ਪਰਾਲੀ ਤੋਂ ਜ਼ਿਆਦਾ ਖਤਰਨਾਕ ਹੈ ਕੂੜਾ ਸਾੜਨਾ

11/7/2019 4:03:17 PM

ਜਲੰਧਰ (ਬੁਲੰਦ)— ਸ਼ਹਿਰ 'ਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਨੂੰ ਲੈ ਕੇ 'ਜਗ ਬਾਣੀ' ਨੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕਿਨ੍ਹਾਂ ਕਾਰਣਾਂ ਕਾਰਨ ਪ੍ਰਦੂਸ਼ਣ ਫੈਲਦਾ ਹੈ ਅਤੇ ਕਿਨ੍ਹਾਂ ਤਰੀਕਿਆਂ ਨਾਲ ਪ੍ਰਦੂਸ਼ਣ ਤੋਂ ਬਚਾਅ ਕੀਤਾ ਜਾ ਸਕਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸ਼ਹਿਰ 'ਚ ਪ੍ਰਦੂਸ਼ਣ ਨੂੰ ਰੋਕਣ ਵਾਲੇ ਵਿਭਾਗ ਲਾਪ੍ਰਵਾਹ ਵਿਖਾਈ ਦੇ ਰਹੇ ਹਨ। ਪ੍ਰਸ਼ਾਸਨ ਦਾ ਸਾਰਾ ਧਿਆਨ ਪਰਾਲੀ ਸਾੜਨ ਵਾਲਿਆਂ 'ਤੇ ਨੁਕੇਲ ਕੱਸਣ ਵੱਲ ਹੈ, ਜਿਸ ਤਹਿਤ ਸੈਂਕੜੇ ਕਿਸਾਨਾਂ ਉੱਪਰ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਨੇ ਪਰਾਲੀ ਸਾੜੀ ਹੈ। ਇਸ ਤਰ੍ਹਾਂ ਦੇ ਕਿਸਾਨਾਂ ਤੋਂ ਲੱਖਾਂ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ ਪਰ ਦੂਜੇ ਪਾਸੇ ਸ਼ਹਿਰ 'ਚ ਹਰ ਗਲੀ ਹਰ ਨੁੱਕਰ 'ਚ ਕੂੜੇ ਦੇ ਡੰਪ ਬਣੇ ਹੋਏ ਹਨ, ਜਿੱਥੇ ਸ਼ਰੇਆਮ ਕੂੜੇ ਨੂੰ ਅੱਗ ਲਾ ਕੇ ਸ਼ਹਿਰ 'ਚ ਗੰਦੇ ਧੂੰਏਂ ਨੂੰ ਫੈਲਾ ਕੇ ਨਾ ਸਿਰਫ ਵਾਤਾਵਰਣ ਵਿਚ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ, ਜਦਕਿ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ 'ਚ ਸ਼ਹਿਰ ਦੇ ਅਸਲ ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ ਹੈ। ਇਹ ਸਵਾਲ ਜ਼ਿਲਾ ਪ੍ਰਸ਼ਾਸਨ ਦੇ ਸਾਹਮਣੇ ਖੜ੍ਹਾ ਦਿਖਾਈ ਦੇ ਰਿਹਾ ਹੈ, ਜਿਸ ਦਾ ਜਵਾਬ ਕਿਸੇ ਕੋਲ ਨਹੀਂ ਹੈ। ਬੀਤੇ ਦਿਨ ਵੀ ਸਥਾਨਕ ਚੁਗਿੱਟੀ ਬਾਈਪਾਸ ਨਾਲ ਲਗਦੀ ਹਾਈਵੇਅ ਦੀ ਲਿੰਕ ਰੋਡ ਨਾਲ ਪਏ ਪਲਾਟਾਂ 'ਚ ਕੂੜੇ ਦੇ ਬਣੇ ਡੰਪ ਵਿਚ ਕਿਸੇ ਨੇ ਅੱਗ ਲਾਈ ਹੋਈ ਸੀ, ਜਿਸ ਨਾਲ ਸਾਰੇ ਇਲਾਕੇ ਵਿਚ ਕਈ ਘੰਟਿਆਂ ਤੱਕ ਕੂੜੇ ਦੇ ਸੜਨ ਕਾਰਣ ਗੰਦਾ ਧੂੰਆਂ ਫੈਲਦਾ ਰਿਹਾ। ਉਥੋਂ ਦੀ ਲੰਘਣ ਵਾਲੇ ਵਾਹਨਾਂ ਦੀ ਵਿਜ਼ੀਬਿਲਟੀ ਘੱਟ ਰਹੀ ਅਤੇ ਲੋਕਾਂ ਨੂੰ ਸਾਹ ਲੈਣ ਵਿਚ ਕਾਫੀ ਤਕਲੀਫ ਹੋਈ।

