ਡੰਪ ਨੂੰ ਲੈ ਕੇ ਦਿੱਤਾ ਧਰਨਾ ਕਿਤੇ ਕਾਂਗਰਸੀ ਕੌਂਸਲਰਾਂ ਨੂੰ ਮਹਿੰਗਾ ਨਾ ਪੈ ਜਾਵੇ

08/21/2019 3:46:10 PM

ਜਲੰਧਰ (ਖੁਰਾਣਾ)— ਪੰਜਾਬ ਕਾਂਗਰਸ ਅਤੇ ਨਗਰ ਨਿਗਮ 'ਚ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਸੀਨੀਅਰ ਕਾਂਗਰਸੀ ਕੌਂਸਲਰ ਬਲਰਾਜ ਠਾਕੁਰ (ਜੋ ਇਸ ਵਾਰ ਮੇਅਰ ਅਹੁਦੇ ਦੇ ਉਮੀਦਵਾਰ ਵੀ ਸਨ) ਦੀ ਅਗਵਾਈ 'ਚ ਬੀਤੇ ਦਿਨ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਸਾਹਮਣੇ ਬਣੇ ਕੂੜੇ ਦੇ ਡੰਪ 'ਤੇ ਧਰਨਾ ਦਿੱਤਾ ਗਿਆ, ਜਿਸ 'ਚ 4 ਹੋਰ ਕਾਂਗਰਸੀ ਕੌਂਸਲਰਾਂ ਹਰਸ਼ਰਨ ਕੌਰ ਹੈਪੀ, ਅਰੁਣਾ ਅਰੋੜਾ, ਡਾ. ਜਸਲੀਨ ਸੇਠੀ ਅਤੇ ਰੋਹਨ ਸਹਿਗਲ ਆਦਿ ਨੇ ਵੀ ਹਿੱਸਾ ਲਿਆ। ਹੋਰ ਤਾਂ ਹੋਰ ਇਸ ਧਰਨੇ ਨੂੰ ਛਾਉਣੀ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਵੀ ਸੰਬੋਧਨ ਕੀਤਾ ਤੇ ਕਾਂਗਰਸੀ ਮੇਅਰ ਅਤੇ ਨਗਰ ਨਿਗਮ ਦੀ ਕਾਰਜ ਪ੍ਰਣਾਲੀ 'ਤੇ ਜ਼ੋਰਦਾਰ ਹਮਲਾ ਬੋਲਿਆ।
ਸਿਆਸੀ ਤੌਰ 'ਤੇ ਇਸ ਧਰਨੇ ਦੇ ਕੀ ਨਤੀਜੇ ਨਿਕਲ ਕੇ ਸਾਹਮਣੇ ਆਉਂਦੇ ਹਨ ਇਹ ਤਾਂ ਦੇਖਣ ਵਾਲੀ ਗੱਲ ਹੋਵੇਗੀ ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਕਿਤੇ ਇਹ ਧਰਨਾ ਕਾਂਗਰਸੀ ਕੌਂਸਲਰਾਂ ਨੂੰ ਮਹਿੰਗਾ ਨਾ ਪੈ ਜਾਵੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬੀਤੇ ਦਿਨ ਨਗਰ ਨਿਗਮ ਨੇ ਸ਼ਮਸ਼ਾਨਘਾਟ ਦੇ ਸਾਹਮਣੇ ਵਾਲੇ ਡੰਪ ਨੂੰ ਬਿਲਕੁਲ ਸਾਫ ਰੱਖਿਆ ਤੇ ਉਥੇ ਕਿਸੇ ਨੂੰ ਕੂੜਾ ਨਹੀਂ ਸੁੱਟਣ ਦਿੱਤਾ ਗਿਆ, ਜਿਸ ਕਾਰਨ ਡੰਪ ਦੇ ਆਲੇ-ਦੁਆਲੇ ਸਥਿਤ 5-6 ਵਾਰਡਾਂ ਦੀਆਂ ਦਰਜਨਾਂ ਪਾਸ਼ ਕਾਲੋਨੀਆਂ ਦੇ ਹਜ਼ਾਰਾਂ ਘਰਾਂ 'ਚੋਂ ਬੀਤੇ ਦਿਨ ਕੂੜੇ ਦੀ ਲਿਫਟਿੰਗ ਹੀ ਨਹੀਂ ਹੋਈ। ਅਜਿਹਾ ਇਸ ਲਈ ਕਿਉਂਕਿ ਘਰਾਂ 'ਚੋਂ ਕੂੜਾ ਚੁੱਕ ਕੇ ਕਿੱਥੇ ਸੁੱਟਿਆ ਜਾਣਾ ਸੀ, ਇਸ ਦੀ ਥਾਂ ਹੀ ਨਿਰਧਾਰਿਤ ਨਹੀਂ ਹੋ ਸਕੀ ਸੀ। ਜਿਨ੍ਹਾਂ ਕੌਂਸਲਰਾਂ ਦੇ ਵਾਰਡਾਂ 'ਚ ਆਉਂਦੀਆਂ ਰਿਹਾਇਸ਼ੀ ਕਾਲੋਨੀਆਂ ਦੇ ਘਰਾਂ ਵਿਚੋਂ ਬੀਤੇ ਦਿਨ ਕੂੜਾ ਨਹੀਂ ਚੁੱਕਿਆ ਗਿਆ, ਉਨ੍ਹਾਂ 'ਚ ਕੌਂਸਲਰ ਬਲਰਾਜ ਠਾਕੁਰ, ਹਰਸ਼ਰਨ ਕੌਰ ਹੈਪੀ, ਅਰੁਣਾ ਅਰੋੜਾ, ਰੋਹਨ ਸਹਿਗਲ ਅਤੇ ਪਵਨ ਕੁਮਾਰ ਆਦਿ ਮੁੱਖ ਹਨ।

