30 ਨਾਜਾਇਜ਼ ਬਿਲਡਿੰਗਾਂ ਦਾ ਮਾਮਲਾ ਹਾਈ ਕੋਰਟ ਪਹੁੰਚਿਆ

01/25/2020 11:47:00 AM

ਜਲੰਧਰ (ਖੁਰਾਣਾ)— ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਵੱਲੋਂ ਪਿਛਲੇ ਸਾਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਸ਼ਹਿਰ ਦੀਆਂ 448 ਨਾਜਾਇਜ਼ ਬਿਲਡਿੰਗਾਂ/ਕਾਲੋਨੀਆਂ ਸਬੰਧੀ ਜੋ ਪਟੀਸ਼ਨ ਦਾਇਰ ਕੀਤੀ ਗਈ ਹੈ। ਹੁਣ ਉਸ 'ਚ 30 ਹੋਰ ਨਾਜਾਇਜ਼ ਬਿਲਡਿੰਗਾਂ ਅਤੇ ਨਾਜਾਇਜ਼ ਕਾਲੋਨੀਆਂ ਨੂੰ ਜੋੜ ਦਿੱਤਾ ਗਿਆ ਹੈ, ਜੋ ਇਨ੍ਹੀਂ ਦਿਨੀਂ ਬਣ ਰਹੀਆਂ ਹਨ।

ਨਵੀਆਂ ਬਣ ਰਹੀਆਂ ਨਾਜਾਇਜ਼ ਬਿਲਡਿੰਗਾਂ ਅਤੇ ਕੱਟੀਆਂ ਜਾ ਰਹੀਆਂ ਨਵੀਆਂ ਕਾਲੋਨੀਆਂ ਸਬੰਧੀ ਨਵੀਂ ਸੂਚੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਸੌਂਪਦੇ ਹੋਏ ਪਟੀਸ਼ਨਕਰਤਾ ਦੇ ਵਕੀਲ ਨੇ ਮਾਣਯੋਗ ਅਦਾਲਤ ਕੋਲੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਲੋਕਲ ਰਿਸੀਵਰ ਨਿਯੁਕਤ ਕੀਤਾ ਜਾਵੇ ਤਾਂ ਜੋ ਇਸ ਕੰਮ ਵਿਚ ਨਿਗਮ ਦੀ ਸ਼ਮੂਲੀਅਤ ਸਾਹਮਣੇ ਲਿਆਂਦੀ ਜਾ ਸਕੇ। ਪਤਾ ਲੱਗਾ ਹੈ ਕਿ ਅਦਾਲਤ ਤੋਂ ਇਸ ਮਾਮਲੇ 'ਚ ਨਗਰ ਨਿਗਮ ਅਧਿਕਾਰੀਆਂ ਨੂੰ ਨੋਟਿਸ ਵੀ ਜਾਰੀ ਹੋ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਨਵੀਆਂ ਬਣ ਰਹੀਆਂ ਬਿਲਡਿੰਗਾਂ ਅਤੇ ਕਾਲੋਨੀਆਂ 'ਤੇ ਵੀ ਕਾਰਵਾਈ ਹੋ ਸਕਦੀ ਹੈ। ਮਾਮਲੇ ਦੀ ਅਗਲੀ ਸੁਣਵਾਈ 27 ਫਰਵਰੀ ਨੂੰ ਹੋਣੀ ਹੈ।

ਕਾਂਗਰਸੀ ਆਗੂ ਪਹਿਲਾਂ ਹੀ ਪ੍ਰੇਸ਼ਾਨ
ਹਾਈ ਕੋਰਟ 'ਚ 448 ਨਾਜਾਇਜ਼ ਬਿਲਡਿੰਗਾਂ ਬਾਰੇ ਦਾਇਰ ਪਟੀਸ਼ਨ ਨਾਲ ਸ਼ਹਿਰ ਦੇ ਕਾਂਗਰਸੀ ਆਗੂ ਪਹਿਲਾਂ ਹੀ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਕਿਉਂਕਿ ਜ਼ਿਆਦਾ ਬਿਲਡਿੰਗਾਂ ਨੂੰ ਬਣਾਉਣ ਪਿੱਛੇ ਨੇਤਾਵਾਂ ਦੀ ਸਰਪ੍ਰਸਤੀ ਮੰਨੀ ਜਾਂਦੀ ਹੈ। ਹੁਣ ਇਸ ਸੂਚੀ 'ਚ 30 ਹੋਰ ਬਿਲਡਿੰਗਾਂ/ਕਾਲੋਨੀਆਂ ਦਾ ਵਾਧਾ ਹੋਣ ਨਾਲ ਕਾਂਗਰਸੀ ਆਗੂਆਂ ਦੀ ਪ੍ਰੇਸ਼ਾਨੀ ਹੋਰ ਵਧ ਸਕਦੀ ਹੈ। ਇੰਨਾ ਜ਼ਰੂਰ ਹੈ ਕਿ ਹਾਈ ਕੋਰਟ 'ਚ ਮਾਮਲਾ ਹੋਣ ਕਾਰਣ ਹੁਣ ਿਨਗਮ ਅਧਿਕਾਰੀਆਂ ਨੇ ਇਸ ਮਾਮਲੇ 'ਚ ਰਾਜਸੀ ਆਗੂਆਂ ਦੀ ਦਖਲਅੰਦਾਜ਼ੀ ਨੂੰ ਮੰਨਣਾ ਬੰਦ ਕਰ ਦਿੱਤਾ ਹੈ।