30 ਫੀਸਦੀ ਲੋਕ ਅਲਰਜੀ ਤੋਂ ਪ੍ਰਭਾਵਿਤ, ਬੱਚੇ, ਬਜ਼ੁਰਗਾਂ ਦਾ ਜਿਉੂਣਾ ਹੋਇਆ ਦੁੱਭਰ : ਡਾ. ਸੰਜੀਵ ਸ਼ਰਮਾ
ਮਾਮਲੇ ਬਾਰੇ ਈ. ਐੱਨ. ਟੀ. ਸਪੈਸ਼ਲਿਸਟ ਅਤੇ 'ਆਪ' ਪਾਰਟੀ ਜਲੰਧਰ ਦੇ ਨੇਤਾ ਡਾ. ਸੰਜੀਵ ਸ਼ਰਮਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਤਾਂ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਪੰਜਾਬ ਵਿਚ ਤਾਂ ਕਾਂਗਰਸ ਦੀ ਸਰਕਾਰ ਹੈ, ਉਹ ਕਿਉਂ ਨਹੀਂ ਆਪਣੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਤਰੀਕੇ ਲੱਭ ਸਕੀ, ਕਿਉਂ ਸੂਬੇ ਵਿਚ ਨਗਰ ਨਿਗਮਾਂ ਕੋਲ ਕੂੜੇ ਦਾ ਕੋਈ ਹੱਲ ਨਹੀਂ ਹੈ। ਡਾ. ਸ਼ਰਮਾ ਨੇ ਦੱਸਿਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਇਕ ਅਧਿਐਨ ਅਨੁਸਾਰ ਪਰਾਲੀ ਸਾੜਨ ਨਾਲ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਸਲਫਰ ਅਤੇ ਜੈਵਿਕ ਕਣ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹਨ।
ਇਸ ਵਿਚ ਸਮੋਗ ਪੈਦਾ ਹੁੰਦੀ ਹੈ ਪਰ ਸਭ ਤੋਂ ਵੱਧ ਖਤਰਨਾਕ ਕੂੜੇ ਦਾ ਸਾੜਨਾ ਹੈ ਕਿਉਂਕਿ ਕੂੜੇ ਵਿਚ ਪਰਾਲੀ ਤੋਂ ਕਿਤੇ ਵੱਧ ਖਤਰਨਾਕ ਗੈਸ ਪੈਦਾ ਕਰਨ ਦੀ ਤਾਕਤ ਹੈ। ਕੂੜੇ ਵਿਚ ਪਲਾਸਟਿਕ, ਰਬੜ ਸਮੇਤ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ, ਜਿਨ੍ਹਾਂ ਦੇ ਸਾੜਨ ਨਾਲ ਵਾਤਾਵਰਣ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ 30 ਫੀਸਦੀ ਲੋਕ ਐਲਰਜੀ ਤੋਂ ਪ੍ਰਭਾਵਿਤ ਹਨ। ਇਸ ਦਾ ਸਭ ਤੋਂ ਬੁਰਾ ਪ੍ਰਭਾਵ ਬੱਚਿਆਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ 'ਤੇ ਪੈਂਦਾ ਹੈ। ਹਸਪਤਾਲ ਸਾਹ ਅਤੇ ਅਲਰਜੀ ਦੇ ਰੋਗੀਆਂ ਨਾਲ ਭਰੇ ਹੋਏ ਹਨ।