ਕੀ ਕਹਿੰਦੇ ਹਨ ਧਰਨਾ ਦੇਣ ਵਾਲੇ ਕੌਂਸਲਰ
ਸ਼ਮਸ਼ਾਨਘਾਟ ਦੇ ਸਾਹਮਣੇ ਬਣੇ ਡੰਪ ਨੂੰ ਧਰਨਾ ਦੇ ਕੇ ਬੰਦ ਕਰਵਾਉਣ ਵਾਲੇ ਕਾਂਗਰਸੀ ਕੌਂਸਲਰ ਹੁਣ ਆਪਣੇ-ਆਪਣੇ ਵਾਰਡਾਂ 'ਚ ਕੂੜੇ ਦਾ ਨਵਾਂ ਡੰਪ ਬਣਾਉਣ ਲਈ ਜਗ੍ਹਾ ਲੱਭਣ 'ਚ ਲੱਗ ਗਏ ਹਨ। ਆਓ ਤੁਹਾਨੂੰ ਦੱਸਦੇ ਹਨ ਕਿ ਇਨ੍ਹਾਂ ਕੌਂਸਲਰਾਂ ਦੀ ਨਵੀਂ ਸਕੀਮ ਕੀ ਹੈ। 
ਮੇਰੇ ਵਾਰਡ ਦੀਆਂ ਜ਼ਿਆਦਾਤਰ ਕਾਲੋਨੀਆਂ ਵਿਚ ਕੂੜੇ ਦੀ ਲਿਫਟਿੰਗ ਨਹੀਂ ਹੋਈ। ਮੈਂ ਨਿਗਮ ਦੇ ਹੈਲਥ ਆਫੀਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਨੂੰ ਬੁਲਾ ਕੇ ਵਾਰਡ ਦੀ ਕੂੜਾ ਸੁੱਟਣ ਲਈ ਨਵੀਂ ਥਾਂ ਦਿਖਾ ਦਿੱਤੀ ਹੈ, ਜੋ ਮਿੱਠਾਪੁਰ ਪਿੰਡ ਵਿਚ ਸਥਿਤ ਹੈ। ਉਥੇ ਵਾਰਡ ਦਾ ਕੂੜਾ ਜਾਵੇਗਾ ਜਿਸ ਨੂੰ ਨਿਗਮ ਲਿਫਟ ਕਰ ਕੇ ਸਿੱਧਾ ਵਰਿਆਣਾ ਲਿਜਾਇਆ ਜਾਵੇਗਾ। ਮਿੱਠਾਪੁਰ ਵਿਚ ਹੀ ਡਾ. ਸ਼੍ਰੀ ਕ੍ਰਿਸ਼ਨ ਨੂੰ ਕੂੜਾ ਸੁੱਟਣ ਲਈ ਦੋ ਥਾਵਾਂ ਦਿਖਾ ਦਿੱਤੀਆਂ ਗਈਆਂ ਹਨ।-ਕੌਂਸਲਰ ਬਲਰਾਜ ਠਾਕੁਰ

ਮੇਰੇ ਵਾਰਡ ਦੇ ਤਹਿਤ ਆਉਂਦੀਆਂ ਕਾਲੋਨੀਆਂ ਦੇ ਘਰਾਂ ਵਿਚੋਂ ਵੀ ਕੂੜਾ ਨਹੀਂ ਚੁੱਕਿਆ ਗਿਆ। ਮੇਰੇ ਵਾਰਡ 'ਚ ਕੂੜੇ ਦਾ ਕਈ ਡੰਪ ਨਹੀਂ ਹੈ ਪਰ ਨਿਗਮ ਪ੍ਰਸ਼ਾਸਨ ਦੀ ਮਦਦ ਨਾਲ ਅਜਿਹੀ ਥਾਂ ਲੱਭੇਗੀ ਜਾਵੇਗੀ ਜੋ ਨਿਗਮ ਦੀ ਪ੍ਰਾਪਰਟੀ ਹੋਵੇ। ਅਜਿਹਾ ਇੰਤਜ਼ਾਮ ਹੋਣ ਤੱਕ ਲੋਕਾਂ ਨੂੰ ਮੁਸ਼ਕਲ ਨਾ ਆਵੇ, ਇਸ ਲਈ ਕੌਂਸਲਰ ਬਲਰਾਜ ਠਾਕੁਰ ਦਾ ਸਹਿਯੋਗ ਲੈ ਕੇ ਮਿੱਠਾਪੁਰ ਇਲਾਕੇ ਵਿਚ ਹੀ ਕੁਝ ਸਮੇਂ ਲਈ ਕੂੜਾ ਸੁੱਟਣ ਦਾ ਇੰਤਜ਼ਾਮ ਕੀਤਾ ਜਾਵੇਗਾ।-ਹਰਸ਼ਰਨ ਕੌਰ ਹੈਪੀ

