ਨਸ਼ੇੜੀਆਂ ਤੋਂ ਦੁਖੀ ਹੋਇਆ ਓ. ਐੱਸ. ਟੀ. ਸੈਂਟਰ ਦਾ ਸਟਾਫ, ਦਿੰਦੇ ਨੇ ਧਮਕੀਆਂ

01/18/2020 1:21:19 PM

ਜਲੰਧਰ (ਸ਼ੋਰੀ)— ਪੰਜਾਬ ਸਰਕਾਰ ਵੱਲੋਂ ਨਸ਼ਾ ਕਰਨ ਵਾਲੇ ਲੋਕਾਂ ਦੀ ਸਿਵਲ ਹਸਪਤਾਲ 'ਚ ਖੋਲ੍ਹੇ ਗਏ ਓ. ਐੱਸ. ਟੀ. ਸੈਂਟਰ ਜਿੱਥੇ ਓ. ਪੀ. ਡੀ. 'ਚ ਮਰੀਜ਼ਾਂ ਨੂੰ ਫ੍ਰੀ ਦਵਾਈ ਦਿੱਤੀ ਜਾਂਦੀ ਹੈ। ਇਥੇ ਨਸ਼ੇੜੀਆਂ ਨੂੰ ਫਰੀ 'ਚ ਦਵਾਈ ਇਸ ਕਰਕੇ ਦਿੱਤੀ ਜਾਂਦੀ ਹੈ ਤਾਂ ਜੋ ਉਹ ਨਸ਼ਾ ਛੱਡ ਕੇ ਦੋਬਾਰਾ ਚੰਗੀ ਜ਼ਿੰਦਗੀ ਗੁਜ਼ਾਰ ਸਕਣ ਪਰ ਹਸਪਤਾਲ 'ਚ ਹਾਲਾਤ ਬਹੁਤ ਮਾੜੇ ਹਨ, ਨਸ਼ਾ ਕਰਨ ਵਾਲੇ ਦਵਾਈ ਤਾਂ ਲੈਂਦੇ ਹਨ ਪਰ ਨਾਲ ਹੀ ਸਟਾਫ ਨੂੰ ਧਮਕੀਆਂ ਤੱਕ ਦਿੰਦੇ ਹਨ। ਇੰਨਾ ਹੀ ਨਹੀਂ, ਕੁਝ ਪੜ੍ਹੇ ਲਿਖੇ ਨਸ਼ੇੜੀ ਤਾਂ ਸਟਾਫ ਦੀਆਂ ਝੂਠੀਆਂ ਸ਼ਿਕਾਇਤਾਂ ਅਧਿਕਾਰੀਆਂ ਨੂੰ ਕਰਨ ਨਾਲ ਸਟਾਫ ਨੂੰ ਟਰਾਂਸਫਰ ਕਰਨ ਦੀ ਧਮਕੀ ਤੱਕ ਦੇ ਦਿੰਦੇ ਹਨ।

ਅਜਿਹਾ ਹੀ ਮਾਮਲਾ ਬੀਤੇ ਦਿਨ ਦੇਖਣ ਨੂੰ ਮਿਲਿਆ ਜਦੋਂ ਲੇਟ ਟਾਈਮ 'ਤੇ ਆ ਕੇ ਇਕ ਨੌਜਵਾਨ ਨੇ ਦਵਾਈ ਮੰਗੀ ਅਤੇ ਬਾਅਦ 'ਚ ਹੰਗਾਮਾ ਕੀਤਾ। ਘਟਨਾ ਦੀ ਸੂਚਨਾ ਮਿਲਣ 'ਤੇ ਹਸਪਤਾਲ 'ਚ ਤਾਇਨਾਤ ਪੁਲਸ ਗਾਰਦ ਦੇ ਜਵਾਨ ਆਏ ਅਤੇ ਮਾਮਲਾ ਸ਼ਾਂਤ ਕਰਵਾਇਆ। ਜਾਣਕਾਰੀ ਦਿੰਦੇ ਓ. ਐੱਸ. ਟੀ. ਸੈਂਟਰ 'ਚ ਤਾਇਨਾਤ ਸਟਾਫ ਨੇ ਦੱਸਿਆ ਕਿ ਨਸ਼ਾ ਕਰਨ ਵਾਲੇ ਲੋਕਾਂ ਨੂੰ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦਵਾਈ ਦਿੱਤੀ ਜਾਂਦੀ ਹੈ ਪਰ ਕੁਝ ਨਸ਼ੇੜੀ 2 ਵਜੇ ਤੋਂ ਬਾਅਦ ਆ ਕੇ ਦਵਾਈ ਮੰਗਦੇ ਹਨ, ਜਦੋਂਕਿ ਉਹ 2 ਵਜੇ ਤੱਕ ਦਵਾਈ ਸਟਾਕ 'ਚ ਜਮ੍ਹਾ ਕਰਕੇ ਤਾਲਾ ਲਾ ਲਗਾ ਦਿੱਤਾ ਜਾਂਦਾ ਹੈ। ਬੀਤੇ ਦਿਨ ਇਕ ਨੌਜਵਾਨ ਦੁਪਹਿਰ 2 ਵਜੇ ਤੋਂ ਬਾਅਦ ਆ ਕੇ ਦਵਾਈ ਮੰਗਣ ਲੱਗਾ। ਉਸ ਨੂੰ ਜਦੋਂ ਕਿਹਾ ਕਿ ਦਵਾਈ ਸਟਾਕ 'ਚ ਜਮ੍ਹਾ ਹੈ ਤਾਂ ਉਹ ਬਹਿਸਣ ਲੱਗਾ ਅਤੇ ਬਦਤਮੀਜ਼ੀ ਕਰਦੇ ਉਸ ਨੇ ਗਾਲ੍ਹਾਂ ਤੱਕ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸਟਾਫ ਨੂੰ ਟਰਾਂਸਫਰ ਕਰਵਾਉਣ ਤੱਕ ਦੀ ਧਮਕੀ ਦੇ ਦਿੱਤੀ।

