ਧੜੱਲੇ ਨਾਲ ਕੱਟਣੀਆਂ ਸ਼ੁਰੂ ਹੋਈਆਂ ਨਾਜਾਇਜ਼ ਕਾਲੋਨੀਆਂ, ਗਲੀਆਂ ''ਚ ਬਣਨ ਲੱਗੀਆਂ ਦੁਕਾਨਾਂ

06/30/2019 1:07:50 PM

ਜਲੰਧਰ (ਖੁਰਾਣਾ)— ਉਂਝ ਤਾਂ ਨਿਯਮ ਹੈ ਕਿ ਜੇਕਰ ਕੋਈ ਨਾਜਾਇਜ਼ ਕਾਲੋਨੀ ਕੱਟਦਾ ਹੈ ਤਾਂ ਉਸ 'ਤੇ ਤੁਰੰਤ ਐੱਫ. ਆਈ. ਆਰ. ਦਰਜ ਕਰਵਾਈ ਜਾ ਸਕਦੀ ਹੈ ਅਤੇ ਪਾਪਰਾ ਐਕਟ ਦੇ ਤਹਿਤ ਕੇਸ ਚਲਾਇਆ ਜਾ ਸਕਦਾ ਹੈ ਅਤੇ ਇਹ ਨਿਯਮ ਵੀ ਬੜਾ ਸਾਫ ਹੈ ਕਿ ਬਿਲਡਿੰਗ ਬਾਇਲਾਜ ਦੀ ਪਾਲਣਾ ਕੀਤੇ ਬਿਨਾਂ ਕੋਈ ਵੀ ਕਮਰਸ਼ੀਅਲ ਉਸਾਰੀ ਨਹੀਂ ਕੀਤੀ ਜਾ ਸਕਦੀ ਅਤੇ ਨਿਗਮ ਤੁਰੰਤ ਉਸ ਨੂੰ ਡਿਮਾਲਿਸ਼ ਕਰ ਸਕਦਾ ਹੈ। ਉਂਝ ਤਾਂ ਇਹ ਨਿਯਮ ਸਾਰੇ ਸ਼ਹਿਰਾਂ 'ਚ ਲਾਗੂ ਹੁੰਦੇ ਹਨ ਪਰ ਜਲੰਧਰ 'ਚ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਵਾਲੀ ਮਸ਼ੀਨਰੀ ਇਸ ਹੱਦ ਤੱਕ ਲਾਪਰਵਾਹ ਹੈ ਕਿ ਜਲੰਧਰ 'ਚ ਨਾਜਾਇਜ਼ ਕਾਲੋਨੀਆਂ ਦਾ ਕਾਰੋਬਾਰ ਲਗਾਤਾਰ ਵਧਦਾ ਜਾ ਰਿਹਾ ਹੈ। ਨਿਗਮ ਨੂੰ ਨਾਜਾਇਜ਼ ਕਾਲੋਨੀ 'ਚ ਹੋਣ ਵਾਲੀ ਹਰ ਸਰਗਰਮੀ ਦੀ ਜਾਣਕਾਰੀ ਹੁੰਦੀ ਹੈ ਪਰ ਸਿਰਫ ਫਾਈਲ ਦੀ ਖਾਨਾਪੂਰਤੀ ਲਈ ਕਦੀ-ਕਦਾਈਂ ਨਿਗਮ ਨਾਜਾਇਜ਼ ਕਾਲੋਨੀ 'ਤੇ ਕਾਰਵਾਈ ਕਰ ਦਿੰਦਾ ਹੈ ਅਤੇ ਉਹ ਵੀ ਤਦ ਜਦੋਂ ਸੜਕ 'ਤੇ ਸਿਰਫ ਮਿੱਟੀ ਪਾਈ ਹੁੰਦੀ ਹੈ। ਇਹ ਕਾਰਵਾਈ ਕਾਲੋਨਾਈਜ਼ਰ ਦੀ ਸਲਾਹ ਨਾਲ ਹੀ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਕਾਲੋਨੀ ਬਣਨ ਅਤੇ ਪੂਰੀ ਹੋਣ ਦਾ ਰਸਤਾ ਸਾਫ ਹੋ ਜਾਂਦਾ ਹੈ। ਉਥੇ ਸ਼ਹਿਰਾਂ ਦੀਆਂ ਗਲੀਆਂ 'ਚ ਵੀ ਦੁਕਾਨਾਂ ਬਣਨ ਲੱਗੀਆਂ ਹਨ ਅਤੇ ਪੁਛਣ ਵਾਲਾ ਕੋਈ ਨਹੀਂ ਹੈ। ਨਿਗਮ ਦੀ ਇਸ ਢਿੱਲ ਦਾ ਫਾਇਦਾ ਉਠਾ ਕੇ ਸ਼ਹਿਰ 'ਚ ਧੜਾਧੜ ਨਾਜਾਇਜ਼ ਕਾਲੋਨੀਆਂ ਕੱਟਣੀਆਂ ਸ਼ੁਰੂ ਹੋ ਗਈਆਂ ਹਨ। ਕਾਲੀਆ ਕਾਲੋਨੀ ਫੇਜ਼-2 ਦੀ ਐਕਸਟੈਂਸ਼ਨ ਦੇ ਰੂਪ 'ਚ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ 'ਤੇ ਪਿਛਲੇ ਦਿਨੀਂ ਨਿਗਮ ਅਧਿਕਾਰੀ ਹੋ ਕੇ ਵੀ ਆਏ ਹਨ ਪਰ ਫਿਰ ਵੀ ਉਥੇ ਪਲਾਟਿੰਗ ਦਾ ਕੰਮ ਬਿਨਾਂ ਕਿਸੇ ਰੋਕ-ਟੋਕ ਦੇ ਜਾਰੀ ਹੈ। ਇਹ ਕਾਲੋਨੀ ਕਾਫੀ ਵੱਡੇ ਇਲਾਕੇ 'ਚ ਤਿਆਰ ਕੀਤੀ ਜਾ ਰਹੀ ਹੈ। ਇਸ ਕਾਲੋਨੀ ਬਾਰੇ ਲਿਖਤੀ ਸ਼ਿਕਾਇਤਾਂ ਵੀ ਨਿਗਮ ਨੂੰ ਪਹੁੰਚ ਚੁੱਕੀਆਂ ਹਨ ਪਰ ਸਿਆਸੀ ਦਬਾਅ ਕਾਰਨ ਕੋਈ ਕਾਰਵਾਈ ਨਾ ਹੋਣਾ ਇਹ ਦਰਸਾਉਂਦਾ ਹੈ ਕਿ ਨਿਗਮ ਨੂੰ ਕੋਈ ਅਫਸਰ ਨਹੀਂ, ਸਗੋਂ ਕਾਂਗਰਸੀ ਅਫਸਰ ਹੀ ਚਲਾ ਰਹੇ ਹਨ।

