ਹਸਪਤਾਲਾਂ ’ਚ ਸਾਰੀਆਂ OPD ਆਮ ਹੀ ਰਹਿਣਗੀਆਂ
Monday, May 12, 2025 - 12:26 PM (IST)

ਚੰਡੀਗੜ੍ਹ (ਰੋਹਾਲ) : ਪਿਛਲੇ ਕੁੱਝ ਦਿਨਾਂ ਦੇ ਅਸਾਧਾਰਨ ਹਾਲਾਤ ਤੋਂ ਬਾਅਦ ਪ੍ਰਸ਼ਾਸਨ ਨੇ ਬਜ਼ਾਰਾਂ ਤੇ ਹੋਰ ਥਾਵਾਂ ਸਬੰਧੀ ਆਪਣੇ ਹੁਕਮ ਵਾਪਸ ਲੈ ਲਏ ਹਨ। ਇਨ੍ਹਾਂ ਹੁਕਮਾਂ ਦੇ ਨਾਲ ਸ਼ਹਿਰ ਦੇ ਨਾਗਰਿਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਵਿਸ਼ਵਾਸ ਨਾ ਕਰਨ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਦਾ ਪ੍ਰਚਾਰ ਕਰਨ। ਡੀ. ਸੀ. ਦੇ ਹੁਕਮਾਂ ਅਨੁਸਾਰ ਸ਼ਹਿਰ ਦੀਆਂ ਦੁਕਾਨਾਂ, ਵਪਾਰਕ ਅਦਾਰੇ ਅਤੇ ਰੈਸਟੋਰੈਂਟ ਪਹਿਲਾਂ ਵਾਂਗ ਆਪਣੇ ਸਮੇਂ ਅਨੁਸਾਰ ਕੰਮ ਕਰਨਗੇ। ਅੱਜ ਬੁੱਧ ਪੂਰਨਿਮਾ ਦੀ ਛੁੱਟੀ ਲਈ ਸ਼ਹਿਰ ਦੇ ਸਕੂਲ ਤੇ ਕਾਲਜ ਬੰਦ ਰਹਿਣਗੇ। ਸ਼ਹਿਰ ਦੇ ਸਿਹਤ ਅਦਾਰੇ ਪਹਿਲਾਂ ਵਾਂਗ 24 ਘੰਟੇ ਕੰਮ ਕਰਦੇ ਰਹਿਣਗੇ। ਨਾਲ ਹੀ ਹਸਪਤਾਲਾਂ ’ਚ ਸਾਰੀਆਂ ਓ. ਪੀ. ਡੀ. ਆਮ ਹੀ ਰਹਿਣਗੀਆਂ।
ਪੀ. ਜੀ. ਆਈ. ’ਚ ਡਾਕਟਰਾਂ ਦੀਆਂ ਛੁੱਟੀਆਂ ’ਤੇ ਫ਼ੈਸਲਾ ਅੱਜ
ਪੀ. ਜੀ. ਆਈ. ’ਚ ਡਾਕਟਰਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ 16 ਮਈ ਤੋਂ ਨਿਰਧਾਰਿਤ ਕੀਤੀਆਂ ਗਈਆਂ ਸਨ ਪਰ ਹਾਲੀਆ ਸਥਿਤੀ ਦੇ ਕਾਰਨ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਸਨ। ਹੁਣ ਸਥਿਤੀ ਆਮ ਹੋਣ ਤੋ ਸੋਮਵਾਰ ਦੁਪਹਿਰ ਨੂੰ ਪੀ.ਜੀ.ਆਈ. ਫੈਕਲਟੀ ਨੇ 12 ਵਜੇ ਮੀਟਿੰਗ ਤੈਅ ਕੀਤੀ ਹੈ। ਸ਼ਾਇਦ ਪੀ. ਜੀ. ਆਈ. ਡਾਕਟਰਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਵੀ ਪਹਿਲਾਂ ਵਾਂਗ 16 ਮਈ ਤੋਂ ਹੋਣਗੀਆਂ।