ਜਲੰਧਰ ਛਾਉਣੀ ਹਲਕੇ ’ਚ ਆਮ ਆਦਮੀ ਪਾਰਟੀ ਦੀ ਆਪਸੀ ਧੜੇਬੰਦੀ ਆਈ ਸਾਹਮਣੇ
Wednesday, Feb 01, 2023 - 06:34 PM (IST)

ਜਲੰਧਰ (ਮਹੇਸ਼ ਖੋਸਲਾ)–ਜਲੰਧਰ ਛਾਉਣੀ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਆਪਸੀ ਧੜੇਬੰਦੀ ਕਾਫ਼ੀ ਵਧਦੀ ਵਿਖਾਈ ਦੇ ਰਹੀ ਹੈ। ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ‘ਆਪ’ ਵਿਚ ਆਏ ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਕਾਕੂ ਆਹਲੂਵਾਲੀਆ, ਵਾਰਡ ਨੰਬਰ 29 ਤੋਂ ਸੀਨੀਅਰ ਆਗੂ ਅਮਰੀਕ ਬਾਗੜੀ ਅਤੇ ਉਨ੍ਹਾਂ ਦੀ ਪਤਨੀ ਕੌਂਸਲਰ ਪਰਮਜੀਤ ਕੌਰ ਬਾਗੜੀ ਅਤੇ ਭਾਜਪਾ ਛੱਡ ਕੇ ‘ਆਪ’ ਵਿਚ ਸ਼ਾਮਲ ਹੋਏ ਸੌਦਾਗਰ ਸਿੰਘ ਔਜਲਾ ਦੇ ਜਲੰਧਰ ਛਾਉਣੀ ਹਲਕੇ ਵਿਚ ਵੱਖ-ਵੱਖ ਥਾਵਾਂ ’ਤੇ ਲੱਗੇ ਬੋਰਡਾਂ ਤੋਂ ‘ਆਪ’ ਦੇ ਹਲਕਾ ਇੰਚਾਰਜ ਸਾਬਕਾ ਆਈ. ਜੀ. ਓਲੰਪੀਅਨ ਸੁਰਿੰਦਰ ਸਿੰਘ ਸੋਢੀ ਅਰਜੁਨਾ ਐਵਾਰਡੀ ਦੀ ਫੋਟੋ ਗਾਇਬ ਹੈ।
ਹਾਲਾਂਕਿ ਜਦੋਂ ਉਕਤ ਸਾਰੇ ਲੋਕ ਸੋਢੀ ਦੀ ਮੌਜੂਦਗੀ ਵਿਚ ਹੀ ‘ਆਪ’ ਵਿਚ ਸ਼ਾਮਲ ਹੋਏ ਸਨ ਅਤੇ ਸੋਢੀ ਨੇ ਹੀ ਮਾਈਕ ’ਤੇ ਉਨ੍ਹਾਂ ਦੇ ਨਾਂ ਬੋਲੇ ਸਨ। ਉਨ੍ਹਾਂ ‘ਆਪ’ ਵੱਲੋਂ 2022 ਦੀ ਚੋਣ ਵੀ ਜਲੰਧਰ ਕੈਂਟ ਹਲਕੇ ਤੋਂ ਲੜੀ ਸੀ। ਇਸ ਤੋਂ ਪਹਿਲਾਂ ਉਹ ‘ਆਪ’ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਹੇ ਹਨ ਅਤੇ ਮੌਜੂਦਾ ਸਮੇਂ ਉਹ ‘ਆਪ’ ਦੇ (ਸਪੋਰਟਸ ਸੈੱਲ) ਪੰਜਾਬ ਦੇ ਪ੍ਰਧਾਨ ਵੀ ਹਨ ਅਤੇ ‘ਆਪ’ ਨਾਲ ਕਾਫ਼ੀ ਸਮੇਂ ਤੋਂ ਜੁੜੇ ਹੋਏ ਹਨ। ਬੋਰਡਾਂ ’ਤੇ ਸੋਢੀ ਦੀ ਫੋਟੋ ਨਾ ਲਾਉਣ ਵਾਲਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਸਬੰਧੀ ਕੋਈ ਵੀ ਜਵਾਬ ਨਾ ਦਿੰਦੇ ਹੋਏ ਸਿਰਫ਼ ਇਹੀ ਕਿਹਾ ਕਿ ਪਾਰਟੀ ਦੇ ਵੱਡੇ ਆਗੂਆਂ ਨੇ ਉਨ੍ਹਾਂ ਨੂੰ ਜੋ ਕਿਹਾ, ਉਨ੍ਹਾਂ ਉਸੇ ਤਰ੍ਹਾਂ ਕੀਤਾ ਹੈ।