ਸਟਾਫ ਨੇ ਦੱਸਿਆ ਕਿ ਉਕਤ ਨੌਜਵਾਨ ਫਿਰ ਉਨ੍ਹਾਂ ਦੇ ਅਧਿਕਾਰੀਆਂ ਕੋਲ ਝੂਠੀਆਂ ਸ਼ਿਕਾਇਤਾਂ ਲਾਉਣ ਲੱਗਾ ਤਾਂ ਜੋ ਉਹ ਉਨ੍ਹਾਂ 'ਤੇ ਦਬਾਅ ਪਾ ਸਕੇ। ਸੈਂਟਰ 'ਚ 4 ਸਟਾਫ ਹਨ ਜੋ ਕਿ ਮਰੀਜ਼ਾਂ ਨੂੰ ਦਵਾਈ ਿਦੰਦੀਆਂ ਹਨ ਅਤੇ ਇਕ ਕੌਂਸਲਿੰਗ ਕਰਦੀ ਹੈ ਅਤੇ ਇਕ ਡਾਟਾ ਦੀ ਐਂਟਰੀ ਕਰਦੀ ਹੈ, ਕੁਲ ਮਿਲਾ ਕੇ 6 ਔਰਤਾਂ ਡਿਊਟੀ ਦਿੰਦੀਆਂ ਹਨ ਅਤੇ ਕੁਝ ਨਸ਼ੇੜੀ ਲੋਕ ਉਨ੍ਹਾਂ ਨੂੰ ਡਰਾਉਂਦੇ ਹਨ।

PunjabKesari

ਉਥੇ ਮੈਡੀਕਲ ਅਫਸਰ ਡਾ. ਕੇਤਨ ਨੇ ਦੱਸਿਆ ਕਿ ਹੰਗਾਮਾ ਕਰਨ ਵਾਲੇ ਨੌਜਵਾਨ ਨੂੰ ਨਸ਼ਾ ਛੁਡਾਊ ਕੇਂਦਰ 'ਚ ਦਵਾਈ ਦੇ ਕੇ ਭੇਜ ਦਿੱਤਾ ਗਿਆ ਪਰ ਨੌਜਵਾਨ ਦਾ ਕਹਿਣਾ ਸੀ ਕਿ ਉਸ ਕੋਲ ਤਾਂ ਘਰ 'ਚ ਹੀ ਪੱਤੇ ਪਏ ਹਨ, ਉਹ ਤਾਂ ਸਟਾਫ ਨੂੰ ਪ੍ਰੇਸ਼ਾਨ ਕਰਨ ਆਇਆ ਸੀ।

