ਸੁਪਰੀਮ ਕੋਰਟ ਦੇ ਹੁਕਮਾਂ ''ਤੇ ਇੰਪਰੂਵਮੈਂਟ ਟਰੱਸਟ ਨੇ 19 ਕਿਸਾਨਾਂ ਨੂੰ 85 ਲੱਖ ਦੇ ਚੈੱਕ ਸੌਂਪੇ
Saturday, Nov 09, 2019 - 10:27 AM (IST)

ਜਲੰਧਰ (ਚੋਪੜਾ)— ਮਾਣਯੋਗ ਸੁਪਰੀਮ ਕੋਰਟ 'ਚ ਇਨਹਾਂਸਮੈਂਟ ਨਾਲ ਸਬੰਧਤ ਕੇਸ ਦੀ ਸੁਣਵਾਈ ਤੋਂ ਪਹਿਲਾਂ ਇੰਪਰੂਵਮੈਂਟ ਟਰੱਸਟ ਨੇ 19 ਕਿਸਾਨਾਂ ਨੂੰ ਸਥਾਨਕ ਐਗਜ਼ੀਕਿਊਟਿੰਗ ਕੋਰਟ 'ਚ 85 ਲੱਖ ਰੁਪਏ ਦੇ ਚੈੱਕ ਜਮ੍ਹਾ ਕਰਵਾ ਦਿੱਤੇ ਹਨ। ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਟਰੱਸਟ ਕੱਲ ਤੱਕ ਕਿਸਾਨਾਂ ਨੂੰ ਇਨਹਾਂਸਮੈਂਟ ਦੇ 1 ਕਰੋੜ ਰੁਪਏ ਹੋਰ ਦੇਣ ਦਾ ਪਲਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਜਲਦੀ ਹੀ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਕਿਸਾਨਾਂ ਦਾ 7.75 ਕਰੋੜ ਰੁਪਏ ਦਾ ਬਕਾਇਆ ਅਦਾ ਕਰ ਦਿੱਤਾ ਜਾਵੇਗਾ। ਚੇਅਰਮੈਨ ਆਹਲੂਵਾਲੀਆ ਨੇ ਦੱਸਿਆ ਕਿ ਸੁਪਰੀਮ ਕੋਰਟ 'ਚ ਟਰੱਸਟ ਖਿਲਾਫ ਰਵੀਕਾਂਤ ਅਤੇ ਹੋਰਾਂ ਨੇ ਇਨਹਾਂਸਮੈਂਟ ਦੀ ਵਸੂਲੀ ਸਬੰਧੀ ਕੇਸ ਰੱਖਿਆ ਹੈ, ਜਿਸ 'ਚ 52 ਪਾਰਟੀਆਂ ਹਨ। ਟਰੱਸਟ ਨੇ ਉਨ੍ਹਾਂ 19 ਛੋਟੀ ਰਕਮ ਦੀਆਂ ਪਾਰਟੀਆਂ ਨੂੰ ਭੁਗਤਾਨ ਕਰ ਦਿੱਤਾ ਹੈ, ਜਿਨ੍ਹਾਂ ਦੇ ਇਨਹਾਸਮੈਂਟ ਦੇ ਸਿਰਫ 2 ਤੋਂ ਲੈ ਕੇ 5 ਲੱਖ ਰੁਪਏ ਬਣਦੇ ਸਨ। ਇਸ ਤੋਂ ਇਲਾਵਾ ਇਸ ਕੇਸ ਨਾਲ ਸਬੰਧਤ ਹੋਰ ਕਿਸਾਨਾਂ ਨੂੰ ਇਨਹਾਂਸਮੈਂਟ ਦੀ ਅਦਾਇਗੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਬਾਕੀ 32 ਨੂੰ ਵੀ ਜਲਦੀ ਭੁਗਤਾਨ ਕਰ ਕੇ ਕੇਸ ਨੂੰ ਡਿਸਪੋਜ਼ ਆਫ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਟਰੱਸਟ ਨੂੰ ਜਲਦੀ ਹੀ ਵਿੱਤੀ ਸੰਕਟ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸੂਰਿਆ ਐਨਕਲੇਵ, ਮਹਾਰਾਜ ਰਣਜੀਤ ਸਿੰਘ ਐਵੇਨਿਊ, ਟਰਾਂਸਪੋਰਟ ਨਗਰ ਦੀ ਜ਼ਮੀਨ ਟਰੱਸਟ ਨੂੰ ਵੇਚਣ ਵਾਲੇ ਕਿਸਾਨਾਂ ਟਰੱਸਟ ਖਿਲਾਫ 100 ਕਰੋੜ ਰੁਪਏ ਇਨਹਾਂਸਮੈਂਟ ਬਾਕੀ ਲੈਣੀ ਹੈ। ਟਰੱਸਟ ਨੇ 170 ਏਕੜ ਸੂਰਿਆ ਐਨਕਲੇਵ ਸਕੀਮ ਲਈ ਜ਼ਮੀਨ ਵੇਚਣ ਵਾਲੇ ਕਿਸਾਨਾਂ ਨੂੰ 60 ਕਰੋੜ ਰੁਪਏ ਦੇ ਕਰੀਬ ਇਨਹਾਂਸਮੈਂਟ ਦੇਣੀ ਹੈ। ਇਸ ਮਾਮਲੇ 'ਚ ਟਰੱਸਟ ਦੀ ਈ. ਓ. ਸੁਰਿੰਦਰ ਕੁਮਾਰੀ ਨੇ ਸਹੁੰ ਚੁੱਕ ਕੇ ਪੱਤਰ ਵੀ ਦਰਜ ਕੀਤਾ ਸੀ। ਸੁਪਰੀਮ ਕੋਰਟ 'ਚ 1 ਅਕਤੂਬਰ ਨੂੰ ਸੁਣਵਾਈ 'ਚ ਇਨਹਾਂਸਮੈਂਟ ਦੇਣ 'ਚ ਅਸਫਲ ਰਹਿਣ 'ਤੇ ਅਦਾਲਤ ਨੇ ਸਖਤ ਰਵੱਈਆ ਦਿਖਾਉਂਦੇ ਹੋਏ 4 ਅਕਤੂਬਰ ਦੀ ਤਰੀਕ ਰੱਖੀ ਪਰ ਟਰੱਸਟ ਦੀ ਗੁਜ਼ਾਰਿਸ਼ ਤੋਂ ਬਾਅਦ ਸੁਪਰੀਮ ਕੋਰਟ ਨੇ ਇਨਹਾਂਸਮੈਂਟ ਦਾ ਬਕਾਇਆ ਦੇਣ ਨੂੰ 28 ਦਿਨਾਂ ਦੀ ਮੋਹਲਤ ਦਿੱਤੀ ਸੀ।
ਸੁਪਰੀਮ ਕੋਰਟ 'ਚ ਕੇਸ ਦੀ ਅਗਲੀ ਤਰੀਕ ਅਜੇ ਲੱਗੀ ਨਹੀਂ ਹੈ ਪਰ ਚੇਅਰਮੈਨ ਆਹਲੂਵਾਲੀਆ ਨੇ ਇਸ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਭੁਗਤਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਟਰੱਸਟ ਨੇ ਪੰਜਾਬ ਸਰਕਾਰ ਤੋਂ ਮਨਜ਼ੂਰੀ ਲੈ ਕੇ ਸਤੰਬਰ ਮਹੀਨੇ 'ਚ ਹੀ ਲੈਂਡ ਐਕੂਜ਼ੀਸ਼ਨ ਕਲੈਕਟਰ (ਐੱਲ. ਏ. ਸੀ.) ਤੋਂ 10 ਕਰੋੜ ਰੁਪਏ ਲੈ ਕੇ ਇਨਹਾਂਸਮੈਂਟ ਜਮ੍ਹਾ ਕਰਵਾਈ ਸੀ।