ਮੇਰੇ ਵਾਰਡ ਦੀਆਂ ਕਾਲੋਨੀਆਂ ਵਿਚ ਵੀ ਅੱਜ ਕੂੜੇ ਦੀ ਲਿਫਟਿੰਗ ਨਹੀਂ ਹੋਈ। ਮੇਰੇ ਵਾਰਡ ਵਿਚ ਵੀ ਕੂੜੇ ਦਾ ਕੋਈ ਡੰਪ ਨਹੀਂ ਹੈ ਤੇ ਨਾ ਹੀ ਕਿਤੇ ਬਣ ਸਕਦਾ ਹੈ। ਫਿਰ ਵੀ ਸੋਸਾਇਟੀ ਦੇ ਨੁਮਾਇੰਦਿਆਂ ਨਾਲ ਸਲਾਹ ਕਰ ਕੇ ਵਾਰਡ ਵਿਚ ਇਕ ਥਾਂ 'ਤੇ ਪ੍ਰਾਈਵੇਟ ਟਰਾਲੀ ਖੜ੍ਹੀ ਕੀਤੀ ਜਾਵੇਗੀ, ਜਿਥੇ ਸਾਰੀਆਂ ਰੇਹੜੀਆਂ ਵਾਲੇ ਆ ਕੇ ਕੂੜਾ ਸੁੱਟਣਗੇ ਤੇ ਉਹ ਟਰਾਲੀ ਸਿੱਧਾ ਵਰਿਆਣਾ ਪਲਾਂਟ ਜਾਵੇਗੀ।-ਅਰੁਣਾ ਅਰੋੜਾ

ਮੈਂ ਆਪਣੇ ਵਾਰਡ ਦਾ ਕੂੜਾ ਸੁੱਟਣ ਲਈ ਰੇਲਵੇ ਲਾਈਨ ਕੋਲ ਨਿਗਮ ਨੂੰ ਜਗ੍ਹਾ ਮੁਹੱਈਆ ਕਰਵਾ ਦਿੱਤੀ ਹੈ। ਮੇਰੇ ਵਾਰਡ ਦੀਆਂ ਕਈ ਕਾਲੋਨੀਆਂ ਵਿਚ ਕੂੜੇ ਦੀ ਲਿਫਟਿੰਗ ਦੀ ਸਮੱਸਿਆ ਆਈ ਪਰ ਹੁਣ ਸਾਰੇ ਰੇਹੜੇ ਵਾਲਿਆਂ ਨੂੰ ਨਵੇਂ ਡੰਪ 'ਤੇ ਵਾਰਡ ਦਾ ਕੂੜਾ ਬਿਲਕੁਲ ਨਹੀਂ ਸੁੱਟਣ ਦਿੱਤਾ ਜਾਵੇਗਾ ਅਤੇ ਡੇਲੀ ਲਿਫਟਿੰਗ ਦਾ ਪੱਕਾ ਇੰਤਜ਼ਾਮ ਕੀਤਾ ਜਾਵੇਗਾ।-ਰੋਹਨ ਸਹਿਗਲ

ਮੇਰੇ ਵਾਰਡ ਦੀਆਂ ਕਈ ਕਾਲੋਨੀਆਂ ਦੇ ਘਰਾਂ ਵਿਚੋਂ ਵੀ ਕੂੜਾ ਨਹੀਂ ਚੁੱਕ ਹੋਇਆ। ਮੇਰੇ ਵਾਰਡ ਵਿਚ ਕੂੜੇ ਦਾ ਕੋਈ ਡੰਪ ਨਹੀਂ ਹੈ। ਨਗਰ ਨਿਗਮ ਪ੍ਰਸ਼ਾਸਨ ਨੂੰ ਸਰਕਾਰੀ ਪ੍ਰਾਪਰਟੀ ਦਾ ਗਿਆਨ ਹੋਵੇਗਾ, ਇਸ ਲਈ ਨਿਗਮ ਨਾਲ ਮਿਲ ਕੇ ਕੂੜੇ ਦਾ ਇੰਤਜ਼ਾਮ ਕੀਤਾ ਜਾਵੇਗਾ।-ਪਵਨ ਕੁਮਾਰ


shivani attri

Content Editor

Related News