ਇਹ ਵੀ ਪੜ੍ਹੋ : ਜਲੰਧਰ: BMC ਚੌਂਕ 'ਚ ਸਟਿੱਕਰ ਚਾਲਾਨ ਕੱਟਣ ਨੂੰ ਲੈ ਕੇ ਭੜਕਿਆ ਕਾਰ ਚਾਲਕ, ASI ਦੀ ਲਾਹੀ ਪੱਗ
ਜਲੰਧਰ ਕੈਂਟ ਹਲਕੇ ਤੋਂ ‘ਆਪ’ਦੇ ਇੰਚਾਰਜ ਸੁਰਿੰਦਰ ਸਿੰਘ ਸੋਢੀ ਸਾਬਕਾ ਆਈ. ਜੀ. ਨੇ ਸੰਪਰਕ ਕਰਨ ’ਤੇ ਕਿਹਾ ਕਿ ਉਨ੍ਹਾਂ ਵੀ ਜਦੋਂ ਬੋਰਡਾਂ ਤੋਂ ਆਪਣੀ ਫੋਟੋ ਗਾਇਬ ਦੇਖੀ ਤਾਂ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ। ਇਸ ਸਬੰਧੀ ਪਤਾ ਲਾਇਆ ਤਾਂ ਇਹ ਗੱਲ ਸਾਹਮਣੇ ਆਈ ਕਿ ਪਾਰਟੀ ਦੇ ਆਗੂਆਂ ਨੇ ਹੀ ਉਨ੍ਹਾਂ ਦੀ ਫੋਟੋ ਬੋਰਡ ’ਤੇ ਨਾ ਲਾਉਣ ਨੂੰ ਕਿਹਾ ਸੀ। ਲੰਮੇ ਸਮੇਂ ਤੱਕ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਦਿਆਂ ਓਲੰਪੀਅਨ ਅਤੇ ਅਰਜੁਨਾ ਐਵਾਰਡ ਹਾਸਲ ਕਰਨ ਵਾਲੇ ਸੋਢੀ ਨੇ ਕਿਹਾ ਕਿ ਪਾਰਟੀ ਦੇ ਆਗੂ ਹੀ ਪਾਰਟੀ ਨੂੰ ਕਮਜ਼ੋਰ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਦੀ ਮਿਹਨਤ ਸਦਕਾ ਹੀ ਵਿਰੋਧੀ ਪਾਰਟੀਆਂ ਦੇ ਕੌਂਸਲਰ ਅਤੇ ਆਗੂ ‘ਆਪ’ ਵਿਚ ਸ਼ਾਮਲ ਹੋਏ ਹਨ। ਪਾਰਟੀ ਵਿਚ ਨਵੇਂ ਸ਼ਾਮਲ ਹੋਣ ਵਾਲਿਆਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਹੇ ਹਨ ਕਿ ਬੋਰਡਾਂ ’ਤੇ ਸਿਰਫ਼ ਸੰਗਠਨ ਦੇ ਆਗੂਆਂ ਦੀ ਫੋਟੋ ਲਾਈ ਜਾਂਦੀ ਹੈ, ਇਸ ਲਈ ਸੋਢੀ ਦੀ ਫੋਟੋ ਨਾ ਲਾਈ ਜਾਵੇ। ਉਨ੍ਹਾਂ ਕਿਹਾ ਕਿ ਉਹ ਪੂਰੇ ਮਾਮਲੇ ਨੂੰ ਪਾਰਟੀ ਹਾਈਕਮਾਨ ਤੱਕ ਪਹੁੰਚਾਉਣਗੇ। ਉਹ ਆਪਣਾ ਅਪਮਾਨ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ, ਪੰਜਾਬ ਦੇ ਇੰਚਾਰਜ ਜਰਨੈਲ ਸਿੰਘ, ਸਹਿ-ਇੰਚਾਰਜ ਸੰਦੀਪ ਪਾਠਕ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਉਹ ਨਿੱਜੀ ਤੌਰ ’ਤੇ ਮਿਲ ਕੇ ਆਪਣੀ ਗੱਲ ਉਨ੍ਹਾਂ ਅੱਗੇ ਰੱਖਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਫਰਵਰੀ ਨੂੰ ਛੁੱਟੀ ਦਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।