ਸੁਤੰਤਰਤਾ ਦਿਵਸ ਮਨਾਉਣ ਲਈ 120 ਕਿਲੋਮੀਟਰ ਦਾ ਸਫਰ ਸਾਈਕਲ ''ਤੇ ਕੀਤਾ

Friday, Aug 17, 2018 - 11:05 AM (IST)

ਸੁਤੰਤਰਤਾ ਦਿਵਸ ਮਨਾਉਣ ਲਈ 120 ਕਿਲੋਮੀਟਰ ਦਾ ਸਫਰ ਸਾਈਕਲ ''ਤੇ ਕੀਤਾ

ਜਲੰਧਰ, (ਰਾਹੁਲ)— ਜੇ. ਬੀ. ਸੀ. (ਜਲੰਧਰ ਬਾਈਕਿੰਗ ਕਲੱਬ) ਦੇ 15 ਮੈਂਬਰਾਂ ਨੇ ਸੁਤੰਤਰਤਾ ਦਿਵਸ ਹੁਸੈਨੀਵਾਲਾ ਬਾਰਡਰ 'ਤੇ ਵੀਰ ਸੈਨਿਕਾਂ ਨਾਲ ਮਨਾ ਕੇ ਇਸ ਦਿਨ ਨੂੰ ਯਾਦਗਾਰ ਬਣਾਇਆ। ਜਲੰਧਰ ਦੀ ਨਿਊ ਜਵਾਹਰ ਨਗਰ ਮਾਰਕੀਟ ਤੋਂ ਸਾਈਕਲਿੰਗ ਕਰ ਕੇ 120 ਕਿਲੋਮੀਟਰ ਦਾ ਸਫਰ ਪੂਰਾ ਕਰਨ ਲਈ ਇਹ ਸਮੂਹ ਸਵੇਰੇ ਸਾਢੇ 4 ਵਜੇ ਆਪਣੀ ਮੰਜ਼ਿਲ ਵੱਲ ਰਵਾਨਾ ਹੋਇਆ।
ਸਮੂਹ ਮੈਂਬਰਾਂ ਲਈ ਪ੍ਰੇਰਣਾਸਰੋਤ ਬਣੇ 63 ਸਾਲ ਦੇ 'ਨੌਜਵਾਨ' ਡਾਕਟਰ ਜਸਪਾਲ ਸਿੰਘ ਮਠਾਰੂ ਨੇ ਦੱਸਿਆ ਕਿ ਇਸ ਸਮੂਹ ਵਿਚ 26 ਤੋਂ 63 ਸਾਲ ਤਕ ਦੀ ਉਮਰ ਦੇ ਸਾਈਕਲਿਸਟ ਸ਼ਾਮਲ ਸਨ। ਜਿਨ੍ਹਾਂ ਵਿਚ ਡਾ. ਐੱਚ. ਐੱਸ. ਘੁੰਮਣ, ਡਾ. ਜੀ. ਪੀ. ਸਿੰਘ., ਪ੍ਰਵੀਣ ਮਾਨ, ਰਾਜੇਸ਼ ਅਗਰਵਾਲ, ਆਈ. ਪੀ. ਸਿੰਘ, ਅਜਿਯ ਆਨੰਦ, ਅਰਵਿੰਦ ਬਾਹਰਾ, ਬਲਜੀਤ ਸਿੰਘ, ਮਨਪ੍ਰੀਤ ਸਿੰਘ, ਸਚਿਨ ਬਜਾਜ, ਕਰਨ ਤੇ ਰਮਨਦੀਪ ਸਿੰਘ ਸ਼ਾਮਲ ਸਨ।

ਡਾ. ਮਠਾਰੂ ਨੇ ਦੱਸਿਆ ਕਿ ਪਿਛਲੇ ਸਾਲ ਇਸ ਕਲੱਬ ਦੇ ਮੈਂਬਰਾਂ ਨੇ ਸੁਤੰਤਰਤਾ ਦਿਵਸ ਇਸੇ ਤਰ੍ਹਾਂ ਸਾਈਕਲਿੰਗ ਕਰ ਕੇ ਅਟਾਰੀ-ਵਾਹਗਾ ਬਾਰਡਰ 'ਤੇ ਜਾ ਕੇ ਮਨਾਇਆ ਸੀ। 120 ਕਿਲੋਮੀਟਰ ਲੰਬੇ ਸਫਰ ਲਈ ਖਾਣ-ਪੀਣ ਤੇ ਹੋਰ ਬੈਕਅੱਪ ਦਾ ਪ੍ਰਬੰਧ ਨਾਲ-ਨਾਲ ਚੱਲ ਰਹੇ ਚੌਪਹੀਆ ਵਾਹਨ 'ਚ ਕੀਤਾ ਗਿਆ ਸੀ। ਰਸਤੇ ਵਿਚ ਇਹ ਸਾਈਕਲ ਸਵਾਰ ਚੰਗੀ ਸਿਹਤ ਦਾ ਰਾਜ਼ ਸਾਈਕਲ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਵੀ ਕਰ ਰਹੇ ਸਨ। ਡਾ. ਮਠਾਰੂ ਨੇ ਦੱਸਿਆ ਕਿ ਸਾਈਕਲ ਸਵਾਰਾਂ ਲਈ ਨਿਰਧਾਰਤ ਕੀਤੇ ਗਏ ਰੂਟ ਦੀ ਪਹਿਲਾਂ ਰੇਕੀ ਵੀ ਕੀਤੀ ਗਈ ਸੀ ਤਾਂ ਕਿ ਰਸਤੇ ਵਿਚ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।

ਡਾ. ਮਠਾਰੂ ਨੇ ਦੱਸਿਆ ਕਿ ਜਿੱਥੇ ਹੁਸੈਨੀਵਾਲਾ ਬਾਰਡਰ ਪਹੁੰਚਣ 'ਤੇ ਮੇਜਰ ਰਵੀਕਾਂਤ ਦੀ ਅਗਵਾਈ 'ਚ ਫੌਜ ਤੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਸੁਤੰਤਰਤਾ ਦਿਵਸ ਦੀਆਂ ਖੁਸ਼ੀਆਂ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ, ਉਥੇ ਹੁਸੈਨੀਵਾਲਾ ਨਿਵਾਸੀ ਅਭਿਸ਼ੇਕ ਅਰੋੜਾ ਨੇ ਪਰਿਵਾਰ ਸਮੇਤ ਹਾਜ਼ਰ ਰਹਿ ਕੇ ਸਾਈਕਲ ਸਵਾਰਾਂ ਦੇ ਇਸ ਸਮੂਹ ਦਾ ਗਰਮਜੋਸ਼ੀ ਨਾਲ ਨਾ ਸਿਰਫ ਸਵਾਗਤ ਕੀਤਾ ਬਲਕਿ ਸਮੂਹ ਦੇ ਮੈਂਬਰਾਂ ਦੇ ਮਨੋਰੰਜਨ ਲਈ ਵੱਖ-ਵੱਖ ਪ੍ਰੋਗਰਾਮ ਵੀ ਪੇਸ਼ ਕੀਤੇ।


Related News