PunjabKesari

ਫਗਵਾੜਾ ਗੇਟ 'ਚ ਦੁਕਾਨਾਂ ਬਣਨ ਦੀ ਤਿਆਰੀ
ਉਂਝ ਤਾਂ 8-10 ਫੁੱਟ ਦੀਆਂ ਗਲੀਆਂ 'ਚ ਕਮਰਸ਼ੀਅਲ ਨਿਰਮਾਣ ਹੋ ਸਕਦਾ ਹੈ ਪਰ ਨਗਰ ਨਿਗਮ ਦੀ ਲਾਪਰਵਾਹੀ ਅਤੇ ਖੁੱਲ੍ਹੀ ਛੋਟ ਕਾਰਨ ਤੰਗ ਗਲੀਆਂ 'ਚ ਵੀ ਮਲਟੀਸਟੋਰੀ ਕੰਪਲੈਕਸ ਬਣ ਰਹੇ ਹਨ। ਸਥਾਨਕ ਫਗਵਾੜਾ ਗੇਟ 'ਚ ਰਾਜੂ ਚੀਜ਼ ਕਾਰਨਰ ਦੇ ਸਾਹਮਣੇ ਜੂਸ ਵਾਲੀ ਗਲੀ 'ਚ ਵੀ ਨਾਜਾਇਜ਼ ਦੁਕਾਨਾਂ ਕੱਟੇ ਜਾਣ ਦੀ ਤਿਆਰੀ ਹੈ ਅਤੇ ਇਸ ਦੇ ਲਈ ਵੀਕੈਂਡ ਨੂੰ ਚੁਣਿਆ ਗਿਆ ਹੈ। ਰਿਹਾਇਸ਼ੀ ਮਕਾਨ ਨੂੰ ਕਮਰਸ਼ੀਅਲ 'ਚ ਤਬਦੀਲ ਕਰਨ ਦੀ ਜਾਣਕਾਰੀ ਕੁਝ ਦੁਕਾਨਦਾਰਾਂ ਨੇ ਨਿਗਮ ਨੂੰ ਵੀ ਦੇ ਦਿੱਤੀ ਹੈ ਪਰ ਨਿਗਮ ਵੱਲੋਂ ਕੋਈ ਕਾਰਵਾਈ ਨਾ ਕਰਨਾ ਕਿਸੇ ਨਾ ਕਿਸੇ ਪੱਧਰ 'ਤੇ ਹੋਈ ਸੈਟਿੰਗ ਨੂੰ ਦਰਸਾਉਂਦਾ ਹੈ।

