ਸ਼ਹਿਰ ''ਚ ਲਾਏ ਸੈਂਕੜੇ ਸੀ. ਸੀ. ਟੀ. ਵੀ. ਕੈਮਰੇ ਹੋਏ ਖਰਾਬ, ਚੋਰ-ਲੁਟੇਰਿਆਂ ਦੇ ਹੌਸਲੇ ਫਿਰ ਹੋਏ ਬੁਲੰਦ

06/24/2018 2:46:26 PM

ਜਲੰਧਰ (ਸੁਧੀਰ)— ਸ਼ਹਿਰ ਵਿਚ ਅਪਰਾਧ 'ਤੇ ਕਾਬੂ ਪਾਉਣ ਲਈ ਚੋਰ-ਲੁਟੇਰਿਆਂ ਨੂੰ ਸੀਖਾਂ ਪਿੱਛੇ ਪਹੁੰਚਾਉਣ ਲਈ ਕਮਿਸ਼ਨਰੇਟ ਪੁਲਸ ਵੱਲੋਂ ਜਨਤਾ ਦੇ ਸਹਿਯੋਗ ਨਾਲ ਲਗਾਏ ਗਏ ਸੈਂਕੜੇ ਕੈਮਰੇ ਸ਼ਹਿਰ ਵਿਚ ਖਰਾਬ ਪਏ ਹਨ। ਜਨਤਾ ਦੀ ਕਮਾਈ ਨਾਲ ਲੱਗੇ ਕੈਮਰੇ ਕਈ ਥਾਵਾਂ 'ਤੇ ਜਾਂ ਤਾਂ ਖੰਭਿਆਂ ਨਾਲ ਲਟਕ ਰਹੇ ਹਨ ਜਾਂ ਖਰਾਬ ਪਏ ਹਨ, ਜਿਸ ਕਾਰਨ ਚੋਰ-ਲੁਟੇਰਿਆਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ ਅਤੇ ਚੋਰ-ਲੁਟੇਰੇ ਰੋਜ਼ਾਨਾ ਕਮਿਸ਼ਨਰੇਟ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੀ ਪੋਲ ਖੋਲ੍ਹਦਿਆਂ ਲੁੱਟ-ਖੋਹ ਦੀਆਂ ਵਾਰਦਾਤਾਂ ਕਰ ਕੇ ਫਰਾਰ ਹੋ ਰਹੇ ਹਨ। ਅਜੇ ਕੁਝ ਸਮਾਂ ਪਹਿਲਾਂ ਦਾ ਹੀ ਰਿਕਾਰਡ ਖੰਗਾਲਿਆ ਜਾਵੇ ਤਾਂ ਚੋਰ-ਲੁਟੇਰਿਆਂ ਨੇ ਸ਼ਹਿਰ 'ਚ ਕਹਿਰ ਵਰਤਾਉਂਦਿਆਂ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ।
ਕੁਝ ਸਮਾਂ ਪਹਿਲਾਂ ਸ਼ਹਿਰ ਵਿਚ ਸਾਬਕਾ ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਸ਼ਹਿਰ 'ਚ ਲੋਕਾਂ ਤੇ ਇੰਡਸਟਰੀਲਿਸਟਾਂ ਨਾਲ ਮੀਟਿੰਗ ਕਰਕੇ ਸ਼ਹਿਰ 'ਚ ਕੈਮਰੇ ਲਗਵਾਉਣ ਵਿਚ ਸਹਿਯੋਗ ਮੰਗਿਆ ਸੀ। ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਹਰ ਥਾਣਾ ਇੰਚਾਰਜ ਨੂੰ ਆਪਣੇ ਏਰੀਏ ਵਿਚ ਸੈਂਸਟਿਵ ਪੁਆਇੰਟਸ 'ਤੇ ਕੈਮਰੇ ਲਗਵਾਉਣ ਦੇ ਹੁਕਮ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਦੇ 14 ਥਾਣਿਆਂ ਦੀ ਪੁਲਸ ਨੇ ਆਪਣੇ-ਆਪਣੇ ਏਰੀਏ 'ਚ ਕਰੀਬ 35 ਤੋਂ 40 ਲੱਖ ਰੁਪਏ ਦੀ ਕੀਮਤ ਨਾਲ ਕੈਮਰੇ ਲਗਵਾਏ ਪਰ ਹੁਣ ਹਾਲਾਤ ਇਹ ਬਣ ਗਏ ਹਨ ਕਿ ਜ਼ਿਆਦਾਤਰ ਕੈਮਰੇ ਖਰਾਬ ਪਏ ਹਨ। ਕੋਈ ਕੈਮਰਾ ਖੰਭਿਆਂ ਹੇਠਾਂ ਲਟਕ ਰਿਹਾ ਹੈ ਅਤੇ ਕੋਈ ਫਲਾਈਓਵਰ ਹੇਠਾਂ। ਕੈਮਰਿਆਂ 'ਤੇ ਮਿੱਟੀ ਜੰਮੀ ਹੋਈ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਕਮਿਸ਼ਨਰੇਟ ਪੁਲਸ ਨੇ ਕੈਮਰਿਆਂ ਦੀ ਦੇਖਭਾਲ ਨਹੀਂ ਕੀਤੀ ਤੇ ਜਨਤਾ ਦੀ ਲੱਖਾਂ ਦੀ ਕਮਾਈ ਲੁੱਟੀ ਗਈ। 
ਨਾਰਥ ਹਲਕੇ ਵਿਚ ਆਇਆ ਸੀ 22 ਲੱਖ ਖਰਚ
ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਕੈਮਰੇ ਸ਼ਹਿਰ ਦੇ ਨਾਰਥ ਹਲਕੇ ਵਿਚ ਲੱਗੇ ਸਨ। ਇਸ ਸਿਲਸਿਲੇ ਵਿਚ ਸ਼ਹਿਰ ਵਿਚ ਇਕ ਹੋਟਲ ਵਿਚ ਪਹਿਲਾਂ ਇੰਡਸਟਰੀ ਕਾਰੋਬਾਰੀਆਂ ਦੀ ਮੀਟਿੰਗ ਹੋਈ ਸੀ, ਜਿਸ ਵਿਚ ਇਕ ਵਿਧਾਇਕ ਖਾਸ ਤੌਰ 'ਤੇ ਪਹੁੰਚਿਆ ਸੀ। ਸ਼ਹਿਰ ਵਾਸੀਆਂ ਨੇ ਕਮਿਸ਼ਨਰੇਟ ਪੁਲਸ ਦੇ 'ਆਂਖੇ' ਪ੍ਰਾਜੈਕਟ ਦਾ ਸਵਾਗਤ ਕਰਦਿਆਂ ਕਰੀਬ 22 ਲੱਖ ਰੁਪਏ ਇਕੱਠੇ ਕੀਤੇ ਸਨ। 
