ਕਰਫਿਊ ਦੌਰਾਨ ਬਾਜ਼ਾਰ ''ਚ ਆਉਣ ''ਤੇ ਸਬ ਇੰਸਪੈਕਟਰ ਨੇ ਕੀਤੀ ਨੌਜਵਾਨ ਦੀ ਕੁੱਟਮਾਰ

03/28/2020 2:52:38 PM


ਭੁਲੱਥ (ਭੂਪੇਸ਼)— ਕਸਬੇ ਵਿਚ ਡਿਊਟੀ 'ਤੇ ਤਾਇਨਾਤ ਸਬ ਇੰਸਪੈਕਟਰ ਅਤੇ ਤਹਿਸੀਲਦਾਰ ਵੱਲੋਂ ਕਰਫ਼ਿਊ ਦੌਰਾਨ ਬਾਜ਼ਾਰ 'ਚ ਆਉਣ 'ਤੇ ਨੌਜਵਾਨ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ। ਜ਼ੇਰੇ ਇਲਾਜ ਗੰਭੀਰ ਜ਼ਖਮੀ ਪ੍ਰਿੰਸ ਅਰੋੜਾ ਪੁੱਤਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਕਸਬੇ 'ਚ ਡਿਊਟੀ 'ਤੇ ਤਾਇਨਾਤ ਸਬ ਇੰਸਪੈਕਟਰ ਰਘੁਬੀਰ ਸਿੰਘ ਅਤੇ ਕੋਲ ਖੜ੍ਹੇ ਤਹਿਸੀਲਦਾਰ ਭੁਲੱਥ ਨੇ ਉਸ ਨੂੰ ਬਿਨਾਂ ਕਿਸੇ ਵਜ੍ਹਾ ਡਾਂਗਾਂ ਨਾਲ ਉਸਦੀ ਕੁੱਟ-ਮਾਰ ਕੀਤੀ। ਉਸ ਨੇ ਦੱਸਿਆ ਕਿ ਕਰਫ਼ਿਊ ਦੌਰਾਨ ਉਹ ਕਦੇ ਵੀ ਬਾਹਰ ਨਹੀਂ ਨਿਕਲਿਆ ਪਰ ਉਸਦਾ ਬੇਟਾ ਅਚਾਨਕ ਬੀਮਾਰ ਹੋਣ ਕਾਰਨ ਇਲਾਜ ਲਈ ਆਪਣੇ ਦੁਕਾਨ ਮਾਲਕ ਕੋਲੋਂ ਪੈਸੇ ਲੈਣ ਜਾ ਰਿਹਾ ਸੀ। ਇਸ ਦੌਰਾਨ ਮੇਨ ਬਾਜ਼ਾਰ ਦੇ ਚੌਕ ਕੋਲ ਉਸਨੂੰ ਸਬ ਇੰਸ. ਰਘੁਬੀਰ ਸਿੰਘ ਨੇ ਰੁਕਣ ਦਾ ਸੰਕੇਤ ਦਿੱਤਾ। ਜਿਸ 'ਤੇ ਉਹ ਰੁੱਕ ਗਿਆ, ਜਦੋਂ ਕਿ ਉਹ ਅੱਜੇ ਆਪਣੀ ਸਕੂਟਰੀ 'ਤੇ ਹੀ ਸੀ ਕਿ ਇਸ. ਰਘੁਬੀਰ ਸਿੰਘ ਅਤੇ ਤਹਿਸੀਲਦਾਰ ਰਮੇਸ਼ ਕੁਮਾਰ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਇਕ ਨਾ ਸੁਣੀ। ਪ੍ਰਿੰਸ ਅਰੋੜਾ ਨੇ ਕਿਹਾ ਕਿ ਉਸਦੀ ਹਸਪਤਾਲ 'ਚ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾਕਟਰ ਨੇ ਐੱਮ. ਐੱਲ. ਆਰ. ਕੱਟ ਲਈ ਹੈ। ਉਸ ਨੇ ਜ਼ਿਲਾ ਪੁਲਸ ਮੁਖੀ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਕੋਲ ਇਨਸਾਫ ਦੀ ਮੰਗ ਕੀਤੀ।