PunjabKesari

ਦਕੋਹਾ 'ਚ ਬਣੀਆਂ ਦੁਕਾਨਾਂ 'ਤੇ ਨਿਗਮ ਨੇ ਕੋਈ ਕਾਰਵਾਈ ਨਹੀਂ ਕੀਤੀ
ਰਾਮਾ ਮੰਡੀ ਤੇ ਦਕੋਹਾ ਖੇਤਰ ਇਸ ਸਮੇਂ ਨਾਜਾਇਜ਼ ਕਾਲੋਨੀਆਂ ਅਤੇ ਨਾਜਾਇਜ਼ ਉਸਾਰੀਆਂ ਦਾ ਗੜ੍ਹ ਬਣਿਆ ਹੋਇਆ ਹੈ। ਹਾਲ ਹੀ 'ਚ ਨਿਗਮ ਨੇ ਇਥੇ ਇਕ ਕਾਲੋਨੀ ਨੂੰ ਤੋੜਿਆ ਪਰ ਅਗਲੇ ਹੀ ਦਿਨ ਉਥੇ ਫਿਰ ਕੰਮ ਸ਼ੁਰੂ ਹੋ ਗਿਆ। ਇਸ ਤੋਂ ਤੁਰੰਤ ਬਾਅਦ ਗੁਰੂ ਅੰਗਦ ਦੇਵ ਸਕੂਲ ਦੇ ਸਾਹਮਣੇ ਨਵੀਂ ਕਾਲੋਨੀ ਕੱਟਣੀ ਸ਼ੁਰੂ ਹੋ ਗਈ, ਜਦੋਂ ਨਿਗਮ ਉਸ ਨੂੰ ਡੇਗਣ ਗਿਆ ਤਾਂ ਕਾਂਗਰਸੀ ਕੌਂਸਲਰਾਂ ਸ਼ਮਸ਼ੇਰ ਸਿੰਘ ਖਹਿਰਾ ਤੇ ਗੁਰਨਾਮ ਸਿੰਘ ਮੁਲਤਾਨੀ ਨੇ ਨਿਗਮ ਦੀਆਂ ਡਿੱਚ ਮਸ਼ੀਨਾਂ ਦਾ ਰਸਤਾ ਰੋਕ ਲਿਆ, ਜਿਸ ਤੋਂ ਬਾਅਦ ਨਿਗਮ ਉਸੇ ਰਸਤੇ ਵਾਪਸ ਪਰਤ ਆਇਆ।
ਕੁਝ ਦਿਨ ਪਹਿਲਾਂ ਹੀ ਦਕੋਹਾ ਤੋਂ ਢਿੱਲਵਾਂ ਪਿੰਡ ਵੱਲ ਜਾਂਦੀ ਸੜਕ ਦੇ ਕਿਨਾਰੇ ਨਾਜਾਇਜ਼ ਤੌਰ 'ਤੇ 6 ਦੁਕਾਨਾਂ ਬਣਾਈਆਂ ਗਈਆਂ ਸਨ, ਜਿਸ ਦੀ ਸ਼ਿਕਾਇਤ ਨਿਗਮ ਨੂੰ ਹੋਈ ਅਤੇ ਮਹਿਲਾ ਇੰਸਪੈਕਟਰ ਅਤੇ ਸੇਵਾਦਾਰ ਨੇ ਉਥੇ ਦੌਰਾ ਵੀ ਕੀਤਾ। ਕੋਈ ਕਾਰਵਾਈ ਕੀਤੇ ਬਗੈਰ ਇਨ੍ਹਾਂ ਦੁਕਾਨਾਂ ਦਾ ਕੰਮ ਪੂਰਾ ਹੋ ਜਾਣ ਦਿੱਤਾ ਗਿਆ ਅਤੇ ਹੁਣ ਉਥੇ ਤਾਜ਼ਾ-ਤਾਜ਼ਾ ਰੰਗ-ਰੋਗਨ ਵੀ ਕਰਵਾ ਦਿੱਤਾ ਗਿਆ ਹੈ। ਇਸ ਮਾਮਲੇ 'ਚ ਵੀ ਕਾਂਗਰਸੀ ਕੌਂਸਲਰ ਦਾ ਪ੍ਰੈਸ਼ਰ ਕੰਮ ਕਰ ਰਿਹਾ ਹੈ, ਜਿਸ ਕਾਰਨ ਨਿਗਮ ਮਜਬੂਰ ਨਜ਼ਰ ਆ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਜੇਕਰ ਇੰਝ ਹੀ ਨਾਜਾਇਜ਼ ਉਸਾਰੀਆਂ 'ਤੇ ਕੋਈ ਕਾਰਵਾਈ ਨਹੀਂ ਹੋਣੀ ਹੈ ਤਾਂ ਨਿਗਮ ਦੇ ਬਿਲਡਿੰਗ ਵਿਭਾਗ ਨੂੰ ਖਤਮ ਕਰਕੇ ਇਸ ਦੇ ਸਟਾਫ ਨੂੰ ਪ੍ਰਾਪਰਟੀ ਟੈਕਸ ਸ਼ਾਖਾ ਭੇਜ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਉਥੋਂ ਕੁਝ ਟੈਕਸ ਇਕੱਠਾ ਕਰਕੇ ਲਿਆਂਦਾ ਜਾ ਸਕੇ।


shivani attri

Content Editor

Related News