ਸਭ ਤੋਂ ਵੱਧ ਕੈਮਰੇ ਨਾਰਥ ਹਲਕੇ ਵਿਚ ਲਾਏ ਗਏ ਸਨ, ਜਦੋਂਕਿ 15 ਤੋਂ 18 ਲੱਖ ਦੀ ਲਾਗਤ ਨਾਲ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਕੈਮਰੇ ਲਾਏ ਗਏ ਸਨ ਪਰ ਉਸ ਤੋਂ ਬਾਅਦ ਵੀ ਕਮਿਸ਼ਨਰੇਟ ਪੁਲਸ ਸ਼ਹਿਰ ਵਿਚ ਕੈਮਰਿਆਂ ਦੀ ਸੰਭਾਲ ਸਹੀ ਢੰਗ ਨਾਲ ਨਹੀਂ ਕਰ ਸਕੀ, ਜਿਸ ਕਾਰਨ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਕੈਮਰੇ ਖਰਾਬ ਹਨ।

PunjabKesari
ਨਹੀਂ ਬਣਾਇਆ ਸੀ ਕੋਈ ਕੰਟਰੋਲ ਰੂਮ
'ਆਂਖੇ' ਪ੍ਰਾਜੈਕਟ ਦੇ ਮੱਦੇਨਜ਼ਰ ਸ਼ਹਿਰ ਵਿਚ ਸੈਂਕੜੇ ਕੈਮਰੇ ਲੱਗਣ ਤੋਂ ਬਾਅਦ ਵੀ ਕਮਿਸ਼ਨਰੇਟ ਪੁਲਸ ਨੇ ਇਨ੍ਹਾਂ ਕੈਮਰਿਆਂ ਦੇ ਜ਼ਰੀਏ ਸ਼ਹਿਰ ਵਿਚ ਸ਼ੱਕੀ ਲੋਕਾਂ, ਚੋਰ-ਲੁਟੇਰਿਆਂ 'ਤੇ ਨਜ਼ਰ ਰੱਖਣ ਲਈ ਕਿਤੇ ਵੀ ਕੋਈ ਐੈੱਲ. ਈ. ਡੀ. ਨਹੀਂ ਲਗਵਾਈ ਅਤੇ ਨਾ ਹੀ ਕੋਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ। ਬੱਸ ਚੋਰ-ਲੁਟੇਰਿਆਂ ਵਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪੁਲਸ ਇਨ੍ਹਾਂ ਕੈਮਰਿਆਂ ਦੇ ਮੈਮੋਰੀ ਕਾਰਡ ਦੇ ਜ਼ਰੀਏ ਫੁਟੇਜ ਕਢਵਾਉਣ ਲਈ ਉਥੇ ਆਉਂਦੀ ਸੀ, ਜਿਸ ਕਾਰਨ ਸ਼ਹਿਰ ਵਿਚ ਚੋਰ-ਲੁਟੇਰਿਆਂ 'ਤੇ ਨਕੇਲ ਕੱਸਣ ਵਿਚ ਕਮਿਸ਼ਨਰੇਟ ਪੁਲਸ ਫੇਲ ਰਹੀ। 
36 ਘੰਟਿਆਂ ਦੀ ਹੁੰਦੀ ਸੀ ਰਿਕਾਰਡਿੰਗ, ਨਹੀਂ ਲੱਗੇ ਸਨ ਡੀ. ਵੀ. ਆਰ.
