ਆਮਦਨ ਬੰਦ : ਫੰਡਾਂ ਦੀ ਘਾਟ ਕਾਰਨ ਪਨਬੱਸ ਦੇ 3600 ਕੱਚੇ ਕਰਮਚਾਰੀਆਂ ਦੀ ਤਨਖਾਹ ‘ਲਟਕੀ

04/10/2022 3:45:27 PM

ਜਲੰਧਰ (ਪੁਨੀਤ) : ਆਮਦਨ ਦਾ ਕੋਈ ਸਾਧਨ ਨਾ ਹੋਣ ਅਤੇ ਵਿਭਾਗ ਘਾਟੇ ’ਚ ਚੱਲਣਾ ਤਾਂ ਸਮਝ ਵਿਚ ਆਉਂਦਾ ਹੈ ਪਰ ਆਮਦਨ ਦੇ ਜ਼ਰੀਏ ਹੋਣ ਦੇ ਬਾਵਜੂਦ ਜੇਕਰ ਉਸ ਨੂੰ ਆਪਣੇ ਤੌਰ ’ਤੇ ਬੰਦ ਕੀਤਾ ਜਾਵੇ ਤਾਂ ਇਹ ਵਿਭਾਗ ਦੀਆਂ ਨੀਤੀਆਂ ਦੀਆਂ ਖਾਮੀਆਂ ਨੂੰ ਉਜਾਗਰ ਕਰਦਾ ਹੈ। ਇਹ ਆਲਮ ਰੋਡਵੇਜ਼-ਪਨਬੱਸ ਅਤੇ ਪੀ. ਆਰ. ਟੀ. ਸੀ. ਵਿਚ ਦੇਖਿਆ ਜਾ ਰਿਹਾ ਹੈ ਕਿਉਂਕਿ ਵਿਭਾਗ ਨੇ ਧੂੜ ਇਕੱਠੀ ਕਰਨ ਲਈ ਡਿਪੂਆਂ ’ਚ ਸਹੀ ਹਾਲਤ ਦੀਆਂ ਬੱਸਾਂ ਖੜ੍ਹੀਆਂ ਕੀਤੀਆਂ ਹਨ। ਬੱਸਾਂ ਚਲਾ ਕੇ ਵਿਭਾਗ ਹਰ ਮਹੀਨੇ ਕਰੋੜਾਂ ਰੁਪਏ ਇਕੱਠਾ ਕਰ ਸਕਦਾ ਹੈ। ਵਿਭਾਗੀ ਗਲਤੀ ਇਹ ਹੈ ਕਿ ਨਵੀਆਂ ਬੱਸਾਂ ਦੇ ਆਉਣ ਤੋਂ ਪਹਿਲਾਂ ਇਨ੍ਹਾਂ ਨੂੰ ਚਲਾਉਣ ਦਾ ਪ੍ਰਬੰਧ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ ਵਿਭਾਗ ਵੱਲੋਂ 842 ਬੱਸਾਂ ਦੇ ਆਰਡਰ ਦਿੱਤੇ ਗਏ ਸਨ, ਜਿਨ੍ਹਾਂ ’ਚੋਂ 725 ਬੱਸਾਂ ਦੀ ਡਲਿਵਰੀ ਕਰ ਦਿੱਤੀ ਗਈ ਹੈ, ਸਟਾਫ਼ ਦੀ ਘਾਟ ਕਾਰਨ ਵਿਭਾਗ ਨੇ ਪੁਰਾਣੀਆਂ ਬੱਸਾਂ ਡਿਪੂਆਂ ਵਿਚ ਖੜ੍ਹੀਆਂ ਕਰ ਕੇ ਨਵੀਆਂ ਬੱਸਾਂ ਨੂੰ ਰੂਟਾਂ ’ਤੇ ਭੇਜ ਦਿੱਤਾ ਹੈ। ਇਸ ਕਾਰਨ ਮਹਿਕਮੇ ਨੇ ਆਪਣੀ ਆਮਦਨ ਦੇ ਸਰੋਤ ਖੁਦ ਨੂੰ ਬੰਦ ਕਰ ਲਏ ਹਨ। ਇਸ ਦੇ ਨਾਲ ਹੀ ਜਿਹੜੀਆਂ ਬੱਸਾਂ ਖੜ੍ਹੀਆਂ ਸਨ, ਉਨ੍ਹਾਂ ਦਾ ਟੈਕਸ ਸਰਕਾਰ ਵੱਲੋਂ ਅਦਾ ਕੀਤਾ ਗਿਆ ਹੈ, ਜੋ ਵਿਅਰਥ ਜਾ ਰਿਹਾ ਹੈ।

ਇਨ੍ਹਾਂ ਗ਼ਲਤ ਨੀਤੀਆਂ ਦਾ ਕਾਰਨ ਫੰਡਾਂ ਦੀ ਘਾਟ ਹੈ ਅਤੇ ਇਸ ਕਾਰਨ ਪਨਬੱਸ ਦੇ 3600 ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਲਟਕ ਰਹੀਆਂ ਹਨ। ਇਸ ਕਾਰਨ ਕਈ ਵਾਰ ਵਿਭਾਗ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਕਈ ਤਰ੍ਹਾਂ ਦੇ ਪਾਪੜ ਵੇਲਣੇ ਪਏ ਹਨ। ਪਿਛਲੀ ਵਾਰ ਤਨਖ਼ਾਹ ਦੇਣ ਲਈ ਵਿਭਾਗ ਨੇ ਆਪਣੀ ਐੱਫ. ਡੀ. (ਫਿਕਸ ਡਿਪਾਜ਼ਿਟ) ਦੀ ਵਰਤੋਂ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਵਿਭਾਗ ਦੀ ਸਥਿਤੀ ਬਹੁਤ ਪਤਲੀ ਹੋ ਗਈ ਹੈ।

ਰੋਡਵੇਜ਼ ਅਧੀਨ ਚੱਲ ਰਹੀਆਂ ਪਨਬੱਸਾਂ ’ਚ ਵਿਭਾਗ ਅਧੀਨ 2200 ਮੁਲਾਜ਼ਮ ਠੇਕੇ ’ਤੇ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਵਿਭਾਗ ਵੱਲੋਂ ਤਨਖ਼ਾਹ ਵੀ ਦਿੱਤੀ ਜਾਂਦੀ ਹੈ, ਜਦਕਿ 1400 ਮੁਲਾਜ਼ਮ ਠੇਕੇ ’ਤੇ ਠੇਕੇਦਾਰ ਰਾਹੀਂ ਆਪਣੀਆਂ ਸੇਵਾਵਾਂ ਦੇ ਰਹੇ ਹਨ, ਜਿਨ੍ਹਾਂ ਦੀ ਅਦਾਇਗੀ ਠੇਕੇਦਾਰ ਵੱਲੋਂ ਕੀਤੀ ਜਾਂਦੀ ਹੈ। ਉਕਤ ਮੁਲਾਜ਼ਮਾਂ ਦੀ ਤਨਖ਼ਾਹ ਕਰੀਬ 7 ਕਰੋੜ ਬਣਦੀ ਹੈ ਪਰ ਫ਼ਿਲਹਾਲ ਫੰਡਾਂ ਦੀ ਘਾਟ ਕਾਰਨ ਤਨਖ਼ਾਹ ਜਾਰੀ ਨਹੀਂ ਕੀਤੀ ਗਈ, ਜਦਕਿ ਪੱਕੇ ਮੁਲਾਜ਼ਮਾਂ ਦੀ ਤਨਖ਼ਾਹ ਸਮੇਂ ਸਿਰ ਜਾਰੀ ਕੀਤੀ ਜਾਂਦੀ ਹੈ |

ਜਲੰਧਰ ਤੋਂ ਬੱਸਾਂ ਚਲਾਉਣ ਦੀ ਗੱਲ ਕਰੀਏ ਤਾਂ ਦਰਜਨਾਂ ਬੱਸਾਂ ਡਿਪੂਆਂ ਵਿਚ ਖੜ੍ਹੀਆਂ ਰਹਿੰਦੀਆਂ ਹਨ, ਜਿਸ ਕਾਰਨ ਸਵਾਰੀਆਂ (ਖ਼ਾਸ ਕਰ ਕੇ ਔਰਤਾਂ) ਨੂੰ ਖੜ੍ਹੇ ਹੋ ਕੇ ਸਫ਼ਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜੇਕਰ ਵਿਭਾਗ ਨਵੇਂ ਮੁਲਾਜ਼ਮ ਭਰਤੀ ਕਰ ਕੇ ਰੂਟਾਂ ’ਤੇ ਬੱਸਾਂ ਭੇਜਦਾ ਹੈ ਤਾਂ ਇਸ ਨਾਲ ਵਿਭਾਗ ਦੀ ਆਮਦਨ ’ਚ ਵਾਧਾ ਹੋਵੇਗਾ ਅਤੇ ਸਵਾਰੀਆਂ ਨੂੰ ਵੀ ਸਹੂਲਤ ਮਿਲੇਗੀ | ਹੁਣ ਦੇਖਣਾ ਹੋਵੇਗਾ ਕਿ ਨਵੇਂ ਟਰਾਂਸਪੋਰਟ ਮੰਤਰੀ ਵੱਲੋਂ ਕਿਹੜੀਆਂ ਸਕੀਮਾਂ ਬਣਾਈਆਂ ਜਾਣਗੀਆਂ ਅਤੇ ਵਿਭਾਗ ਦੀਆਂ ਗਲਤੀਆਂ ਨੂੰ ਸੁਧਾਰਿਆ ਜਾਵੇਗਾ।
 


Manoj

Content Editor

Related News