ਸ਼ਰਮਨਾਕ! ਇਕ ਹਫ਼ਤੇ ਦੌਰਾਨ ਜਲੰਧਰ 'ਚ ਵਾਪਰੀਆਂ ਕਰੀਬ 4 ਜਬਰ-ਜ਼ਿਨਾਹ ਦੀਆਂ ਘਟਨਾਵਾਂ
Friday, Nov 28, 2025 - 07:07 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਵਿਚ ਜਬਰ-ਜ਼ਿਨਾਹ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਰਕੇ ਲੋਕਾਂ ਵਿਚ ਬੇਹੱਦ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਲੰਧਰ ਵਰਗੇ ਮਹਾਨਗਰ ਵਿਚ ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਗੈਂਗਰੇਪ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਨਾਲ ਸ਼ਹਿਰ ਵਿੱਚ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਹੀ ਮਾਪੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਿਚ ਵੀ ਹਨ। ਲਗਾਤਾਰ ਵਾਪਰ ਰਹੀਆਂ ਇਨ੍ਹਾਂ ਦਰਦਨਾਕ ਘਟਨਾਵਾਂ ਨੇ ਨਾ ਸਿਰਫ਼ ਕਾਨੂੰਨ-ਵਿਵਸਥਾ ’ਤੇ ਸਵਾਲ ਖੜ੍ਹੇ ਕੀਤਾ ਹੈ, ਸਗੋਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਵੀ ਵਧਾ ਦਿੱਤੀ ਹੈ। ਪੁਲਸ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ ਪਰ ਸ਼ਹਿਰ ਦੇ ਲੋਕਾਂ ਵਿਚਾਲੇ ਬੇਚੈਨੀ ਅਤੇ ਅਸੁਰੱਖਿਆ ਦੀ ਭਾਵਨਾ ਵਧਦੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਘਟਨਾ: ਕੁੜੀ ਨਾਲ ਜ਼ਬਰ-ਜਨਾਹ ਤੋਂ ਬਾਅਦ ਕਤਲ, ਬਾਥਰੂਮ ਚੋਂ ਮਿਲੀ ਲਾਸ਼
ਜਲੰਧਰ ਵਿਖੇ ਬਸਤੀ ਬਾਵਾ ਖੇਲ ਅਧੀਨ ਆਉਂਦੇ ਇਕ ਇਲਾਕੇ ਵਿਚ 22 ਨਵੰਬਰ ਦਾ ਦਿਨ 13 ਸਾਲਾ ਬੱਚੀ ਲਈ ਕਾਲ ਬਣ ਕੇ ਆਇਆ। 