ਕਰੀਬ 40 ਸਾਲ ਪਹਿਲਾਂ ਦਾਦਾ ਸਨ ਨਿਗਮ ਕਮਿਸ਼ਨਰ, ਹੁਣ ਪੋਤਰੇ ਨੇ ਸੰਭਾਲੀ ਉਹੀ ਕੁਰਸੀ
Friday, Nov 04, 2022 - 12:30 PM (IST)

ਜਲੰਧਰ (ਖੁਰਾਣਾ)– ਪੰਜਾਬ ਸਰਕਾਰ ਨੇ ਹਾਲ ਹੀ ਵਿਚ ਆਈ. ਏ. ਐੱਸ. ਅਧਿਕਾਰੀ ਦਵਿੰਦਰ ਸਿੰਘ ਦੀ ਥਾਂ ਨੌਜਵਾਨ ਆਈ. ਏ. ਐੱਸ. ਅਭਿਜੀਤ ਕਪਲਿਸ਼ ਨੂੰ ਜਲੰਧਰ ਨਿਗਮ ਦਾ ਨਵਾਂ ਕਮਿਸ਼ਨਰ ਲਾਇਆ ਹੈ, ਜਿਨ੍ਹਾਂ ਵੀਰਵਾਰ ਰਸਮੀ ਰੂਪ ਵਿਚ ਆਪਣਾ ਚਾਰਜ ਸੰਭਾਲ ਲਿਆ। ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਵਿਚ ਨਵੇਂ ਕਮਿਸ਼ਨਰ ਅਭਿਜੀਤ ਨੇ ਕਿਹਾ ਕਿ ਅਜੇ ਉਹ ਸ਼ਹਿਰ ਨੂੰ ਵੇਖਣਾ ਅਤੇ ਸਮਝਣਾ ਚਾਹੁੰਦੇ ਹਨ, ਜਿਸ ਤੋਂ ਬਾਅਦ ਹੀ ਉਹ ਕੁਝ ਕਹਿ ਸਕਣ ਦੀ ਹਾਲਤ ਵਿਚ ਹੋਣਗੇ। ਫਿਰ ਵੀ ਸਰਕਾਰ ਅਤੇ ਲੋਕਲ ਬਾਡੀਜ਼ ਪੱਧਰ ’ਤੇ ਸ਼ਹਿਰ ਦੀ ਸਾਫ਼-ਸਫ਼ਾਈ, ਸੜਕਾਂ, ਪਾਣੀ, ਸੀਵਰ ਅਤੇ ਸਟਰੀਟ ਲਾਈਟਾਂ ਉਨ੍ਹਾਂ ਦੀ ਪਹਿਲ ’ਤੇ ਰਹਿਣਗੀਆਂ।
ਕਮਿਸ਼ਨਰ ਨੇ ਕਿਹਾ ਕਿ ਨਿਗਮ ਵਿਚ ਜਿਹੜੇ ਵੀ ਲੋਕ ਸ਼ਿਕਾਇਤਾਂ ਆਦਿ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਪੂਰੀ ਤਵੱਜੋ ਮਿਲੇ ਅਤੇ ਨਾਜਾਇਜ਼ ਕੰਮਾਂ ਨੂੰ ਨਿਯਮਾਂ ਦੇ ਘੇਰੇ ਵਿਚ ਲਿਆ ਕੇ ਉਨ੍ਹਾਂ ਨੂੰ ਰੋਕਿਆ ਜਾਵੇ ਜਾਂ ਰੈਗੂਲਰ ਕੀਤਾ ਜਾਵੇ, ਇਸ ਦਿਸ਼ਾ ਵਿਚ ਵੀ ਕੰਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ, ਭੁਲੱਥ ਵਿਖੇ ਛੱਪੜ ਨੇੜਿਓਂ ਮਿਲਿਆ ਬੱਚੇ ਦਾ ਭਰੂਣ
ਜ਼ਿਕਰਯੋਗ ਹੈ ਕਿ ਪਹਿਲੇ ਦਿਨ ਨਵੇਂ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਕੋਈ ਰਸਮੀ ਮੀਟਿੰਗ ਤਾਂ ਨਹੀਂ ਕੀਤੀ ਪਰ ਜਾਣ-ਪਛਾਣ ਦੌਰਾਨ ਸ਼ਹਿਰ ਬਾਰੇ ਫੀਡਬੈਕ ਜ਼ਰੂਰ ਲਈ। ਪਤਾ ਲੱਗਾ ਹੈ ਕਿ ਨਵੇਂ ਕਮਿਸ਼ਨਰ ਅਭਿਜੀਤ ਕਪਲਿਸ਼ ਦੇ ਦਾਦਾ ਏ. ਸੀ. ਸ਼ਰਮਾ 1983-84 ਵਿਚ ਜਲੰਧਰ ਮਿਊਂਸੀਪਲ ਕਮੇਟੀ ਦੇ ਕਮਿਸ਼ਨਰ ਰਹਿ ਚੁੱਕੇ ਹਨ ਪਰ ਬਤੌਰ ਆਈ. ਏ. ਐੱਸ. ਅਭਿਜੀਤ ਦੀ ਜਲੰਧਰ ਦੀ ਇਹ ਪਹਿਲੀ ਪੋਸਟਿੰਗ ਹੈ।
ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਜਲੰਧਰ ਨਾਲ ਲਿੰਕ ਦੇ ਸਵਾਲ 'ਤੇ ਕਿਹਾ ਕਿ ਉਹ ਇਥੇ ਕਦੇ-ਕਦੇ ਆਏ ਹਨ ਪਰ ਉਨ੍ਹਾਂ ਦੇ ਦਾਦਾ, ਨਾਨਾ ਅਤੇ ਪਿਤਾ ਦਾ ਇਥੋਂ ਨਾਲ ਪੁਰਾਣਾ ਸੰਬੰਧ ਰਿਹਾ ਹੈ। ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਦਾਦਾ ਜੀ ਏ. ਸੀ. ਸ਼ਰਮਾ ਜਲੰਧਰ ਨਗਰ ਨਿਗਮ, ਜਦੋਂ ਉਹ 1983-84 ਵਿਚ ਕਮੇਟੀ ਹੁੰਦੀ ਸੀ ਤਾਂ ਉਸ ਸਮੇਂ ਕਮਿਸ਼ਨਰ ਰਹੇ ਹਨ। ਉਸ ਦੌਰਾਨ ਜਲੰਧਰ ਵਿਚ ਹੜ੍ਹ ਆਇਆ ਸੀ ਅਤੇ ਸ਼ਹਿਰ ਦਾ ਇਕ ਹਿੱਸਾ ਡੁੱਬ ਗਿਆ ਸੀ।
ਨਿਗਮ ਕਮਿਸ਼ਨਰ ਅਭਿਜੀਤ ਮੁਤਾਬਕ ਉਨ੍ਹਾਂ ਦੇ ਦਾਦਾ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ 107 ਸਾਲਾਂ ਬਾਅਦ ਸ਼ਹਿਰ ਵਿਚ ਹੜ੍ਹ ਆਇਆ ਸੀ ਅਤੇ ਮਾਤਾ ਦਾ ਇਕ ਮੰਦਿਰ ਵੀ ਡੁੱਬ ਗਿਆ ਸੀ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਬਾਕੀ ਮੈਂ ਪੰਜਾਬੀ ਬੰਦਾ ਹਾਂ, ਤਾਂ ਜਲੰਧਰ ਨਾਲ ਕੋਈ ਨਾ ਕੋਈ ਲਿੰਕ ਨਿਕਲ ਹੀ ਆਉਣਾ ਹੈ। ਹੱਸਦੇ ਹੋਏ ਉਨ੍ਹਾਂ ਕਿਹਾ ਕਿ ਮੇਰੀ ਨਾਨੀ ਵੀ ਕੇ. ਐੱਮ. ਵੀ. ਵਿਚ ਪੜ੍ਹੇ ਹਨ। ਪਿਤਾ ਡੀ. ਸੀ. ਦਫ਼ਤਰ ਵਿਚ ਸੁਪਰਿੰਟੈਂਡੈਂਟ ਰਹੇ ਹਨ। ਜਲੰਧਰ ਮੇਰੇ ਲਈ ਆਪਣਾ ਹੀ ਸ਼ਹਿਰ ਹੈ।
ਇਹ ਵੀ ਪੜ੍ਹੋ : NRI ਪਤੀ ਦਾ ਕਾਰਾ ਜਾਣ ਉੱਡ ਜਾਣਗੇ ਹੋਸ਼, ਭੇਸ ਬਦਲ ਕੇ ਰਚਾ ਚੁੱਕੈ 3 ਵਿਆਹ, ਇੰਝ ਖੁੱਲ੍ਹਿਆ ਭੇਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।