ਸੜਕ ਹਾਦਸੇ ਦੌਰਾਨ ਪਤੀ-ਪਤਨੀ ਗੰਭੀਰ ਜ਼ਖ਼ਮੀ, ਦਰੱਖ਼ਤ ਨਾਲ ਟਕਰਾਈ ਕਾਰ
Monday, Apr 24, 2023 - 05:41 PM (IST)

ਨੂਰਪੁਰਬੇਦੀ (ਭੰਡਾਰੀ)- ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਮਾਣਕੂ ਮਾਜਰਾ ਵਿਖੇ ਅੱਜ ਬਾਅਦ ਦੁਪਹਿਰ ਇਕ ਤੇਜ਼ ਰਫ਼ਤਾਰ ਟਿੱਪਰ ਨੇ ਸੜਕ ਕਿਨਾਰੇ ਖੜ੍ਹੇ ਇਕ ਮੋਟਰਸਾਈਕਲ ਅਤੇ ਸਵਿੱਫਟ ਡਿਜਾਇਰ ਕਾਰ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਪਤੀ-ਪਤਨੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮੋਹਾਲੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਜਦਕਿ ਇਸ ਹਾਦਸੇ ’ਚ ਉਕਤ ਕਾਰ ਜਿਸ ’ਚ ਕੋਈ ਸਵਾਰ ਨਹੀਂ ਸੀ, ਉਹ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਾਣਕੂ ਮਾਜਾਰਾ ਵਿਖੇ ਜਦੋਂ ਇਕ ਪਤੀ-ਪਤਨੀ ਪੰਜਾਬ ਗ੍ਰਾਮੀਣ ਬੈਂਕ ਨੂੰ ਜਾਣ ਲਈ ਸੜਕ ਕਿਨਾਰੇ ਮੋਟਰਸਾਈਕਲ ਖੜ੍ਹਾ ਕਰਕੇ ਉਤਰਣ ਲੱਗੇ ਤਾਂ ਨੂਰਪੁਰਬੇਦੀ ਵੱਲੋਂ ਆ ਰਹੇ ਹਿਮਾਚਲ ਨੰਬਰੀ ਤੇਜ਼ ਰਫ਼ਤਾਰ ਟਿੱਪਰ ਨੇ ਪਿੱਛੇ ਤੋਂ ਉਕਤ ਮੋਟਰਸਾਈਕਲ ’ਚ ਜ਼ੋਰਦਾਰ ਟੱਕਰ ਮਾਰੀ। ਜਿਸ ਦੇ ਚੱਲਦਿਆਂ ਮੋਟਰਸਾਈਕਲ ਤੋਂ ਉਤਰ ਰਹੇ ਪਤੀ-ਪਤਨੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਦੋਹਾਂ ਨੂੰ ਆਸ-ਪਾਸ ਤੋਂ ਇਕੱਠੇ ਹੋਏ ਲੋਕਾਂ ਨੇ ਇਲਾਜ ਲਈ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਪਹੁੰਚਾਇਆ। ਇਸ ਦੌਰਾਨ ਉਕਤ ਤੇਜ਼ ਰਫ਼ਤਾਰ ਟਿੱਪਰ ਨੇ ਉਕਤ ਮੋਟਰਸਾਈਕਲ ਤੋਂ ਅੱਗੇ ਖੜ੍ਹੀ ਇਕ ਸਵਿੱਫਟ ਡਿਜ਼ਾਇਰ ਟੈਕਸੀ ਕਾਰ ਨੂੰ ਵੀ ਟੱਕਰ ਮਾਰੀ, ਜੋ ਅੱਗੇ ਦਰੱਖ਼ਤ ਨਾਲ ਟਕਰਾਉਣ ’ਤੇ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ 'ਤੇ ਬੋਲੇ ਕੈਪਟਨ ਅਮਰਿੰਦਰ ਸਿੰਘ, ਕਹੀ ਇਹ ਗੱਲ
ਉਕਤ ਕਾਰ ਸਵਾਰ ਵੀ ਬੈਂਕ ਵਿਖੇ ਕਿਸੇ ਕੰਮ ਲਈ ਗਏ ਹੋਣ ਕਾਰਨ ਵਾਲ-ਵਾਲ ਬਚ ਗਏ। ਸਰਕਾਰੀ ਹਸਪਤਾਲ ਸਿੰਘਪੁਰ ਦੇ ਐੱਸ. ਐੱਮ. ਓ. ਡਾ. ਵਿਧਾਨ ਚੰਦਰ ਨੇ ਦੱਸਿਆ ਕਿ ਜ਼ਖ਼ਮੀ ਹੋਏ ਪਤੀ-ਪਤਨੀ ਜੋ ਪਿੰਡ ਘਾਹੀਮਾਜਰਾ ਨਾਲ ਸਬੰਧਿਤ ਦੱਸੇ ਜਾ ਰਹੇ ਹਨ, ਨੂੰ ਮੁੱਢਲੀ ਡਾਕਟਰੀ ਸਹਾਇਤਾ ਉਪਰੰਤ ਇਲਾਜ ਲਈ ਮੋਹਾਲੀ ਸਥਿਤ ਹਸਪਤਾਲ ਵਿਖੇ ਰੈਫਰ ਕੀਤਾ ਜਾ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਲੋੜੀਂਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕਪੂਰਥਲਾ ਦੇ ਗੁਰਦੁਆਰਾ ਸਾਹਿਬ 'ਚ ਨਿਹੰਗਾਂ ਵਿਚਾਲੇ ਹੋਈ ਜ਼ਬਰਦਸਤ ਝੜਪ, ਚੱਲੀਆਂ ਤਲਵਾਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।