਾਰਤੀਆਂ ਨਾਲ ਸੰਬੰਧਿਤ ਸੇਵਾਦਾਰਾਂ ਵੱਲੋਂ ਕਰੀਬ 2 ਕੁਇੰਟਲ ਡਰਾਈ ਫਰੂਟ ਦੀ ਸੇਵਾ ਕੀਤੀ ਗਈ ਅਤੇ ਸਮੂਹ ਸੰਗਤ ਨੂੰ ਇਹ ਡਰਾਈ ਫਰੂਟ ਦਾ ਪ੍ਰਸ਼ਾਦ ਵੰਡਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਸਰਬਜੀਤ ਸਿੰਘ ਮਿਆਣੀ ਨੇ ਪ੍ਰਵਾਸੀ ਭਾਰਤੀ ਕਰਨੈਲ ਸਿੰਘ ਯੂ.ਐੱਸ.ਏ, ਜਰਨੈਲ ਸਿੰਘ ਯੂ.ਐੱਸ.ਏ, ਸਤਪਾਲ ਸਿੰਘ ਯੂ.ਐੱਸ.ਏ, ਕੁਲਵਿੰਦਰ ਸਿੰਘ ਯੂ.ਐੱਸ.ਏ, ,ਪ੍ਰਿੰਸ, ਲੱਖੀ, ਜੋਨੀ ਯੂ.ਐੱਸ.ਏ, ਬਲਜੀਤ ਜਰਮਨੀ, ਗੁਰਮੀਤ ਸਿੰਘ ਯੂ.ਐੱਸ.ਏ, ਇੰਦਰਜੀਤ ਸਿੰਘ ਕੈਨੇਡਾ, ਹਰਭਜਨ ਸਿੰਘ ਬੈਲਜੀਅਮ ਤੇ ਹੋਰਨਾ ਸੰਗਤਾਂ ਵੱਲੋਂ ਦਿੱਤੇ ਗਏ ਮਾਇਆ ਦੇ ਯੋਗਦਾਨ ਸਦਕਾ ਕਰੀਬ 2 ਕੁਇੰਟਲ ਤੋਂ ਉੱਪਰ ਡਰਾਈ ਫਰੂਟ ਜਿਸ ਵਿੱਚ ਕਾਜੂ,ਬਦਾਮ, ਸੌਗੀ ਤੇ ਹੋਰ ਸਮਾਨ ਸ਼ਾਮਲ ਕਰਦਿਆਂ ਗੁਰੂ ਸਾਹਿਬ ਜੀ ਦੀ ਸਤਿਕਾਰਯੋਗ ਸੰਗਤ ਪ੍ਰਤੀ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ ਤੇ ਕਰੀਬ ਦੋ ਕੁਇੰਟਲ ਤੋਂ ਉੱਪਰ ਇਹ ਪ੍ਰਸ਼ਾਦ ਵੰਡ ਕੇ ਸੰਗਤ ਦੀ ਸੇਵਾ ਕੀਤੀ ਗਈ।
ਇਸ ਸਬੰਧੀ ਪੈਦਲ ਸੰਗ ਯਾਤਰਾ ਜਥੇ ਦੇ ਜਥੇਦਾਰ ਬਾਬਾ ਰਣਧੀਰ ਸਿੰਘ ਨੇ ਜਿੱਥੇ ਵੱਖ-ਵੱਖ ਲੰਗਰ ਲਗਾ ਕੇ ਸੰਗਤ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਉੱਥੇ ਹੀ ਡਰਾਈ ਫਰੂਟ ਦਾ ਲੰਗਰ ਲਗਾਉਣ ਵਾਲੀਆਂ ਸੰਗਤਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਪਹਿਲੀ ਰਾਤਰੀ ਦਾ ਵਿਸ਼ਰਾਮ ਕਰਨ ਉਪਰੰਤ ਜਦੋਂ ਪਾਵਨ ਸੰਗ ਵੇਟ ਖੇਤਰ ਵੱਡੀ ਮਿਆਣੀ ਤੋਂ ਹੁੰਦਾ ਹੋਇਆ ਭੇਟਾ ਪੱਤਣ ਬਿਆਸ ਦਰਿਆ ਵੱਲ ਵੱਧਦਾ ਹੈ ਤਾਂ ਰਸਤੇ ਵਿੱਚ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾ ਕੇ ਸੰਗਤ ਵੱਲੋਂ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਅਤੇ ਇਸ ਵਾਰ ਬਾਰਿਸ਼ ਦੇ ਬਾਵਜੂਦ ਸੰਗਤ ਨੇ ਯਾਤਰਾ ਜਥੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਦੀ ਸੇਵਾ ਕੀਤੀ।