ਦਵਾਈ ਖਾਣ ਤੋਂ ਬਾਅਦ ਝੁੰਡ ਬਣਾ ਕੇ ਬੈਠਦੇ ਹਨ ਨਸ਼ੇੜੀ
ਸੈਂਟਰ 'ਚੋਂ ਦਵਾਈ ਲੈਣ ਤੋਂ ਬਾਅਦ ਕੁਝ ਨਸ਼ੇੜੀ ਝੁੰਡ ਬਣਾ ਕੇ ਕੰਟੀਨ ਕੋਲ ਬੈਠੇ ਰਹਿੰਦੇ ਹਨ ਅਤੇ ਬੀੜੀ ਸਿਗਰੇਟ ਆਦਿ ਵੀ ਪੀਂਦੇ ਹਨ, ਭਾਵੇਂ ਪੁਲਸ ਵਾਲੇ ਇਨ੍ਹਾਂ ਨੂੰ ਉਥੋਂ ਜਾਣ ਲਈ ਕਹਿੰਦੇ ਹਨ ਪਰ ਇਹ ਨਸ਼ੇੜੀ ਦੁਬਾਰਾ ਆ ਕੇ ਮੋਬਾਇਲ 'ਤੇ ਗੇਮ ਲਾ ਕੇ ਕਾਫੀ ਘੰਟੇ ਤੱਕ ਇਥੇ ਬੈਠੇ ਰਹਿੰਦੇ ਹਨ। ਸਟਾਫ ਦਾ ਇਥੋਂ ਤੱਕ ਕਹਿਣਾ ਹੈ ਕਿ ਦਵਾਈ ਖਾਣ ਵਾਲੇ ਕੁਝ ਵਧੀਆ ਲੋਕ ਵੀ ਹਨ ਜੋ ਦਵਾਈ ਖਾਣ ਤੋਂ ਬਾਅਦ ਵਾਪਸ ਚਲੇ ਜਾਂਦੇ ਹਨ।
ਇਸ ਤੋਂ ਉਲਟ ਕੁਝ ਨਸ਼ੇੜੀਆਂ ਨੇ ਵਟਸਐਪ ਗਰੁੱਪ ਵੀ ਬਣਾਏ ਹੋਏ ਹਨ ਅਤੇ ਮਨ ਵਿਚ ਧਾਰਿਆ ਹੋਇਆ ਹੈ ਕਿ ਸਟਾਫ ਨਾਲ ਵਿਵਾਦ ਕਰਨਾ ਹੀ ਹੈ। ਦੁਪਹਿਰ 2 ਵਜੇ ਤੋਂ ਬਾਅਦ ਆਉਣ ਦਾ ਕਾਰਣ ਇਹ ਹੁੰਦਾ ਹੈ ਕਿ ਸਟਾਫ ਜਲਦੀ ਉਨ੍ਹਾਂ ਨੂੰ ਦਵਾਈ ਦੇਵੇ ਅਤੇ ਦਵਾਈ ਲੈਣ ਵਾਲੇ ਦਵਾਈ ਖਾਣ ਦੀ ਥਾਂ 'ਤੇ ਬਾਹਰ ਵੇਚ ਸਕਣ। ਇਸ ਕਾਰਨ ਸਟਾਫ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਆਪਣੇ ਸਾਹਮਣੇ ਹੀ ਗੋਲੀ ਪੀਸ ਕੇ ਦਿੰਦੀ ਹੈ ਤਾਂ ਜੋ ਨਸ਼ਾ ਕਰਨ ਵਾਲੇ ਉਸ ਨੂੰ ਆਪਣੀ ਜੀਭ ਵਿਚ ਰੱਖਣ ਅਤੇ ਬਾਹਰ ਨਾ ਕੱਢ ਸਕਣ ਕਿਉਂਕਿ ਕੁਝ ਸਮਾਂ ਪਹਿਲਾਂ ਗੋਲੀ ਬਾਹਰ ਵਿਕਣੀ ਸ਼ੁਰੂ ਹੋ ਗਈ ਸੀ। ਇਸ ਦੇ ਨਾਲ ਹੀ ਕੁਝ ਨਸ਼ੇੜੀ ਤਾਂ ਸਟਾਫ ਨੂੰ ਇਹ ਧਮਕੀ ਦਿੰਦੇ ਹਨ ਕਿ ਹਸਪਤਾਲ ਤੋਂ ਬਾਹਰ ਉਹ ਉਨ੍ਹਾਂ ਨੂੰ ਦੇਖ ਲੈਣਗੇ।

ਮਹਿਲਾ ਪੁਲਸ ਕਾਂਸਟੇਬਲ ਵੀ ਨਹੀਂ ਤਾਇਨਾਤ
ਵੇਖਿਆ ਜਾਵੇ ਤਾਂ ਸੈਂਟਰ ਵਿਚ ਸੁਰੱਖਿਆ ਲਈ ਭਾਵੇਂ ਪੁਲਸ ਜਵਾਨ ਤਾਇਨਾਤ ਹਨ ਪਰ ਸੈਂਟਰ ਵਿਚ ਕੁਝ ਔਰਤਾਂ ਵੀ ਆਉਂਦੀਆਂ ਹਨ ਜੋ ਨਸ਼ੇ ਦਾ ਸੇਵਨ ਕਰਦੀਆਂ ਹਨ। ਸਟਾਫ ਵੀ ਮਹਿਲਾ ਹੀ ਤਾਇਨਾਤ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਮਹਿਲਾ ਪੁਲਸ ਕਾਂਸਟੇਬਲ ਨੂੰ ਤਾਇਨਾਤ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਇਕ ਮਹਿਲਾ ਪੁਲਸ ਕਾਂਸਟੇਬਲ ਸਟਾਫ ਦੀ ਸੁਰੱਖਿਆ ਲਈ ਤਾਇਨਾਤ ਸੀ ਪਰ ਬਾਅਦ 'ਚ ਉਸ ਦੀ ਬਦਲੀ ਹੋ ਗਈ ਅਤੇ ਉਸ ਤੋਂ ਬਾਅਦ ਇਥੇ ਕੋਈ ਮਹਿਲਾ ਪੁਲਸ ਕਾਂਸਟੇਬਲ ਤਾਇਨਾਤ ਨਹੀਂ ਹੈ।


shivani attri

Content Editor

Related News