ਕਬੱਡੀ ਵਰਲਡ ਕੱਪ 'ਚ ਪਾਕਿ ਨੂੰ ਹਰਾਉਣ ਵਾਲਾ ਨੌਜਵਾਨ ਬਣਿਆ ਨਸ਼ਾ ਤਸਕਰ

Thursday, Nov 07, 2019 - 12:12 PM (IST)

ਕਬੱਡੀ ਵਰਲਡ ਕੱਪ 'ਚ ਪਾਕਿ ਨੂੰ ਹਰਾਉਣ ਵਾਲਾ ਨੌਜਵਾਨ ਬਣਿਆ ਨਸ਼ਾ ਤਸਕਰ

ਜਲੰਧਰ (ਸ਼ੋਰੀ)— ਜਲੰਧਰ ਦਿਹਾਤੀ ਪੁਲਸ ਨੇ ਗੁਰਦਾਸਪੁਰ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਅਤੇ ਉਸ ਦੇ ਇਕ ਸਾਥੀ ਨੂੰ ਮੈਡੀਕਲ ਨਸ਼ੇ ਨਾਲ ਗ੍ਰਿਫਤਾਰ ਕੀਤਾ ਹੈ। ਉਹ ਮੰਗਲਵਾਰ ਸ਼ਾਮ ਨੂੰ ਕਰਤਾਰਪੁਰ 'ਚ ਨਸ਼ੇ ਦੇ ਸਪਲਾਈ ਦੇਣ ਆਇਆ ਸੀ। ਦਿਹਾਤੀ ਪੁਲਸ ਦੇ ਸੀ. ਆਈ. ਏ ਸਟਾਫ ਨੂੰ ਉਸ ਦੀ ਭਨਕ ਲੱਗ ਗਈ ਅਤੇ ਪੁਲਸ ਨੇ ਤੁਰੰਤ ਦੋਹਾਂ ਨੂੰ ਦਬੋਚ ਲਿਆ। ਦੋਹਾਂ ਦੀ ਪਛਾਣ ਵੀਰ ਸਿੰਘ ਉਰਫ ਵੀਰ ਪੁੱਤਰ ਗੁਰਬਚਨ ਸਿੰਘ ਅਤੇ ਹਰਪਾਲ ਸਿੰਘ ਉਰਫ ਭਾਲੂ ਪੁੱਤਰ ਰਣਧੀਰ ਸਿੰਘ ਦੋਵੇਂ ਵਾਸੀ ਪਿੰਡ ਅਗਵਾਨ (ਗੁਰਦਾਸਪੁਰ) ਦੇ ਰੂਪ 'ਚ ਹੋਈ ਹੈ। 

ਐੱਸ. ਐੱਸ ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਐੱਸ. ਪੀ. ਹੈੱਡਕੁਆਰਟਰ ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ 'ਚ ਦਿਹਾਤੀ ਸੀ. ਆਈ. ਏ. ਇੰਚਾਰਜ ਸ਼ਿਵ ਕੁਮਾਰ ਦੀ ਪਾਰਟੀ 'ਚ ਤਾਇਨਾਤ ਏ. ਐੱਸ. ਆਈ. ਗੁਰਵਿੰਦਰ ਸਿੰਘ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ, ਜਦੋਂ ਉਹ ਕਰਤਾਰਪੁਰ ਮੋੜ ਕੋਲ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਨਸ਼ਾ ਤਸਕਰ ਕਰਤਾਰਪੁਰ ਸਿਨੇਮਾ ਚੌਕ ਕੋਲ ਨਸ਼ੇ ਵਾਲੀਆਂ ਗੋਲੀਆਂ ਅਤੇ ਕੈਪਸੂਲ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਹਨ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 23440 ਨਸ਼ੇ ਵਾਲੀਆਂ ਗੋਲੀਆਂ ਅਤੇ 6000 ਕੈਪਸੂਲ ਬਰਾਮਦ ਕਰ ਲਏ ਹਨ।

ਕਲਾਨੌਰ ਦੀਆਂ ਮੰਡੀਆਂ 'ਚ ਕੰਮ ਕਰਦੇ ਪਈ ਨਸ਼ੇ ਦੀ ਆਦਤ 
ਬੇਟੇ ਦੀ ਗ੍ਰਿਫਤਾਰੀ ਦੀ ਸੂਚਨਾ ਪਾ ਕੇ ਥਾਣੇ ਪਹੁੰਚੇ ਵੀਰੂ ਦੇ ਪਿਤਾ ਨੇ ਦੱਸਿਆ ਕਿ ਅਕਾਲੀ ਸਰਕਾਰ ਦੇ ਸਮੇਂ ਉਨ੍ਹਾਂ ਦਾ ਬੇਟਾ ਵਧੀਆ ਕਬੱਡੀ ਖਿਡਾਰੀ ਸੀ ਅਤੇ ਭਾਰਤੀ ਟੀਮ 'ਚ ਸ਼ਾਮਲ ਸੀ। ਉਸ ਨੇ ਆਪਣੇ ਖੇਡ ਜ਼ਰੀਏ ਪਾਕਿਸਤਾਨ ਨੂੰ ਹਰਾਇਆ ਸੀ। ਪੁਲਸ ਦੀ ਪੁੱਛਗਿੱਛ 'ਚ ਵੀਰੂ ਨੇ ਦੱਸਿਆ ਕਿ ਉਹ ਕਬੱਡੀ ਛੱਡਣ ਤੋਂ ਬਾਅਦ ਕਲਾਨੌਰ 'ਚ ਮੰਡੀਆਂ ਦਾ ਕੰਮ ਕਰਦਾ ਸੀ। ਇਸ ਦੌਰਾਨ ਉਸ ਨੂੰ ਨਸ਼ਾ ਕਰਨ ਦੀ ਆਦਤ ਪੈ ਗਈ। ਉਹ ਕੰਮ ਦੇ ਸਿਲਸਿਲੇ 'ਚ ਪਾਨੀਪਤ ਗਿਆ ਸੀ, ਜਿੱਥੇ ਟਰੱਕ ਡਰਾਈਵਰ ਦੇ ਜ਼ਰੀਏ ਉਹ ਨਸ਼ਾ ਤਸਕਰ ਨੂੰ ਮਿਲਿਆ। ਉਕਤ ਤਸਕਰ ਤੋਂ ਉਹ ਮੈਡੀਕਲ ਨਸ਼ੇ ਦੇ ਖੇਪ ਖਰੀਦ ਕੇ ਕਲਾਨੌਰ 'ਚ ਮਜ਼ਦੂਰਾਂ ਨੂੰ ਵੇਚਣ ਲੱਗਾ। ਉਥੇ ਹੀ ਦੂਜੇ ਮੁਲਜ਼ਮ ਭਾਲੂ 'ਤੇ ਪਹਿਲਾਂ ਵੀ ਚਾਰ ਕੇਸ ਨਸ਼ਾ ਤਸਕਰੀ ਅਤੇ ਕੁੱਟਮਾਰ ਦੇ ਦਰਜ ਹਨ।


author

shivani attri

Content Editor

Related News