8ਵੀਂ ਜਮਾਤ ਵਿਚ ਪੜ੍ਹਦੀ ਕੁੜੀ ਨਾਲ ਪਹਿਲਾਂ ਗੁਆਂਢ 'ਚ ਰਹਿਣ ਵਾਲੀ ਸਹੇਲੀ ਦੇ ਪਿਤਾ ਨੇ ਜਬਰ-ਜ਼ਿਨਾਹ ਕੀਤਾ ਅਤੇ ਫਿਰ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਕਤ ਕੁੜੀ ਦੀ ਲਾਸ਼ ਮੁਲਜ਼ਮ ਦੇ ਘਰੋਂ ਬਾਥਰੂਮ ਵਿਚੋਂ ਬਰਾਮਦ ਹੋਈ। ਇਹ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਜਬਰ-ਜ਼ਿਨਾਹ ਵਰਗੀ ਇਕ ਹੋਰ ਘਟਨਾ ਵਾਪਰ ਗਈ।
ਇਹ ਵੀ ਪੜ੍ਹੋ: ACP ਤੇ SHO ਧਮਕਾ ਰਹੇ, ਸਾਡੀ ਜਾਨ ਨੂੰ ਖ਼ਤਰਾ! ਜਲੰਧਰ 'ਚ ਰੇਪ ਮਗਰੋਂ ਕਤਲ ਕੀਤੀ ਕੁੜੀ ਦੀ ਮਾਂ ਨੇ ਲਾਏ ਦੋਸ਼
ਸੈਲੂਨ ਦੇ ਨਾਂ 'ਤੇ ਚਲਾਏ ਜਾ ਰਹੇ ਸਪਾ ਸੈਂਟਰ ਵਿਚ ਤਲਾਕਸ਼ੁਦਾ ਔਰਤ ਨਾਲ ਗੈਂਗਰੇਪ
ਜਲੰਧਰ ਸ਼ਹਿਰ ਦੇ ਛੋਟੀ ਬਾਰਾਦਰੀ ਦੇ ਇਕ ਇਲਾਕੇ ਵਿਚ ਬੀਤੇ ਦਿਨੀਂ ਸੈਲੂਨ ਦੇ ਨਾਂ 'ਤੇ ਚਲਾਏ ਜਾ ਰਹੇ ਸਪਾ ਸੈਂਟਰ ਵਿਚ ਤਲਾਕਸ਼ੁਦਾ ਔਰਤ ਨਾਲ ਗੈਂਗਰੇਪ ਕਰ ਦਿੱਤਾ ਗਿਆ। ਜਿਵੇਂ ਹੀ ਮਾਮਲਾ ਪੁਲਸ ਤਕ ਪਹੁੰਚਿਆ ਤਾਂ ਥਾਣਾ ਨੰਬਰ 7 ਦੀ ਪੁਲਸ ਨੇ ਔਰਤ ਦੇ ਬਿਆਨ ਦਰਜ ਕਰਕੇ ਸੈਲੂਨ ਦੇ ਮਾਲਕ ਅਤੇ ਉਸ ਦੇ 2 ਸਾਥੀਆਂ ਖ਼ਿਲਾਫ਼ ਜਬਰ-ਜ਼ਿਨਾਹ ਕਰਨ ਦਾ ਕੇਸ ਦਰਜ ਕਰ ਲਿਆ। ਫਿਲਹਾਲ ਸਾਰੇ ਮੁਲਜ਼ਮ ਫ਼ਰਾਰ ਚੱਲ ਰਹੇ ਹਨ, ਜਿਨ੍ਹਾਂ ਦੀ ਭਾਲ ਵਿਚ ਪੁਲਸ ਰੇਡ ਕਰ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ ਵਿਚ ਫਿਰ ਸ਼ਰਮਨਾਕ ਘਟਨਾ ! ਹੁਣ ਗੈਂਗਰੇਪ ਦਾ ਸ਼ਿਕਾਰ ਹੋਈ ਔਰਤ
ਕਿਸ਼ਨਗੜ੍ਹ 'ਚ ਵਿਦਿਆਰਥਣ ਨਾਲ ਕੀਤੀ ਗਈ ਛੇੜਛਾੜ
ਕਿਸ਼ਨਗੜ੍ਹ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਇਕ ਪਿੰਡ ਵਿੱਚ ਇਕ ਸੀਨੀਅਰ ਸੈਕੰਡਰੀ ਸਕੂਲ ਦੇ ਡਿਪਟੀ ਸੁਪਰਡੈਂਟ ਨੇ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਛੇੜਛਾੜ ਕੀਤੀ। ਲੜਕੀ ਨੇ ਰੌਲਾ ਪਾਇਆ ਅਤੇ ਆਪਣੀ ਜਾਨ ਬਚਾਈ। ਫਿਰ ਉਸ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਉਸ ਦੇ ਪਰਿਵਾਰ ਨੂੰ ਘਟਨਾ ਬਾਰੇ ਸੂਚਿਤ ਕੀਤਾ। ਲੜਕੀ ਦੇ ਪਿਤਾ ਦੇ ਬਿਆਨ ਦੇ ਆਧਾਰ 'ਤੇ, ਪੁਲਸ ਨੇ ਆਈ. ਪੀ. ਸੀ. ਦੀ ਧਾਰਾ 74, 75, 351 (2), 8 ਅਤੇ 10 ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਇੱਕ ਹੋਰ ਸ਼ਰਮਨਾਕ ਘਟਨਾ! ਸਕੂਲ 'ਚ ਕੁੜੀ ਨਾਲ ਕੀਤੀ ਗੰਦੀ ਹਰਕਤ
ਲੋਹੀਆਂ ਵਿਖੇ ਮਾਂ-ਨਾਲ ਹੋਇਆ ਗੈਂਗਰੇਪ
ਤਾਜ਼ਾ ਮਾਮਲਾ ਫਿਰ ਤੋਂ ਜਲੰਧਰ ਦੇ ਲੋਹੀਆਂ ਤੋਂ ਸਾਹਮਣੇ ਆਇਆ। ਲੋਹੀਆਂ ਇਕ ਪਿੰਡ ਦੇ ਖੇਤਾਂ ’ਤੇ ਲੱਗੀ ਮੋਟਰ ’ਤੇ ਰਹਿੰਦੀ ਮਾਂ ਅਤੇ ਧੀ ਨਾਲ ਗੈਂਗਰੇਪ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਰੇਪ ਬੀਤੇ ਐਤਵਾਰ ਦੀ ਰਾਤ ਨੂੰ ਹੋਇਆ ਅਤੇ ਸਾਰੇ ਦੋਸ਼ੀ ਘਟਨਾ ਨੂੰ ਅੰਜਾਮ ਦੇ ਕੇ ਭੱਜਣ ’ਚ ਸਫ਼ਲ ਰਹੇ ਜਦਕਿ ਸੂਤਰਾਂ ਅਨੁਸਾਰ 4 ਵਿਅਕਤੀਆਂ ਵੱਲੋਂ ਇਹ ਘਿਨੌਣਾ ਕਾਰਾ ਕੀਤਾ ਗਿਆ ਜਦਕਿ ਭਾਰੀ ਪੁਲਸ ਪੁਲਸ ਡੀ. ਐੱਸ. ਪੀ. ਓਂਕਾਰ ਬਰਾੜ ਦੀ ਅਗਵਾਈ ’ਚ ਉਸ ਦਿਨ ਤੋਂ ਹੀ ਡੇਰਾ ਲਗਾ ਕੇ ਬੈਠਾ ਹੈ ਤਾਂ ਕਿ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਸਕੇ। ਭਾਵੇਂ ਕਿ ਅੱਜ ਡੀ. ਐੱਸ. ਪੀ. ਬਰਾੜ ਅਤੇ ਥਾਣਾ ਮੁਖੀ ਲੋਹੀਆਂ ਨੇ ਇਸ ਗੱਲ ਨੂੰ ਮੰਨਿਆ ਕਿ ਪਿੰਡ ਕੰਗ ਕਲਾਂ ਵਿਖੇ ਗੈਂਗਰੇਪ ਹੋਇਆ ਹੈ ਅਤੇ ਇਸ ਸਬੰਧੀ ਐੱਫ਼. ਆਈ. ਆਰ. ਵੀ ਦਰਜ ਕਰ ਲਈ ਗਈ ਹੈ। ਲਗਾਤਾਰ ਜਲੰਧਰ ਵਰਗੇ ਮਹਾਨਗਰ ਵਿਚ ਵਾਪਰ ਰਹੀਆਂ ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੇ ਹਰ ਇਕ ਦਾ ਹਿਰਦੇ ਵਲੂੰਧਰ ਕੇ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ! ਫਿਰ ਤੋਂ ਜਲੰਧਰ ਵਿਖੇ ਰੂਹ ਕੰਬਾਊ ਘਟਨਾ, 4 ਵਿਅਕਤੀਆਂ ਵੱਲੋਂ ਮਾਂ-ਧੀ ਨਾਲ ਗੈਂਗਰੇਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
