ਨਿਗਮ ਨੇ ਬਾਇਓਮਾਈਨਿੰਗ ਪਲਾਂਟ ਲਈ ਵਰਿਆਣਾ ''ਚ 4 ਏਕੜ ਜ਼ਮੀਨ ਖਰੀਦੀ

01/08/2020 2:06:28 PM

ਜਲੰਧਰ (ਖੁਰਾਣਾ)— ਨਗਰ ਨਿਗਮ ਨੇ ਸ਼ਹਿਰ ਦੇ ਕੂੜੇ ਨੂੰ ਮੈਨੇਜ ਕਰਨ ਲਈ ਪਿਛਲੇ ਕਈ ਮਹੀਨਿਆਂ ਤੋਂ ਜੋ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ, ਉਨ੍ਹਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਜੇਕਰ ਸਭ ਕੁਝ ਠੀਕ ਰਿਹਾ ਤਾਂ ਜਲਦੀ ਹੀ ਵਰਿਆਣਾ ਡੰਪ 'ਚ ਬਾਇਓਮਾਈਨਿੰਗ ਪਲਾਂਟ ਸ਼ੁਰੂ ਹੋ ਸਕਦਾ ਹੈ। ਨਗਰ ਨਿਗਮ ਪ੍ਰਸ਼ਾਸਨ ਨੇ ਇਸ ਪਲਾਂਟ ਲਈ 4 ਏਕੜ ਤੋਂ ਵੱਧ ਜ਼ਮੀਨ ਖਰੀਦ ਲਈ ਹੈ, ਜਿਸ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਜ਼ਮੀਨ ਲਗਭਗ 88 ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦੀ ਗਈ ਹੈ।

ਡ੍ਰੋਨ ਸਰਵੇ 'ਚ 7 ਲੱਖ ਟਨ ਕੂੜੇ ਦਾ ਪਤਾ ਲੱਗਾ

ਪਲਾਂਟ ਲਾਏ ਜਾਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਸਬੰਧਤ ਕੰਪਨੀ ਨੇ ਸ਼ਹਿਰ ਦੇ ਮੁੱਖ ਡੰਪ ਵਰਿਆਣਾ ਦਾ ਡ੍ਰੋਨ ਸਰਵੇ ਕਰਵਾਇਆ ਸੀ, ਜਿਸ 'ਚ 7 ਲੱਖ ਟਨ ਪੁਰਾਣੇ ਕੂੜੇ ਦਾ ਅਨੁਮਾਨ ਲਾਇਆ ਗਿਆ ਹੈ। ਉਥੇ ਕੂੜੇ ਦੇ ਵੱਡੇ-ਵੱਡੇ ਪਹਾੜ ਬਣੇ ਹੋਏ ਹਨ ਅਤੇ ਇਸ ਕੂੜੇ ਨੂੰ ਪਿਛਲੇ ਲਗਭਗ 20 ਸਾਲਾਂ ਤੋਂ ਪ੍ਰੋਸੈੱਸ ਹੀ ਨਹੀਂ ਕੀਤਾ ਿਗਆ। ਇਸ ਸਰਵੇ ਤੋਂ ਬਾਅਦ ਹੀ ਬਾਇਓਮਾਈਨਿੰਗ ਪ੍ਰਾਜੈਕਟ ਦੇ ਤਹਿਤ 7 ਲੱਖ ਟਨ ਕੂੜੇ ਦੀ ਪ੍ਰੋਸੈਸਿੰਗ ਦਾ ਟੈਂਡਰ ਫਲੋਟ ਕੀਤਾ ਗਿਆ, ਜੋ 9 ਜਨਵਰੀ ਨੂੰ ਖੁੱਲ੍ਹਣ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਕਈ ਕੰਪਨੀਆਂ ਵਿਚ ਜਲੰਧਰ ਨੇ ਬਾਇਓਮਾਈਨਿੰਗ ਪ੍ਰਾਜੈਕਟ ਲਾਉਣ 'ਚ ਦਿਲਚਸਪੀ ਦਿਖਾਈ ਹੈ।