ਇਸ ਕਰਕੇ ਨੌਜਵਾਨ ਵਿਦੇਸ਼ ਭੱਜ ਰਹੇ ਹਨ : ਮਨੂ ਪਾਟਨੀਆ
ਮਾਮਲੇ ਬਾਰੇ ਇਕ ਦੁਕਾਨਦਾਰ ਮਨੂ ਪਾਟਨੀਆ ਦਾ ਕਹਿਣਾ ਹੈ ਕਿ ਸਾਰੇ ਸ਼ਹਿਰ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ। ਨਗਰ ਨਿਗਮ ਕੂੜੇ ਦਾ ਕੋਈ ਹੱਲ ਨਹੀਂ ਲੱਭ ਪਾ ਰਹੀ। ਸਾਰੀਆਂ ਗੱਲਾਂ ਹਵਾ ਵਿਚ ਹੋ ਰਹੀਆਂ ਹਨ। ਸ਼ਹਿਰ ਦੇ ਲੋਕ ਕੂੜੇ ਤੋਂ ਇੰਨੇ ਪ੍ਰੇਸ਼ਾਨ ਹਨ ਕਿ ਜਦੋਂ ਕਿਤੇ ਕੂੜੇ ਦਾ ਢੇਰ ਕਈ ਦਿਨਾਂ ਤੱਕ ਨਹੀਂ ਚੁੱਕਿਆ ਜਾਂਦਾ ਤੇ ਉਥੇ ਕੂੜੇ ਨੂੰ ਅੱਗ ਲਾ ਦਿੱਤੀ ਜਾਂਦੀ ਹੈ, ਜਿਸ ਨਾਲ ਸ਼ਹਿਰ ਵਿਚ ਗੰਦੀ ਹਵਾ ਫੈਲਦੀ ਹੈ ਅਤੇ ਲੋਕ ਸਾਹ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੀ ਸਿਹਤ ਦਾ ਕੋਈ ਧਿਆਨ ਨਹੀਂ ਕਰ ਰਿਹਾ। ਆਮ ਜਨਤਾ ਜਿੱਥੇ ਸਮਾਜਕ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੈ, ਉਥੇ ਆਪਣੀ ਸਿਹਤ ਨਾਲ ਹੁੰਦੇ ਖਿਲਵਾੜ ਨੂੰ ਵੇਖ ਕੇ ਅੰਦਰ ਹੀ ਅੰਦਰ ਪਸੀਜ ਰਹੀ ਹੈ। ਇਹ ਹੀ ਕਾਰਣ ਹੈ ਕਿ ਅੱਜ ਦੇਸ਼ ਦਾ ਯੁਵਾ ਆਪਣੇ ਦੇਸ਼ ਵਿਚ ਨਾ ਰਹਿ ਕੇ ਵਿਦੇਸ਼ ਜਾਣ ਲਈ ਹਰ ਰਾਹ ਅਪਣਾ ਰਿਹਾ ਹੈ, ਕਿਉਂਕਿ ਲੱਗਦਾ ਹੈ ਕਿ ਵਿਦੇਸ਼ਾਂ ਵਿਚ ਉਸ ਨੂੰ ਚਾਹੇ ਮਿਹਨਤ ਕਰਨੀ ਪਵੇ ਪਰ ਸਾਫ ਹਵਾ, ਪਾਣੀ ਅਤੇ ਹੋਰ ਸਹੂਲਤਾਂ ਮਿਲਦੀਆਂ ਹਨ।