ਕਮਿਸ਼ਨਰੇਟ ਪੁਲਸ ਨੇ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ 'ਚ ਜਦੋਂ ਕੈਮਰੇ ਲਗਵਾਏ ਸਨ, ਉਹ ਚਿਪ ਕੈਮਰੇ ਸਨ, ਜਿਨ੍ਹਾਂ ਵਿਚ ਮੈਮਰੀ ਕਾਰਡ ਪੈਂਦੇ ਸਨ। ਇਨ੍ਹਾਂ 'ਚ ਸਿਰਫ 36 ਘੰਟੇ ਦੀ ਰਿਕਾਰਡਿੰਗ ਹੁੰਦੀ ਸੀ। 36 ਘੰਟੇ ਬਾਅਦ ਕੈਮਰਿਆਂ ਵਿਚ ਪੁਰਾਣੀ ਰਿਕਾਰਡਿੰਗ ਡਲੀਟ ਹੋ ਜਾਂਦੀ ਸੀ ਅਤੇ ਅਗਲੇ ਦਿਨ ਦੀ ਨਵੀਂ ਰਿਕਾਰਡਿੰਗ ਹੁੰਦੀ ਸੀ, ਜਦੋਂਕਿ ਕੈਮਰੇ ਦੇ ਨਾਲ ਕੋਈ ਡੀ. ਵੀ. ਆਰ. ਜਾਂ ਹਾਰਡ ਡਿਸਕ ਨਹੀਂ ਲਗਵਾਈ ਸੀ। ਅਪਰਾਧ ਹੋਣ 'ਤੇ ਕਮਿਸ਼ਨਰੇਟ ਪੁਲਸ ਦੇ ਮੁਲਾਜ਼ਮ ਮੌਕੇ 'ਤੇ ਕੈਮਰਿਆਂ ਦੇ ਮੈਮੋਰੀ ਕਾਰਡ ਦੇ ਜ਼ਰੇਏ ਰਿਕਾਰਡਿੰਗ ਖੰਗਾਲਦੇ ਸਨ। ਕੁਝ ਦਿਨ ਤਾਂ ਕੈਮਰਿਆਂ ਦੀ ਪ੍ਰਫਾਰਮੈਂਸ ਸਹੀ ਰਹੀ ਤੇ ਸ਼ਹਿਰ ਵਿਚ ਅਪਰਾਧੀਆਂ 'ਤੇ ਲਗਾਮ ਪਈ ਪਰ ਹੌਲੀ-ਹੌਲੀ ਇਨ੍ਹਾਂ ਦੀ ਹਾਲਤ ਖਰਾਬ ਹੋ ਗਈ।
ਕੀ ਕਹਿੰਦੇ ਹਨ ਕੈਮਰਾ ਐਕਸਪਰਟ
ਦੂਜੇ ਪਾਸੇ ਸੰਪਰਕ ਕਰਨ 'ਤੇ ਕੈਮਰੇ ਲਗਾਉਣ ਦਾ ਕਾਰੋਬਾਰ ਕਰਨ ਵਾਲੇ ਡਿਜੀਟਲ ਵਰਲਡ ਦੇ ਮਾਲਕ ਹਰਸ਼ ਚੋਪੜਾ ਨੇ ਦੱਸਿਆ ਕਿ ਚਿਪ ਕੈਮਰਿਆਂ ਦੀ ਵਰਤੋਂ ਜ਼ਿਆਦਾਤਰ ਸਕੂਲੀ ਬੱਸਾਂ ਵਿਚ ਕੀਤੀ ਜਾ ਸਕਦੀ ਹੈ ਨਾ ਕਿ ਸ਼ਹਿਰ ਦੀਆਂ ਸੜਕਾਂ 'ਤੇ। ਉਨ੍ਹਾਂ ਕਿਹਾ ਕਿ  ਸ਼ਹਿਰ ਦੀ ਸੁਰੱਖਿਆ ਵਿਵਸਥਾ ਲਈ ਪੁਲਸ ਪ੍ਰਸ਼ਾਸਨ ਨੂੰ ਹਾਈ ਡੈਫੀਨੇਸ਼ਨ ਵਾਲੇ ਕੈਮਰੇ ਡੀ. ਵੀ. ਆਰ. ਤੇ ਹਾਰਡ ਡਿਸਕ ਦੇ ਨਾਲ ਲਗਵਾਉਣੇ ਚਾਹੀਦੇ ਹਨ, ਜਿਨ੍ਹਾਂ ਦੀ ਕਲੈਰਿਟੀ ਚਿਪ ਕੈਮਰਿਆਂ ਨਾਲੋਂ ਜ਼ਿਆਦਾ ਹੁੰਦੀ ਹੈ। ਡੀ. ਵੀ. ਆਰ. ਤੇ ਹਾਰਡ ਡਿਸਕ ਲੱਗਣ ਨਾਲ ਕੈਮਰਿਆਂ 'ਚ ਕਰੀਬ 1 ਮਹੀਨੇ ਦੀ ਰਿਕਾਰਡਿੰਗ ਸੇਵ ਰਹਿ ਸਕਦੀ ਹੈ।


Related News