ਵਰਿਆਣਾ ਡੰਪ 'ਤੇ ਬਣ ਸਕਦਾ ਹੈ ਫੁੱਟਬਾਲ ਦਾ ਮੈਦਾਨ
ਬਾਇਓਮਾਈਨਿੰਗ ਪਲਾਂਟ ਲਾਉਣ ਵਾਲੀਆਂ ਕੰਪਨੀਆਂ ਅਤੇ ਸਰਵੇਖਣ ਵਿਚ ਸ਼ਾਮਲ ਟੀਮ ਦਾ ਦਾਅਵਾ ਹੈ ਕਿ ਕੂੜੇ ਦੇ ਡੰਪ 'ਤੇ ਲੱਗਣ ਜਾ ਰਿਹਾ ਬਾਇਓਮਾਈਨਿੰਗ ਪਲਾਂਟ ਆਧੁਨਿਕ ਟੈਕਨਾਲੋਜੀ ਨਾਲ ਲੈਸ ਹੋਣ ਕਾਰਣ ਜ਼ੀਰੋ ਫੀਸਦੀ ਰਿਜੈਕਸ਼ਨ ਵਾਲਾ ਹੈ, ਭਾਵ ਕੂੜੇ ਦੇ ਇਕ-ਇਕ ਕਣ ਨੂੰ ਵਰਤੋਂ 'ਚ ਿਲਆਂਦਾ ਜਾਵੇਗਾ। ਕੂੜੇ ਨੂੰ ਛਾਣਨ ਤੋਂ ਬਾਅਦ ਉਸ ਵਿਚ ਸ਼ਾਮਲ ਕਈ ਤਰ੍ਹਾਂ ਦੇ ਮਟੀਰੀਅਲ ਨੂੰ ਵੱਖ-ਵੱਖ ਕੀਤਾ ਜਾਵੇਗਾ। ਪਲਾਸਟਿਕ ਅਤੇ ਕੱਪੜੇ ਆਦਿ ਨੂੰ ਸੀਮੈਂਟ ਅਤੇ ਪਾਵਰ ਪਲਾਂਟਾਂ ਵਿਚ ਬਾਲਣ ਲਈ ਭੇਜ ਦਿੱਤਾ ਜਾਵੇਗਾ। ਜਦੋਂਕਿ ਕੰਸਟਰੱਕਸ਼ਨ ਮਟੀਰੀਅਲ ਨੂੰ ਵੀ ਰੀ-ਯੂਜ਼ ਕੀਤਾ ਜਾਵੇਗਾ। ਕੱਚ, ਰਬੜ, ਲੋਹਾ, ਲੱਕੜੀ ਅਤੇ ਹੋਰ ਆਈਟਮਾਂ ਨੂੰ ਰੀ-ਸਾਈਕਲ ਪ੍ਰਕਿਰਿਆ 'ਚ ਲਿਆਂਦਾ ਜਾਵੇਗਾ। ਬਾਕੀ ਬਚਦੀ ਮਿੱਟੀ ਨੂੰ ਖਾਦ ਦੇ ਤੌਰ 'ਤੇ ਵਰਤਿਆ ਜਾ ਸਕੇਗਾ। ਕੰਪਨੀ ਦੇ ਨੁਮਾਇੰਦਿਆਂ ਦਾ ਦਾਅਵਾ ਹੈ ਿਕ ਕੂੜੇ ਦਾ ਇਕ-ਇਕ ਕਣ ਵਰਤੇ ਜਾਣ ਤੋਂ ਬਾਅਦ ਗਰਾਊਂਡ ਲੈਵਲ 'ਤੇ ਕੂੜਾ ਬਿਲਕੁਲ ਖਤਮ ਕਰਕੇ ਵਰਿਆਣਾ ਡੰਪ 'ਤੇ ਫੁੱਟਬਾਲ ਦਾ ਮੈਦਾਨ ਬਣ ਸਕਦਾ ਹੈ।

ਪੰਜਾਬ 'ਚ ਪਹਿਲਾ ਪ੍ਰਾਜੈਕਟ ਹੋਵੇਗਾ
ਪਿਛਲੇ ਕੁਝ ਸਮੇਂ ਦੌਰਾਨ ਇਸ ਤਰ੍ਹਾਂ ਦੇ ਬਾਇਓਮਾਈਨਿੰਗ ਪ੍ਰਾਜੈਕਟ ਔਖਲਾ (ਦਿੱਲੀ), ਅਹਿਮਦਾਬਾਦ, ਭੋਪਾਲ, ਇੰਦੌਰ ਅਤੇ ਦੱਖਣੀ ਭਾਰਤ ਦੇ ਕਈ ਸ਼ਹਿਰਾਂ ਵਿਚ ਲੱਗ ਚੁੱਕੇ ਹਨ ਅਤੇ ਸਫਲਤਾ ਨਾਲ ਕੰਮ ਵੀ ਕਰ ਰਹੇ ਹਨ। ਪੰਜਾਬ 'ਚ ਪਹਿਲਾ ਪਾਇਲਟ ਪ੍ਰਾਜੈਕਟ ਲੱਗਣ ਜਾ ਰਿਹਾ ਹੈ ਜੋ ਸਮਾਰਟ ਸਿਟੀ ਦੇ ਪੈਸਿਆਂ ਨਾਲ ਲੱਗੇਗਾ ਅਤੇ ਪ੍ਰਾਜੈਕਟ 'ਤੇ ਕੁਲ ਲਾਗਤ ਕਰੀਬ 60 ਕਰੋੜ ਰੁਪਏ ਆਵੇਗੀ।


shivani attri

Content Editor

Related News