ਇਨ੍ਹਾਂ ਬਿਲਡਿੰਗਾਂ/ਕਾਲੋਨੀਆਂ ਦੀ ਸੂਚੀ ਹਾਈ ਕੋਰਟ ਪਹੁੰਚੀ
ਵੇਰਕਾ ਮਿਲਕ ਪਲਾਂਟ ਦੇ ਿਪੱਛੇ ਕੱਟੀ ਜਾ ਰਹੀ ਕਾਲੋਨੀ
ਕਾਲੀਆ ਕਾਲੋਨੀ ਦੇ ਕੋਲ ਗੁਰੂ ਰਾਮਦਾਸ ਨਗਰ ਫੇਜ਼-2 ਵਿਚ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ
ਖਾਂਬੜਾ ਵਿਚ ਗੌਰਵ ਨਾਂ ਦੇ ਬਿਲਡਰ ਵਲੋਂ ਕੱਟੀ ਜਾ ਰਹੀ ਕਾਲੋਨੀ, ਜਿਸ ਨੂੰ ਕੁਝ ਦੇਰ ਪਹਿਲਾਂ ਨਿਗਮ ਨੇ ਤੋੜਿਆ ਵੀ ਸੀ
ਅਜੀਤ ਵਿਹਾਰ ਵਿਚ ਕੱਟੀ ਜਾ ਰਹੀ ਕਾਲੋਨੀ
ਸੁਦਾਮਾ ਵਿਹਾਰ ਖੁਰਲਾ ਕਿੰਗਰਾ ਵਿਚ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ, ਜਿਸਨੂੰ ਨਿਗਮ ਨੇ ਕੁਝ ਸਮਾਂ ਪਹਿਲਾਂ ਡਿੱਚ ਨਾਲ ਤੋੜਿਆ ਸੀ
ਖੰਡਾਲਾ ਫਾਰਮ ਦੇ ਕੋਲ ਕੱਟੀ ਜਾ ਰਹੀ ਕਾਲੋਨੀ
ਮਿੱਠਾਪੁਰ 'ਚ ਇਕ ਵਿਧਾਇਕ ਦੇ ਪੀ. ਏ. ਵਲੋਂ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ
ਪੰਜਾਬੀ ਬਾਗ 66 ਫੁੱਟ ਰੋਡ 'ਤੇ ਕੱਟੀ ਜਾ ਰਹੀ ਕਾਲੋਨੀ
ਅਟਾਰੀ ਬਾਜ਼ਾਰ ਿਵਚ ਨਾਜਾਇਜ਼ ਤੌਰ 'ਤੇ ਬਣ ਰਹੀਆਂ 36 ਦੁਕਾਨਾਂ ਵਾਲੀ ਮਾਰਕੀਟ
ਕਾਲਾ ਸੰਘਿਆਂ ਰੋਡ 'ਤੇ ਕੱਟੀ ਜਾ ਰਹੀ ਕਾਲੋਨੀ
ਸ਼ਿਵ ਵਿਹਾਰ ਸੰਘਾ ਚੌਕ ਵਿਚ 3 ਮੰਜ਼ਿਲਾ ਸ਼ੋਅਰੂਮ
ਲਸੂੜੀ ਮੁਹੱਲਾ ਬਸਤੀ ਦਾਨਿਸ਼ਮੰਦਾਂ ਵਿਚ ਕੱਟੇ ਜਾ ਰਹੇ ਪਲਾਟ
ਬੀ. ਐੱਮ. ਸੀ. ਚੌਕ ਕੋਲ ਬਣ ਰਹੀ ਬਿਲਡਿੰਗ
ਲਤੀਫਪੁਰਾ ਵਿਚ ਪੈਟਰੋਲ ਪੰਪ ਦੇ ਸਾਹਮਣੇ ਹਾਲ ਹੀ ਵਿਚ ਬਣੀਆਂ ਕਰੀਬ 10 ਦੁਕਾਨਾਂ
ਦੋਮੋਰੀਆ ਪੁਲ ਕੋਲ ਇਕ ਬੇਕਰੀ ਵਾਲੀ ਬਿਲਡਿੰਗ

ਹਾਈ ਕੋਰਟ ਨੂੰ ਸੌਂਪੀਆਂ ਗਈਆਂ 100 ਫੋਟੋਆਂ
ਪਟੀਸ਼ਨਕਰਤਾ ਦੇ ਵਕੀਲ ਨੇ ਹਾਈਕੋਰਟ 'ਚ ਦਿੱਤੀ ਗਈ ਨਵੀਂ ਸੂਚੀ ਵਿਚ ਜਿਥੇ 30 ਨਾਜਾਇਜ਼ ਬਿਲਡਿੰਗਾਂ ਅਤੇ ਨਾਜਾਇਜ਼ ਕਾਲੋਨੀਆਂ ਦਾ ਜ਼ਿਕਰ ਕੀਤਾ ਹੈ, ਉਥੇ ਇਨ੍ਹਾਂ ਬਾਰੇ 100 ਫੋਟੋਆਂ ਆਪਣੀ ਸ਼ਿਕਾਇਤ ਦੇ ਨਾਲ ਅਟੈਚ ਕੀਤੀਆਂ ਹਨ। ਇਹ ਸਾਰੀਆਂ ਫੋਟੋਆਂ ਇਨ੍ਹੀਂ ਦਿਨੀਂ ਬਣ ਰਹੀਆਂ ਨਾਜਾਇਜ਼ ਬਿਲਡਿੰਗਾਂ ਅਤੇ ਨਾਜਾਇਜ਼ ਕਾਲੋਨੀਆਂ ਨਾਲ ਸਬੰਧਤ ਹਨ।


shivani attri

Content Editor

Related News