ਵਿਧਾਇਕ ਖਹਿਰਾ ਨੇ ਉੱਚ ਅਧਿਕਾਰੀਆਂ ਕੋਲ ਪਹੁੰਚਾਇਆ ਮਾਮਲਾ
ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪ੍ਰਿੰਸ ਅਰੋੜਾ ਦੀ ਸਬ ਇੰਸਪੈਕਟਰ ਅਤੇ ਤਹਿਸੀਲਦਾਰ ਵੱਲੋਂ ਕੀਤੀ ਕੁੱਟਮਾਰ ਦਾ ਮਾਮਲਾ ਅਤੇ ਇਕ ਹੋਰ ਪੁਲਸ ਦੇ ਸ਼ਿਕਾਰ ਹੋਏ ਬਾਗੜੀਆਂ ਦੇ ਨੌਜਵਾਨ ਦਾ ਮਾਮਲਾ ਉੱਚ ਅਧਿਕਾਰੀਆਂ ਕੋਲ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਨਜ਼ਰਸਾਨੀ ਕਰਵਾ ਕੇ ਸਹੀ ਤੱਥ ਜਗ ਜ਼ਾਹਿਰ ਕਰ ਕੇ ਕਾਰਵਾਈ ਅਮਲ 'ਚ ਲਿਆਂਦੀ ਜਾਵੇ।

ਪ੍ਰਿੰਸ. ਅਰੋੜਾ ਵੱਲੋਂ ਲਾਏ ਜਾ ਰਹੇ ਦੋਸ਼ ਝੂਠੇ : ਤਹਿਸੀਲਦਾਰ
ਤਹਿਸੀਲਦਾਰ ਰਮੇਸ਼ ਕੁਮਾਰ ਦਾ ਪ੍ਰਿੰਸ ਅਰੋੜਾ ਦੀ ਕੁੱਟਮਾਰ ਦੇ ਮਾਮਲੇ 'ਚ ਕਿਹਾ ਕਿ ਉਨ੍ਹਾਂ ਕਿਸੇ ਦੀ ਕੋਈ ਕੁੱਟਮਾਰ ਨਹੀਂ ਕੀਤੀ। ਉਨ੍ਹਾਂ 'ਤੇ ਲਾਏ ਜਾ ਰਹੇ ਦੋਸ਼ ਝੂਠੇ ਹਨ। ਉਨ੍ਹਾਂ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ। ਜੇਕਰ ਅਸੀਂ ਸਰਕਾਰ ਵੱਲੋਂ ਲਾਏ ਕਰਫਿਊ ਦੀ ਇਨ-ਬਿਨ ਪਾਲਣਾ ਨਹੀਂ ਕਰਵਾਂਗੇ ਤਾਂ ਸਰਕਾਰ ਵੱਲੋਂ ਕਰਫਿਊ ਦਾ ਕੀ ਤੱਥ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿਯਮਾਂ ਦੀ ਇਨ-ਬਿਨ ਪਾਲਣਾ ਕਰਵਾਈ ਜਾਵੇਗੀ । ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਕੀ ਕਹਿੰਦੇ ਹਨ ਥਾਣਾ ਮੁਖੀ
ਥਾਣਾ ਮੁਖੀ ਇੰਸਪੈਕਟਰ ਕਰਨੈਲ ਸਿੰਘ ਨੇ ਕਿਹਾ ਕਿ ਅਜਿਹਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਲਿਆਂਦਾ ਗਿਆ ਤੇ ਨਾ ਹੀ ਕੋਈ ਅਜਿਹੀ ਗੱਲ ਹੀ ਹੋਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਤਹਿਕੀਕਾਤ ਕੀਤੀ ਜਾਵੇਗੀ।

ਕੀ ਕਹਿਣੈ ਏ. ਐੱਸ. ਪੀ. ਦਾ
ਏ. ਐੱਸ. ਪੀ. ਡਾ. ਸਿਮਰਤ ਕੌਰ ਨੇ ਕਿਹਾ ਕਿ ਨੌਜਵਾਨ ਪ੍ਰਿੰਸ ਅਰੋੜਾ ਦੀ ਸਬ ਇੰਸਪੈਕਟਰ ਰਘੁਬੀਰ ਸਿੰਘ ਅਤੇ ਤਹਿਸੀਲਦਾਰ ਭੁਲੱਥ ਵੱਲੋਂ ਕੀਤੀ ਕੁੱਟਮਾਰ ਦਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ। ਜੇਕਰ ਅਜਿਹੀ ਘਟਨਾ ਵਾਪਰੀ ਹੋਵੇਗੀ, ਉਸਦੀ ਜਾਂਚ-ਪੜਤਾਲ ਕਰਨ ਤੋਂ ਬਾਅਦ ਹੀ ਕੁਝ ਦੱਸਣਗੇ।


shivani attri

Content Editor

Related News