ਨਗਰ ਨਿਗਮ ਦੀ ਮੈਨੇਜਮੈਂਟ ਕੂੜੇ ਦੀ ਨਿਕਾਸੀ 'ਚ ਅਸਫਲ : ਭੰਡਾਰੀ
ਉਥੇ ਹੀ ਸਾਬਕਾ ਵਿਧਾਇਕ ਅਤੇ ਭਾਜਪਾ ਨੇਤਾ ਕੇ. ਡੀ. ਭੰਡਾਰੀ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਕੂੜੇ ਦੀ ਨਿਕਾਸੀ ਵਿਚ ਨਗਰ ਨਿਗਮ ਪੂਰੀ ਤਰ੍ਹਾਂ ਅਸਫਲ ਰਿਹਾ ਹੈ। ਲੋਕ ਕੂੜਾ ਨਾ ਚੁੱਕੇ ਜਾਣ ਕਾਰਣ ਗੰਦਗੀ ਭਰੇ ਵਾਤਾਵਰਣ ਵਿਚ ਜਿਉੂਣ ਲਈ ਮਜਬੂਰ ਹਨ। ਗੱਲ ਸ਼ਹਿਰ ਦੇ ਅੰਦਰੂਨੀ ਮੁਹੱਲਿਆਂ ਦੀ ਹੋਵੇ ਜਾਂ ਬਾਹਰ ਹਾਈਵੇ ਦੇ ਆਸ-ਪਾਸ ਦੀ। ਕਾਲੋਨੀਆਂ ਅਤੇ ਲਿੰਕ ਰੋਡ ਦੀ ਸਾਰੇ ਇਲਾਕਿਆਂ 'ਚ ਗੰਦਗੀ ਭਰੀ ਹੋਈ ਹੈ। ਨਿਗਮ ਪ੍ਰਸ਼ਾਸਨ ਅਤੇ ਮੇਅਰ ਜਗਦੀਸ਼ ਰਾਜਾ ਨਾ ਤਾਂ ਕੂੜਾ ਸਾੜਨ ਵਾਲਿਆਂ 'ਤੇ ਨਕੇਲ ਕੱਸ ਪਾ ਰਿਹਾ ਹੈ ਅਤੇ ਨਾ ਹੀ ਵਧਦੇ ਟ੍ਰੈਫਿਕ ਦੇ ਕਾਰਣ ਵਾਤਾਵਰਣ ਵਿਚ ਫੈਲਦੇ ਡਸਟਿੰਗ ਪਾਰਟੀਕਲ ਨੂੰ ਘੱਟ ਕਰਨ ਵਿਚ ਸਫਲ ਹੋ ਰਿਹਾ ਹੈ, ਜਿਸ ਦਾ ਖਮਿਆਜ਼ਾ ਲੋਕਾਂ ਨੂੰ ਅੱਖਾਂ, ਨੱਕ, ਸਾਹ, ਛਾਤੀ ਦੇ ਰੋਗਾਂ ਨਾਲ ਗ੍ਰਸਤ ਹੋ ਕੇ ਭੁਗਤਣਾ ਪੈ ਰਿਹਾ ਹੈ।

ਪੁਲਸ ਕਮਿਸ਼ਨਰ ਨੂੰ ਲਿਖਾਂਗਾ ਕੂੜਾ ਸਾੜਨ ਵਾਲਿਆਂ 'ਤੇ ਪਰਚਾ ਦਰਜ ਹੋਵੇ : ਮੇਅਰ
ਓਧਰ ਮਾਮਲੇ ਬਾਰੇ ਜਲੰਧਰ ਨਿਗਮ ਨੂੰ ਮੇਅਰ ਜਗਦੀਸ਼ ਰਾਜਾ ਦਾ ਕਹਿਣਾ ਹੈ ਕਿ ਸ਼ਹਿਰ ਦੇ ਕੂੜੇ ਦੀ ਨਿਕਾਸੀ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੂੜੇ ਨੂੰ ਸਾੜਨਾ ਅਪਰਾਧ ਹੈ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਜਿੱਥੇ ਵੀ ਕੋਈ ਕੂੜੇ ਨੂੰ ਜਾਂ ਪਾਰਕਾਂ ਵਿਚ ਸਫਾਈ ਕਰਨ ਤੋਂ ਬਾਅਦ ਸੁੱਕੇ ਪੱਤੇ ਆਦਿ ਨੂੰ ਸਾੜਨ ਦੀ ਕੋਸ਼ਿਸ਼ ਕਰਦਾ ਦਿਸੇ, ਉਸ ਨੂੰ ਫੜ ਕੇ ਤੁਰੰਤ ਪੁਲਸ ਦੇ ਹਵਾਲੇ ਕਰਨ। ਉਨ੍ਹਾਂ ਕਿਹਾ ਕਿ ਉਹ ਪੁਲਸ ਕਮਿਸ਼ਨਰ ਨੂੰ ਕੱਲ ਹੀ ਲੈਟਰ ਲਿਖਣਗੇ ਕਿ ਉਹ ਸਾਰੇ ਪੁਲਸ ਥਾਣੇ ਅਤੇ ਪੀ. ਸੀ. ਆਰ. ਟੀਮਾਂ ਨੂੰ ਨਿਰਦੇਸ਼ ਦੇਣ ਕਿ ਜਿੱਥੇ ਕਿਤੇ ਵੀ ਕੋਈ ਕੂੜਾ ਸਾੜਦਾ ਦਿਸੇ ਉਸ 'ਤੇ ਤੁਰੰਤ ਪਰਚਾ ਦਰਜ ਕੀਤਾ ਜਾਵੇ।


shivani attri

Edited By shivani attri